ਐਸ.ਏ.ਐਸ. ਨਗਰ 26 ਅਪ੍ਰੈਲ (ਵਿਕਾਸ ਮਠਾੜੂ – ਅਸ਼ਵਨੀ) : ਭਾਸ਼ਾ ਵਿਭਾਗ, ਪੰਜਾਬ ਵੱਲੋਂ ਜਿੱਥੇ ਨਿੱਤ ਦਿਨ ਸਾਹਿਤਕ ਸਰਗਰਮੀਆਂ ਕੀਤੀਆਂ ਜਾਂਦੀਆਂ ਹਨ ਉੱਥੇ ਭਾਸ਼ਾਵਾਂ ਦੇ ਵਿਕਾਸ ਲਈ ਪੰਜਾਬੀ ਭਾਸ਼ਾ ਦੀ ਸ਼ਾਰਟਹੈਂਡ ਸਿਖਲਾਈ ਦੇ ਨਾਲ ਉਰਦੂ ਭਾਸ਼ਾ ਦੀ ਸਿਖਲਾਈ ਲਈ ਵੀ ਯਤਨ ਕੀਤੇ ਜਾ ਰਹੇ ਹਨ।ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਇਸ ਸੈਸ਼ਨ ਤੋਂ ਉਰਦੂ ਸਿਖਲਾਈ ਕੇਂਦਰ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ 1 ਜੁਲਾਈ 2023 ਤੋਂ ਉਰਦੂ ਸਿਖਲਾਈ ਲਈ ਜਮਾਤ ਸ਼ੁਰੂ ਕੀਤੀ ਜਾ ਰਹੀ ਹੈ। ਇਸ ਵਾਸਤੇ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ/ ਪਾਰਟ-ਟਾਈਮ ਯੋਗ ਅਧਿਆਪਕ ਦੀ ਇਸ ਦਫ਼ਤਰ ਵਿਖੇ ਜ਼ਰੂਰਤ ਹੈ। ਉਰਦੂ ਅਧਿਆਪਕ ਦੀ ਘੱਟੋ-ਘੱਟ ਯੋਗਤਾ ਐੱਮ.ਏ. ਉਰਦੂ ਰੱਖੀ ਗਈ ਹੈ। ਉਹਨਾਂ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ (ਮੋਹਾਲੀ) ਨੂੰ ਉਰਦੂ ਅਧਿਆਪਕ ਲਈ ਪ੍ਰਾਪਤ ਬੇਨਤੀਆਂ ਦੀ ਮੈਰਿਟ ਬਣਾ ਕੇ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਨੂੰ ਭੇਜੀ ਜਾਵੇਗੀ ਤੇ ਅਧਿਆਪਕ ਦੀ ਚੋਣ ਸਬੰਧੀ ਅੰਤਿਮ ਫੈਸਲਾ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਵੱਲੋਂ ਹੀ ਲਿਆ ਜਾਵੇਗਾ। ਡਾ. ਬੋਹਾ ਨੇ ਇਹ ਵੀ ਦੱਸਿਆ ਕਿ ਉਰਦੂ ਪੜ੍ਹਾਉਣ ਲਈ ਅੰਸ਼ਕਾਲੀ / ਪਾਰਟ-ਟਾਈਮ ਰੱਖੇ ਗਏ ਉਮੀਦਵਾਰ ਨੂੰ 8000/-(ਅੱਠ ਹਜ਼ਾਰ ਰੁਪਏ) ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਅਤੇ ਰੋਜ਼ਾਨਾ ਇੱਕ ਘੰਟੇ ਦੀ ਜਮਾਤ ਹੋਵੇਗੀ। ਉਹਨਾਂ ਅੱਗੇ ਇਹ ਵੀ ਦੱਸਿਆ ਕਿ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਇਸ ਪੋਸਟ ਲਈ ਚਾਹਵਾਨ ਉਮੀਦਵਾਰ ਆਪਣੇ ਬਿਨੈ-ਪੱਤਰ 10 ਮਈ 2023 ਤੱਕ ਦਫ਼ਤਰੀ ਈ-ਮੇਲ urdudlomohali518@gmail.com ਰਾਹੀਂ ਜਾਂ ਦਸਤੀ ਤੌਰ ‘ਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਕਮਰਾ ਨੰਬਰ 518, ਚੌਥੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ ਭੇਜ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਸ੍ਰੀ ਜਤਿੰਦਰਪਾਲ ਸਿੰਘ ਖੋਜ ਇੰਸਟ੍ਰਕਟਰ ਦੇ ਮੋਬਾਈਲ ਨੰਬਰ 8427820513 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।