Home crime ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਪੇਪਰਾਂ ’ਚ ਨਾ ਬੈਠ ਸਕਣ ਤੇ...

ਪ੍ਰਾਈਵੇਟ ਸਕੂਲ ਪ੍ਰਬੰਧਕਾਂ ਦੀ ਲਾਪਰਵਾਹੀ ਕਾਰਨ ਪੇਪਰਾਂ ’ਚ ਨਾ ਬੈਠ ਸਕਣ ਤੇ ਬੱਚਿਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ

58
0


ਵਿਧਾਇਕ ਦੇ ਭਰੋਸੇ ਦੇ ਬਾਵਜੂਦ ਨਹੀਂ ਹੋਇਆ ਹੱਲ, ਏਡੀਸੀ ਨੇ ਓਪਨ ਕੈਟਾਗਰੀ ਵਿੱਚ ਪ੍ਰੀਖਿਆ ਕਰਵਾਉਣ ਦਾ ਦਿੱਤਾ ਭਰੋਸਾ
ਜਗਰਾਓਂ, 27 ਮਾਰਚ ( ਭਗਵਾਨ ਭੰਗੂ, ਵਿਕਾਸ ਮਠਾੜੂ, ਮੋਹਿਤ ਜੈਨ )-ਇੱਥੋਂ ਨੇੜਲੇ ਪਿੰਡ ਕਾਉਂਕੇ ਕਲਾਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸਕੂਲ ਵਿੱਚ ਪੜ੍ਹਦੇ 26 ਵਿਦਿਆਰਥੀਆਂ ਨੂੰ ਸੋਮਵਾਰ ਨੂੰ ਵੀ ਪੇਪਰਾਂ ਵਿਚ ਨਾ ਬੈਠਣ ਦੇਣ ਕਾਰਨ ਉਨ੍ਹਾਂ ਦੇ ਡੁੱਬਦੇ ਭਵਿੱਖ ਨੂੰ ਦੇਖਦੇ ਹੋਏ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਸਕੂਲ ਵਿੱਚ ਪਹੁੰਚ ਕੇ ਭਾਰੀ ਰੋਸ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ 24 ਮਾਰਚ ਦਿਨ ਸ਼ਨੀਵਾਰ ਨੂੰ ਬੱਚਿਆਂ ਵੱਲੋਂ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਸਕੂਲ ਮੈਨੇਜਮੈਂਟ ਖ਼ਿਲਾਫ਼ ਦਿੱਤੀ ਸ਼ਿਕਾਇਤ ਦੇ ਮੱਦੇਨਜ਼ਰ ਡੀ.ਐਸ.ਪੀ ਹਰਦੀਪ ਸਿੰਘ ਚੀਮਾ ਅਤੇ ਪੁਲੀਸ ਚੌਕੀ ਕਾਉਂਕੇ ਕਲਾਂ ਦੇ ਇੰਚਾਰਜ ਜਗਰਾਜ ਸਿੰਘ ਸਕੂਲ ਜਾਂਚ ਲਈ ਪਹੁੰਚੇ। ਇਸ ਮੌਕੇ ਡੀ.ਐਸ.ਪੀ. ਨੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਤੋਂ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ।  ਇਸ ਸਾਰੀ ਕਾਰਵਾਈ ਦੌਰਾਨ ਸਕੂਲ ਪ੍ਰਿੰਸੀਪਲ ਸਮੇਤ ਕੋਈ ਵੀ ਪ੍ਰਬੰਧਕ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਨਹੀਂ ਪਹੁੰਚਿਆ।  ਜਿਸ ਕਾਰਨ ਮੌਕੇ ’ਤੇ ਲੋਕਾਂ ’ਚ ਭਾਰੀ ਰੋਸ ਦੇਖਣ ਨੂੰ ਮਿਲਿਆ।
ਇਹ ਸੀ ਮਾਮਲਾ- ਪਿੰਡ ਕਾਉਂਕੇ ਕਲਾਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਵਿੱਚ ਦਸਵੀਂ ਜਮਾਤ ਵਿੱਚ ਪੜ੍ਹਦੇ 26 ਬੱਚਿਆਂ ਨੂੰ ਸਕੂਲ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਇਸ ਸਾਲ ਪੇਪਰਾਂ ਵਿੱਚ ਰੋਲ ਨੰਬਰ ਨਹੀਂ ਦਿੱਤੇ ਗਏ।  ਇਸ ਦੀ ਬਜਾਏ ਸਕੂਲ ਮੈਨੇਜਮੈਂਟ ਨੇ ਉਨਾਂ ਨੂੰ ਪਰਚੀ ’ਤੇ ਰੋਲ ਨੰਬਰ ਲਿਖ ਕੇ ਪਕੜਾ ਦਿਤੇ ਗਏ ਸਨ ਅਤੇ ਸ਼ਨੀਵਾਰ ਨੂੰ ਪ੍ਰੀਖਿਆ ਦੇਣ ਲਈ ਜਗਰਾਉਂ ਦੇ ਐਸਬੀਬੀਐਸ ਖਾਲਸਾ ਸਕੂਲ ਭੇਜ ਦਿੱਤਾ।  ਉੱਥੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਾ ਕਿ ਬੋਰਡ ਵੱਲੋਂ ਉਨ੍ਹਾਂ ਦੇ ਰੋਲ ਨੰਬਰ ਵੀ ਜਾਰੀ ਨਹੀਂ ਕੀਤੇ ਗਏ।  ਉਸ ਸਮੇਂ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸਕੂਲ ਮੈਨੇਜਮੈਂਟ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧਿਕਾਰੀ ਉੱਥੇ ਪੁੱਜਣਗੇ ਅਤੇ ਉਹ ਤੁਹਾਨੂੰ ਪ੍ਰੀਖਿਆ ਵਿੱਚ ਬਿਠਾਉਣਗੇ ਪਰ ਕੋਈ ਵੀ ਉੱਥੇ ਨਹੀਂ ਪਹੁੰਚਿਆ। ਜਿਸ ’ਤੇ ਸਮੂਹ ਪੀੜਤ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਸਮੇਤ ਜਗਰਾਉਂ ਪਹੁੰਚ ਕੇ ਆਪਣਾ ਰੋਸ ਜਾਹਿਰ ਕੀਤਾ ਅਤੇ ਐਸ ਐਸ ਪੀ ਨੂੰ ਸ਼ਿਕਾਇਤ ਦਰਜ ਕਰਵਾਈ।
ਵਿਧਾਇਕ ਮਾਣੂੰਕੇ ਨੂੰ ਮਿਲੇ ਸਭ ਤੋਂ ਪਹਿਲਾਂ- ਸ਼ਨੀਵਾਰ ਨੂੰ ਐਸਬੀਬੀਐਸ ਖਾਲਸਾ ਸਕੂਲ ਵਿੱਚ 26 ਵਿਦਿਆਰਥੀਆਂ ਨੂੰ ਫਾਈਨਲ ਪੇਪਰਾਂ ਲਈ ਨਾ ਬੈਠਣ ਦਿੱਤਾ ਗਿਆ ਤਾਂ ਉਨ੍ਹਾਂ ਬੱਚਿਆਂ ਨੇ ਆਪਣੇ ਪਰਿਵਾਰਾਂ ਨੂੰ ਬੁਲਾਇਆ। ਉਸ ਮੌਕੇ ਸਭ ਤੋਂ ਪਹਿਲਾਂ ਸਾਰੇ ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦੇ ਦਫ਼ਤਰ ਪੁੱਜੇ।  ਉੱਥੇ ਹੀ ਵਿਧਾਇਕਾ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਿੱਖਿਆ ਮੰਤਰੀ ਨਾਲ ਗੱਲ ਕਰਕੇ ਉਨ੍ਹਾਂ ਦੇ ਪੇਪਰ ਕਰਵਾਉਣਗੇ। ਉਥੋਂ ਉਨ੍ਹਾਂ ਨੂੰ ਭਰੋਸਾ ਦੇ ਕੇ ਭੇਜ ਦਿਤਾ ਗਿਆ। ਉਸ ਤੋਂ ਬਾਅਦ ਮੁੜ 27 ਮਾਰਚ ਨੂੰ ਬੱਚਿਆਂ ਨੂੰ ਪੇਪਰ ਦੇਣ ਲਈ ਸਕੂਲ ਨਹੀਂ ਬੈਠਣ ਦਿੱਤਾ ਗਿਆ।  ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਆਪਣੀਆਂ ਮੁਸ਼ਕਿਲਾਂ ਨੂੰ ਲੈ ਕੇ ਪਹਿਲਾਂ ਵਿਧਾਇਕ ਮਾਣੂੰਕੇ ਨੂੰ ਮਿਲੇ ਸਨ ਪਰ ਉਨ੍ਹਾਂ ਨੇ ਸਿਰਫ਼ ਭਰੋਸਾ ਹੀ ਦਿੱਤਾ ਤੇ ਕੋਈ ਕਾਰਵਾਈ ਨਹੀਂ ਹੋਈ।  ਜੇਕਰ ਵਿਧਾਇਕਾ ਨੇ ਸਿੱਖਿਆ ਮੰਤਰੀ ਨਾਲ ਦਿਲਚਸਪੀ ਲੈ ਕੇ ਗੱਲ ਕੀਤੀ ਹੁੰਦੀ ਤਾਂ ਅੱਜ ਸਾਰੇ ਬੱਚੇ ਪੇਪਰਾਂ ਵਿੱਚ ਬੈਠੇ ਹੁੰਦੇ।
ਏਡੀਸੀ ਨੇ ਦਿੱਤਾ ਭਰੋਸਾ- ਸੋਮਵਾਰ ਨੂੰ ਜਦੋਂ ਪਿੰਡ ਵਾਸੀ, ਵਿਦਿਆਰਥੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਕੂਲ ਵਿੱਚ ਪੁੱਜੇ ਅਤੇ ਪ੍ਰਦਰਸ਼ਨ ਕੀਤਾ ਤਾਂ ਡੀਐਸਪੀ ਹਰਦੀਪ ਸਿੰਘ ਚੀਮਾ ਮੌਕੇ ’ਤੇ ਪੁੱਜੇ।  ਉਨ੍ਹਾਂ ਪੀੜਤਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੇਪਰ ਦਿਵਾਉਣ ਦੇ ਮਾਮਲੇ ਵਿੱਚ ਉਹ ਕੁਝ ਨਹੀਂ ਕਰ ਸਕਦੇ, ਸਗੋਂ ਸ਼ਿਕਾਇਤ ਦੀ ਪੜਤਾਲ ਕਰਨ ਆਏ ਹਨ।  ਪੁਲੀਸ ਅਧਿਕਾਰੀਆਂ ਦੇ ਜਾਣ ਤੋਂ ਬਾਅਦ ਵਿਦਿਆਰਥੀ, ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਇਕੱਠੇ ਹੋ ਕੇ ਏਡੀਸੀ ਦਫ਼ਤਰ ਜਗਰਾਉਂ ਪੁੱਜੇ।
ਕੀ ਕਹਿਣਾ ਹੈ ਏਡੀਸੀ ਦਾ- ਇਸ ਸਬੰਧੀ ਏਡੀਸੀ ਅਮਿਤ ਸਰੀਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਦੇ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੇ ਬੱਚੇ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਉਨ੍ਹਾਂ ਕੋਲ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਅਸੀਂ ਇਸ ਮਾਮਲੇ ਸਬੰਧੀ ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਨਾਲ ਗੱਲ ਕੀਤੀ ਹੈ।  ਇਹ ਸਾਰੇ ਬੱਚੇ ਹੁਣ ਹੋ ਰਹੇ ਪੇਪਰਾਂ ਵਿੱਚ ਨਹੀਂ ਬੈਠ ਸਕਣਗੇ ਪਰ ਪੇਪਰਾਂ ਤੋਂ ਬਾਅਦ ਨਵੀਂ ਡੇਟਸ਼ੀਟ ਤਿਆਰ ਕਰਕੇ ਡੇਢ ਤੋਂ ਦੋ ਮਹੀਨੇ ਬਾਅਦ ਓਪਨ ਕੈਟਾਗਰੀ ਵਿੱਚ ਪੇਪਰ ਲਏ ਜਾਣਗੇ।  ਇਨ੍ਹਾਂ ਦਾ ਸਾਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here