Home ਸਭਿਆਚਾਰ ਦੂਸਰੀ ਵਿਸ਼ਵ ਜੰਗ ਵਿੱਚ ਇਟਲੀ ਮੁਹਾਜ ਦੇ ਸਿੱਖ ਸੂਰਮੇ ਪੁਸਤਕ ਦੇ ਲੇਖਕ...

ਦੂਸਰੀ ਵਿਸ਼ਵ ਜੰਗ ਵਿੱਚ ਇਟਲੀ ਮੁਹਾਜ ਦੇ ਸਿੱਖ ਸੂਰਮੇ ਪੁਸਤਕ ਦੇ ਲੇਖਕ ਬਲਵਿੰਦਰ ਸਿੰਘ ਚਾਹਲ ਦਾ ਸਨਮਾਨ

53
0

ਲੁਧਿਆਣਾ 10 ਅਪ੍ਰੈਲ ( ਵਿਕਾਸ ਮਠਾੜੂ)-ਦੂਸਰੀ ਵਿਸ਼ਵ ਜੰਗ ਵਿੱਚ ਇਟਲੀ ਮੁਹਾਜ ਦੇ ਸਿੱਖ ਸੂਰਮਿਆਂ ਬਾਰੇ ਲਿਖੀ ਮਹੱਤਵ ਪੂਰਨ ਖੋਜ ਪੁਸਤਕ ਦੇ ਲੇਖਕ ਯੂ ਕੇ ਵਾਸੀ ਬਲਵਿੰਦਰ ਸਿੰਘ ਚਾਹਲ ਅਤੇ ਉਨ੍ਹਾਂ ਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਚਾਹਲ ਨੂੰ ਪੰਜਾਬੀ ਲੋਕ ਵਿਰਾਸਤ ਅਕਾਡਮੀ ਵੱਲੋਂ ਸਨਮਾਨਿਤ ਕੀਤਾ ਗਿਆ। ਬਲਵਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਇਸ ਪੁਸਤਕ ਦੇ ਹੁਣ ਤੀਕ ਪੰਜਾਬੀ ਵਿੱਚ ਤਿੰਨ ਐਡੀਸ਼ਨ ਪ੍ਰਕਾਸ਼ਿਤ ਹੋ ਚੁਕੇ ਹਨ। ਯੋਰਪੀਅਨ ਪੰਜਾਬੀ ਸੱਥ ਦੇ ਮੋਢੀ ਸਃ ਮੋਤਾ ਸਿੰਘ ਸਰਾਏ ਵੱਲੋਂ ਇਸ ਵੱਡ ਆਕਾਰੀ ਪੁਸਤਕ ਦਾ ਡਾ ਸੁਸ਼ਮਿੰਦਰ ਕੌਰ ਮੁਖੀ, ਅੰਗਰੇਜ਼ੀ ਵਿਭਾਗ, ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਵੱਲੋਂ ਕੀਤਾ ਅੰਗਰੇਜ਼ੀ ਅਨੁਵਾਦ ਤੇ ਸੁਭਾਸ਼ ਭਾਸਕਰ ਚੰਡੀਗੜ੍ਹ ਵੱਲੋਂ ਕੀਤਾ ਹਿੰਦੀ ਅਨੁਵਾਦ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਬਦੇਸ਼ ਅੰਦਰ ਵੰਡਿਆ ਜਾ ਰਿਹਾ ਹੈ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਕਿਹਾ ਕਿ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮਾਧੋਝੰਡਾ ਦੇ ਜੰਮ ਪਲ ਬਲਵਿੰਦਰ ਸਿੰਘ ਚਾਹਲ ਨੇ ਯੂ ਕੇ ਵੱਸਣ ਤੋਂ ਪਹਿਲਾਂ ਇਟਲੀ ਚ ਸੋਲਾਂ ਸਾਲ ਗੁਜ਼ਾਰੇ ਹਨ। ਉਥੇ ਸਿੰਘ ਸੂਰਮਿਆਂ ਦੀਆਂ ਥਾਂ ਥਾ ਬਣੀਆਂ ਯਾਦਗਾਰਾਂ ਨੇ ਉਸ ਨੂੰ ਇਤਿਹਾਸ ਫੋਲਣ ਤੇ ਲਿਖਣ ਦੀ ਪ੍ਰੇਰਨਾ ਦਿੱਤੀ। ਪੰਜ ਸਾਲ ਪਹਿਲਾਂ ਪਹਿਲੀ ਵਾਰ ਛਪੀ ਇਸ ਪੁਸਤਕ ਨੂੰ ਪ੍ਰੀਤ ਪਬਲੀਕੇਸ਼ਨ ਨਾਭਾ ਨੇ ਪਾਠਕਾਂ ਦੇ ਰੂ ਬ ਰੂ ਕਰਕੇ ਇਤਿਹਾਸਕ ਕਾਰਜ ਕੀਤਾ। ਪ੍ਰੋਃ ਗਿੱਲ ਨੇ ਕਿਹਾ ਕਿ ਬਲਵਿੰਦਰ ਕੇਵਲ ਇਤਿਹਾਸ ਲੇਖਕ ਹੀ ਨਹੀਂ ਸਗੋਂ ਯੌਰਪ ਚ ਵੱਸਦੇ ਪੰਜਾਬੀ ਲੇਖਕ ਭਾਈਚਾਰੇ ਨੂੰ ਇੱਕ ਲੜੀ ਵਿੱਚ ਪਰੋਣ ਦਾ ਕਾਰਜ ਸਾਹਿੱਤ ਸੁਰ ਸੰਗਮ ਇਟਲੀ ਵੱਲੋਂ ਕਰ ਚੁਕਾ ਹੈ। ਪਰਵਾਸੀ ਸਾਹਿੱਤ ਅਧਿਐਨ ਕੇਂਦਰ ਜੀ ਜੀ ਐੱਨ ਖਾਲਸਾ ਕਾਲਿਜ ਨਾਲ ਵੀ ਉਨ੍ਹਾਂ ਦੀ ਸੰਸਥਾ ਦਾ ਲਗਾਤਾਰ ਸੰਪਰਕ ਹੈ।
ਬਲਵਿੰਦਰ ਸਿੰਘ ਚਾਹਲ ਤੇ ਉਨ੍ਹਾਂ ਦੀ ਜੀਵਨ ਸਾਥਣ ਗੁਰਪ੍ਰੀਤ ਕੌਰ ਨੂੰ ਪ੍ਰੋ ਰਵਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ, ਗੁਰਪ੍ਰੀਤ ਸਿੰਘ ਤੂਰ ਉੱਘੇ ਵਾਰਤਕ ਲੇਖਕ ਤੇ ਸੇਵਾ ਮੁਕਤ ਕਮਿਸ਼ਨਰ ਪੁਲੀਸ, ਜਗਦੀਸ਼ਪਾਲ ਸਿੰਘ ਗਰੇਵਾਲ, ਸਰਪੰਚ ਪਿੰਡ ਦਾਦ(ਲੁਧਿਆਣਾ) ਤੇ ਪ੍ਰੋ ਗੁਰਭਜਨ ਸਿੰਘ ਗਿੱਲ ਨੇ ਸਨਮਾਨਿਤ ਕੀਤਾ।
ਪ੍ਰੋ ਰਵਿੰਦਰ ਸਿੰਘ ਭੱਠਲ ਨੇ ਇਸ ਮੌਕੇ ਕਿਹਾ ਕਿ ਪਰਦੇਸਾਂ ਚ ਵੱਸਦੇ ਲੇਖਕ ਮਾਂ ਬੋਲੀ ਦੇ ਬਿਨ ਤਨਖਾਹੋਂ ਰਾਜਦੂਤ ਹੁੰਦੇ ਹਨ।ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਦੂਜੀ ਵਿਸ਼ਵ ਜੰਗ ਦੀ ਤਬਾਹੀ ਦੇ ਹਵਾਲੇ ਤਾਂ ਮਿਲਦੇ ਹਨ ਪਰ ਸਿੱਖ ਸੂਰਮਗਤੀ ਦਾ ਇਹ ਵਿਲੱਖਣ ਦਸਤਾਵੇਜ ਹੈ। ਇਸ ਨੂੰ ਲਿਖਣ ਲਈ ਬਲਵਿੰਦਰ ਸਿੰਘ ਚਾਹਲ ਮੁਬਾਰਕ ਦਾ ਹੱਕਦਾਰ ਹੈ।

LEAVE A REPLY

Please enter your comment!
Please enter your name here