ਜਗਰਾਉਂ, 27 ਜੂਨ ( ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਥਾਣਾ ਸਿੱਧਵਾਂਬੇਟ, ਥਾਣਾ ਸਿਟੀ ਜਗਰਾਓਂ ਅਤੇ ਥਾਣਾ ਜੋਧਾ ਦੀਆਂ ਪੁਲਿਸ ਪਾਰਟੀਆਂ ਵਲੋਂ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 40 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 20 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਪੱਕੀ ਸੜਕ ਬੰਨ੍ਹ ਦਰਿਆ ਰਾਹੀਂ ਪਿੰਡ ਅੱਬੂਪੁਰਾ ਤੋਂ ਸ਼ਫੀਪੁਰਾ ਨੂੰ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਬੰਨ੍ਹ ਨੇੜੇ ਪੁੱਜੀ ਤਾਂ ਇੱਕ ਵਿਅਕਤੀ ਖੁਰਸ਼ੈਦਪੁਰ ਵਾਲੇ ਪਾਸੇ ਤੋਂ ਪਰਜੀਆਂ ਬਿਹਾਰੀਪੁਰ ਨੂੰ ਜਾ ਰਿਹਾ ਸੀ। ਜਿਸ ਦੇ ਹੱਥ ਵਿਚ ਪਲਾਸਟਿਕ ਦੀ ਭਾਰੀ ਕੈਨੀ ਫੜੀ ਹੋਈ ਸੀ। ਪੁਲਸ ਪਾਰਟੀ ਨੂੰ ਦੇਖ ਕੇ ਉਹ ਘਬਰਾ ਕੇ ਪਿੱਛੇ ਮੁੜਨ ਲੱਗਾ। ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਕਾਬੂ ਕਰ ਕੇ ਉਸ ਦਾ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਂ ਹੰਸਰਾਜ ਵਾਸੀ ਪਿੰਡ ਧਰਮ ਦੀਆ ਛੰਨਾ ਥਾਣਾ ਮਹਿਤਪੁਰ ਦੱਸਿਆ। ਜਦੋਂ ਉਸ ਕੋਲੋਂ ਫੜੀ ਗਈ ਪਲਾਸਟਿਕ ਦੀ ਕੇਨੀ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਥਾਣਾ ਸਿਟੀ ਜਗਰਾਉਂ ਤੋਂ ਏ.ਐਸ.ਆਈ ਜ਼ੋਰਾਵਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਮਲਕ ਚੌਂਕ ਵਿਖੇ ਸੂਚਨਾ ਮਿਲਣ ’ਤੇ ਗੁਰਮੇਲ ਸਿੰਘ ਵਾਸੀ ਪਿੰਡ ਮਲਕ ਨੂੰ 15 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਥਾਣਾ ਜੋਧਾ ਤੋਂ ਚੌਕੀ ਛਪਾਰ ਦੇ ਇੰਚਾਰਜ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਮੋਹੀ ਰੋਡ ਖੰਡੂਰ ਸੇਮ ਪੁਲੀ ਵਿਖੇ ਮੌਜੂਦ ਸਨ। ਉਥੇ ਮੋਹੀ ਵਾਲੇ ਪਾਸੇ ਤੋਂ ਦੋ ਲੜਕੇ ਮੋਟਰਸਾਈਕਲ ’ਤੇ ਆ ਰਹੇ ਸਨ। ਜਿਨ੍ਹਾਂ ਨੂੰ ਪੁਲੀਸ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਭੱਜਣ ਦੀ ਕੋਸ਼ਿਸ਼ ਕਰਨ ਲੱਗੇ। ਜਿਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਦਾ ਨਾਂ-ਪਤਾ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੌਬੀ ਸਿੰਘ ਵਾਸੀ ਪਿੰਡ ਭੂੰਦੜੀ ਅਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਤਲਵੰਡੀ ਨੌਆਬਾਦ ਦੱਸਿਆ। ਉਨ੍ਹਾਂ ਦੀ ਤਲਾਸ਼ੀ ਲੈਣ ’ਤੇ ਉਨ੍ਹਾਂ ਕੋਲੋਂ 20 ਗ੍ਰਾਮ ਹੈਰੋਇਨ ਬਰਾਮਦ ਹੋਈ।