ਦੇਸ਼ ਦੀ ਰਾਜਨੀਤੀ ਵਿਚ ਪ੍ਰਕਾਸ਼ ਸਿੰਘ ਬਾਦਲ ਇੱਕ ਅਜਿਹਾ ਨਾਮ ਹੈ ਜੋ ਬਾਬਾ ਬੋਹੜ ਵਜੋਂ ਜਾਣਿਆ ਜਾਂਦਾ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਚਾਣਕਿਆ ਵਜੋਂ ਵੀ ਜਾਣਿਆ ਜਾਂਦਾ ਹੈ। ਪੰਜਾਬ ਦੀ ਸਿਆਸਤ ਵਿੱਚ ਸਭ ਤੋਂ ਵੱਧ ਸਮਾਂ ਸਰਗਰਮ ਰਹੇ ਅਤੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਕੀਤਾ। ਹੁਣ 95 ਸਾਲ ਦੀ ਉਮਰ ਵਿੱਚ ਸਭ ਕੁਝ ਛੱਡ ਕੇ ਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਇਹ ਸਮਾਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦਾ ਹੈ। ਜਿਸਦਾ ਬਣਦਾ ਸਤਿਕਾਰ ਉਨ੍ਹਾਂ ਨੂੰ ਸਮੁੱਚੇ ਦੇਸ਼ ਵਿਚੋਂ ਹੀ ਮਿਲ ਰਿਹਾ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਸਿਆਸੀ ਜੀਵਨ ਵੱਲ ਝਾਤ ਮਾਰੀ ਜਾਵੇ ਤਾਂ ਆਪਣੇ ਹੀ ਸਾਥੀਆਂ ਨੂੰ ਪੌੜੀ ਬਣਾ ਕੇ ਉੱਚਾ ਮੁਕਾਮ ਹਾਸਲ ਕਰਨਾ ਉਨ੍ਹਾਂ ਦੀ ਨੀਤੀ ਸੀ। ਜਿਸ ਵਿੱਚ ਉਹ ਹਮੇਸ਼ਾ ਕਾਮਯਾਬ ਰਹੇ। ਇੱਕ ਸਮੇਂ ਪੰਜਾਬ ਵਿੱਚ ਬਾਦਲ, ਟੌਹੜਾ ਅਤੇ ਤਲਵੰਡੀ ਦੀ ਤਿਕੜੀ ਬਹੁਤ ਮਸ਼ਹੂਰ ਸੀ। ਜਦੋਂ ਉਨ੍ਹਾਂ ਨੂੰ ਗੁਰਚਰਨ ਸਿੰਘ ਟੌਹੜਾ ਤੋਂ ਸਿਆਸੀ ਖਤਰਾ ਮਹਿਸੂਸ ਹੋਇਆ ਤਾਂ ਉਨ੍ਹਾਂ ਨੇ ਗੁਰਚਰਨ ਸਿੰਘ ਟੌਹੜਾ ਅਤੇ ਉਹਨਾਂ ਦੇ ਪਰਿਵਾਰ ਨੂੰ ਪਾਸੇ ਕਰ ਦਿੱਤਾ। ਇਸੇ ਤਰ੍ਹਾਂ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿੰਨਾਂ ਨੂੰ ਲੋਹ ਪੁਰਸ਼ ਦੇ ਨਾਮ ਨਾਲ ਾਣਿਆ ਜਾਂਦਾ ਸੀ, ਜਦੋਂ ਬਾਦਲਨੂੰ ਤਲਵੰਡੀ ਤੋਂ ਸਿਆਸੀ ਖਤਰਾ ਮਹਿਸੂਸ ਹਇਆ ਤਾਂ ਉਨ੍ਹੰ ਨੇ ਤਲਵੰਡੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਕ ਸਾਇਡ ਹਾਸ਼ੀਏ ਵਿਚ ਕਰਨ ਚ ਦੇਰ ਨਹੀਂ ਲਗਾਈ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਵੱਡੇ ਲੀਡਰ ਹਨ ਜਿੰਨਾਂ ਨੇ ਅਕਾਲੀ ਦਲ ਦੀ ਚੜ੍ਹਦੀ ਕਲਾ ਅਤੇ ਪਾਰਟੀ ਨੂੰ ਉੱਚ ਮੁਕਾਮ ਤੱਕ ਸਥਾਪਤ ਕਰਨ ਲਈ ਦਿਨ ਰਾਤ ਇਕ ਕੀਤਾ ਉਹ ਸਾਰੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਬੈਠੇ ਹੋਏ ਹਨ। ਪਾਰਟੀ ਲਈ ਖੂਨ ਡੋਲਣ ਵਾਲੇ ਉਨ੍ਹਾਂ ਸਾਰਿਆਂ ਦੀ ਥਾਂ ਜੇਕਰ ਕੋਈ ਆਇਆ ਤਾਂ ਉਹ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ। ਇਨ੍ਹਾਂ ਦੋਵਾਂ ਨੇ ਵਿਛੀ ਹੋਈ ਸਿਆਸੀ ਬਿਸਾਤ ਤੇ ਆਪਣਾ ਸਫਲ ਕੈਰੀਅਰ ਸ਼ੁਰੂ ਕੀਤਾ ਅਤੇ ਬਿਨ੍ਹਾਂ ਦਰੀਆਂ ਵਿਛਾਏ ਉੱਚ ਸਿਆਸੀ ਮੁਕਾਮ ਹਾਸਿਲ ਕੀਤਾ। ਮਹਾਭਾਰਤ ਦੌਰਾਨ ਕੌਰਵਾਂ ਦਾ ਧ੍ਰਿਤਰਾਸ਼ਟਰ ਸੀ। ਉਹ ਭਾਵੇਂ ਸਰੀਰਿਕ ਤੌਰ ਤੇ ਵੀ ਅੰਨ੍ਹਾਂ ਸੀ ੁਪ ਉਸ ਨਾਲੋਂ ਵਧੇਰੇ ਉਸਦੀ ਮਿਸਾਲ ਪੁੱਤਰ ੰਮੋਹ ਵਿਚ ਅੰਨਾਂ ਹੋਣ ਨੂੰ ਲੈ ਕੇ ਦਿਤੀ ਜਾਂਦੀ ਹੈ। ਜਿਸਨੇ ਆਪਣੇ ਪੁੱਤਰ ਦੇ ਮੋਹ ਵਿਚ ਚੰਗਾ ਮਾੜਾ ਸੋਚਣ ਅਤੇ ਸਮਝਣਾ ਹੀ ਛੱਡ ਦਿਤਾ ਸੀ। ਜਿਸ ਨੇ ਆਪਣੇ ਪੁੱਤਰਾਂ ਦੀਆਂ ਗਲਤੀਆਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ ਅਤੇ ਆਖ਼ਰਕਾਰ ਧਿ੍ਰਤਰਾਸ਼ਟਰ ਦਾ ਪੂਰਾ ਕੁਨਬਾ ਹੀ ਤਬਾਹ ਹੋ ਗਿਆ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਨੇ ਵੀ ਪੁੱਤਰ ਦੇ ਮੋਹ ਵਿਚ ਇਕ-ਇਕ ਕਰਕੇ ਪਾਰਟੀ ਦੇ ਦਿੱਗਜਾਂ ਨੂੰ ਦਰਕਿਨਾਰ ਕੀਤਾ ਅਤੇ ਆਪਣੇ ਪੁੱਤਰ ਦੀਆਂ ਗਲਤੀਆਂ ਨੂੰ ਹਮੇਸ਼ਾ ਨਜ਼ਰਅੰਦਾਜ਼ ਕੀਤਾ। ਜਿਸ ਕਾਰਨ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਜੋ ਹਸ਼ਰ ਹੋਇਆ ਹੈ ਉਹ ਸਭ ਦੇ ਸਾਮਹਣੇ ਹੈ। ਭਾਵੇਂ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਰਤਨ ਅਤੇ ਫਖਰ-ਏ ਕੌਮ ਦੇ ਖਿਤਾਬ ਨਾਲ ਨਿਵਾਜਿਆ ਸੀ। ਪਰ ਪੁੱਤਰ ਮੋਹ ਵਿਚ ਉਨ੍ਹਾਂ ਵਲੋਂ ਕੀਤੀਆਂ ਗਈਆਂ ਗਲਤੀਆਂ ਉਨ੍ਹਾਂ ਦੇ ਦੇਸ਼ ਦਾ ਰਾਸ਼ਟਰਪਤੀ, ਉਪ ਰਾਸ਼ਟਰੁਤੀ ਅਤੇ ਆਪਣੇ ਪੁੱਤਰ ਦੇ ਸਿਰ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਤਾਜ ਗੇਖਣ ਦਾ ਸੁਪਨਾ ਪੂਰਾ ਨਹੀਂ ਕਰ ਸਕੀਆਂ ਅਤੇ ਉਹ ਇਸ ਸੁਪਨੇ ਨੂੰ ਅੱਖਾਂ ਵਿਚ ਸੰਜੋਏ ਹੋਏ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਪਾਜਨੀਤਿਕ ਤੌਰ ਤੇ ਹਰ ਵਾਰੀ ਵੱਡੀ ਸਫਲਤਾ ਹਾਸਿਲ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਆਪਣੇ ਆਖਰੀ ਸਮੇਂ ਵਿਚ ਨਾਂ ਤਾਂ ਆਪਣੀ ਸਿਆਸੀ ਸਾਖ ਬਚਾ ਸਕੇ ਅਤੇ ਨਾ ਹੀ ਆਪਣੀ ਪਾਰਟੀ ਦੀ ਹੋਂਦ ਨੂੰ ਬਰਕਰਾਰ ਰੱਖ ਸਕੇ। ਇਈਥੋਂ ਤੱਕ ਕਿ ਆਪਣੇ ਜੀਵਨ ਦੀ ਆਖਰੀ ਚੋਣ ਉਹ ਖੁਦ ਵੀ ਬੁਰੀ ਤਰ੍ਹਾਂ ਨਾਲ ਹਾਰੇ ਅਤੇ ਉਨ੍ਹੰ ਦਾ ਸਾਰਾ ਕੁਨਬਾ ਵੀ ਚੋਣਾਂ ਹਾਰ ਗਿਆ। ਇੰਨਾ ਹੀ ਨਹੀਂ ਸਿੱਖ ਕੌਮ ਦੀ ਅਗਵਾਈ ਕਰਨ ਦਾ ਹਮੇਸ਼ਾ ਦਮ ਭਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਲਜ਼ਾਮ ਲੱਗੇ, ਡੇਰਾ ਸਿਰਸਾ ਦੇ ਮੁਖੀ ਨਾਲ ਸਾਂਝ ਦੇ ਇਲਜਾਮ ਲੱਗੇ।ਜੀਵਨ ਦੇ ਆਖਰੀ ਪੜਾਅ ਮੌਕੇ ਪ੍ਰਕਾਸ਼ ਸਿੰਙ ਬਾਦਲਨੂੰ ਬੇਅਦਬੀ ਦੇ ਦੋਸ਼ਾਂ ਵਿਚ ਅਦਾਲਤੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪਿਆ। ਅਦਾਲਤ ਉਨ੍ਹਾਂ ਨੂੰ ਦੋਸ਼ੀ ਮੰਨਦੀ ਹੈ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੀਵਨ ਦੇ ਅੰਤਲੇ ਸਮੇਂ ਵਿਚ ਸਿਆਸਤ ਦੇ ਉੱਚੇ ਪੱਧਰ ’ਤੇ ਪੁੱਜਣ ਵਾਲਾ ਵਿਅਕਤੀ ਅਤੇ ਆਪਣੇ ਆਪ ਨੂੰ ਧਰਮ ਦਾ ਠੇਕੇਦਾਰ ਸਮਝਣ ਵਾਲਾ ਦੋਵੇਂ ਪਾਸੇ ਤੋਂ ਹੀ ਆਸਮਾਨ ਤੋਂ ਹੇਠਾਂ ਧਰਤੀ ਤੇ ਮੂਧੇ ਮੂੰਹ ਆ ਡਿੱਗਾ। ਇਹ ਬਹੁਤ ਵੱਡੀ ਗੱਲ ਹੈ । ਪ੍ਰਕਾਸ਼ ਸਿੰਘ ਬਾਦਲ ਬਾਰੇ ਇਕ ਗੱਲ ਹੋਰ ਬਹੁਤ ਪ੍ਰਸਿੱਧ ਹੈ ਕਿ ਉਹਨਾਂ ਨੇ ਜਿਸ ਵੀ ਸਖਸ਼ੀਅਤ ਨੂੰ ਆਪਣੀ ਜੱਫੀ ਵਿਚ ਇਕ ਵਾਰ ਲੈ ਕੇ ਸ਼ਾਬਾਸ਼ੀ ਦੇ ਦਿਤੀ ਉਸਦਾ ਅਗਲਾ ਭਵਿੱਖ ਹਮੇਸ਼ਾ ਲਈ ਖਤਮ ਹੋ ਗਿਆ। ਜੀਵਨ ਦੇ ਆਖਰੀ ਸਮੇਂ ਵਿੱਚ ਉਹ ਨਾਂ ਤਾਂ ਆਪਣੀ ਪਾਰਟੀ ਨੂੰ ਸੰਗਠਿਤ ਰੱਖ ਸਕੇ ਅਤੇ ਨਾ ਹੀ ਆਪਣੇ ਪਰਿਵਾਰ ਨੂੰ ਸੰਗਠਿਤ ਕਰ ਸਕੇ। ਇਸ ਦੁਨੀਆਂ ਵਿੱਚ ਕੁਦਰਤ ਦਾ ਨਿਯਮ ਹੈ ਕਿ ਜਿਸ ਨੇ ਆਪਣੇ ਜੀਵਨ ਵਿਚ ਜੋ ਵੀ ਬੀਜਿਆ ਹੈ ਉਹੀ ਉਸਨੂੰ ਹਰ ਹਾਲਤ ਵਿਚ ਕੱਟਣਾ ਪਏਗਾ। ਅਸੀਂ ਦੇਸ਼ ਦੀ ਰਾਜਨੀਤੀ ਦੇ ਬਾਬੇ ਬੋਹੜ ਨੂੰ ਅਲਵਿਦਾ ਆਖਦੇ ਹਾਂ ਅਤੇ ਇਸ ਮਹਾਨ ਪੁਰਸ਼ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਭੇਟ ਕਰਦੇ ਹਾਂ, ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਇਕ ਵਾਰ ਫਿਰ ! ਅਲਵਿਦਾ ਬਾਦਲ ਸਾਹਿਬ।
ਹਰਵਿੰਦਰ ਸਿੰਘ ਸੱਗੂ।