ਮੋਗਾ, 24 ਅਪ੍ਰੈਲ ( ਅਸ਼ਵਨੀ ) -ਹਰ ਸਾਲ 25 ਅਪ੍ਰੈਲ ਨੂੰ ਵਿਸ਼ਵ ਮਲੇਰੀਆ ਦਿਵਸ ਮਲੇਰੀਆ ਨੂੰ ਹਰਾਉਣ ਲਈ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਮੋਗਾ ਵੱਲੋਂ ਵਿਸ਼ਵ ਮਲੇਰੀਆ ਦਿਵਸ ਨੂੰ ਸਮਰਪਿਤ ਮਲੇਰੀਆ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਇਕ ਜ਼ਰੂਰੀ ਮੀਟਿੰਗ ਅੱਜ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਹੋਈ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਮੋਗਾ ਦੀ ਅਗਵਾਈ ਵਿੱਚ ਹਰੇਕ ਵਿਭਾਗ ਵੱਲੋਂ ਇਸ ਸਬੰਧੀ ਜਾਗਰੂਕਤਾ ਫੈਲਾਈ ਜਾਵੇ ਤਾਂ ਕਿ ਮਲੇਰੀਆ ਬੁਖਾਰ ਹੋਣ ਤੋਂ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਮਲੇਰੀਆ ਨੂੰ ਖਤਮ ਕਰਨ ਦੀ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਬਣਦੀ ਹੈ।ਜ਼ਿਲ੍ਹਾ ਮਹਾਂਮਾਰੀ ਰੋਕਥਾਮ ਅਫ਼ਸਰ ਡਾਕਟਰ ਨਰੇਸ਼ ਆਮਲਾ ਨੇ ਮਲੇਰੀਆ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਵਿੱਚ ਪੈਦਾ ਹੁੰਦੇ ਹਨ। ਇਹ ਮੱਛਰ ਰਾਤ ਅਤੇ ਸਵੇਰ ਵੇਲੇ ਕੱਟਦੇ ਹਨ। ਉਨਾਂ ਕਿਹਾ ਕਿ ਠੰਢ ਅਤੇ ਕਾਂਬੇ ਨਾਲ ਬੁਖਾਰ, ਤੇਜ਼ ਬੁਖਾਰ ਅਤੇ ਸਿਰਦਰਦ, ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਮਲੇਰੀਆ ਦੇ ਮੁੱਖ ਲੱਛਣ ਹਨ।
ਉਹਨਾਂ ਨੇ ਮਲੇਰੀਆ ਤੋਂ ਬਚਾਓ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲੇ ਦੁਆਲੇ ਛੋਟੇ ਟੋਇਆ ਵਿੱਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਅਤੇ ਇਨਾਂ ਨੂੰ ਮਿੱਟੀ ਨਾਲ ਭਰਨਾ ਚਾਹੀਦਾ ਹੈ। ਛੱਪੜਾਂ ਦੇ ਖੜੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾਓ ਕਰਨਾ ਚਾਹੀਦਾ ਹੈ। ਕੱਪੜੇ ਅਜਿਹੇ ਪਹਿਨਣੇ ਚਾਹੀਦੇ ਹਨ ਜੋ ਸਰੀਰ ਨੂੰ ਪੂਰਾ ਢਕ ਸਕਣ ਤਾਂ ਕਿ ਮੱਛਰ ਨਾ ਕੱਟ ਸਕੇ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਉਨਾਂ ਅੱਗੇ ਦੱਸਿਆ ਕਿ ਕੋਈ ਵੀ ਬੁਖਾਰ ਮਲੇਰੀਆ ਹੋ ਸਕਦਾ ਹੈ ਅਤੇ ਬੁਖਾਰ ਹੋਣ ਉਤੇ ਤੁਰੰਤ ਨੇੜੇ ਦੀ ਸਿਹਤ ਸੰਸਥਾ ਜਾਂ ਸਰਕਾਰੀ ਹਸਤਪਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ। ਮਲੇਰੀਆ ਦਾ ਇਲਾਜ ਅਤੇ ਟੈਸਟ ਸਿਹਤ ਵਿਭਾਗ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਜਾਂਦਾ ਹੈ।ਇੱਥੇ ਇਹ ਵੀ ਜਿਕਰਯੋਗ ਹੈ ਕਿ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਵਾਂ ਲਈ ਸਰਕਾਰ ਵੱਲੋਂ 104 ਟੋਲ ਫ੍ਰੀ ਮੈਡੀਕਲ ਹੈਲਪਲਾਈਨ ਵੀ ਜਾਰੀ ਕੀਤੀ ਗਈ ਹੈ। ਇਸ ਮੌਕੇ ਇਕ ਜਾਗਰੂਕਤਾ ਪੋਸਟਰ ਵੀ ਜਾਰੀ ਕੀਤਾ ਗਿਆ।