ਸੰਗਰੂਰ ਵਿੱਚ ਨਕਲੀ ਸ਼ਰਾਬ ਪੀਣ ਨਾਲ 20 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੰਨੇ ਹੀ ਲੋਕ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਇਸ ਮਾਮਲੇ ਵਿੱਚ ਭਾਵੇਂ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਵਲੋਂ ਗੰਭੀਰ ਕਾਨੂੰਨੀ ਕਾਰਵਾਈ ਵੱਡੇ ਪੈਮਾਨੇ ’ਤੇ ਕੀਤੀ ਗਈ ਅਤੇ 10 ਲੋਕਾਂ ’ਤੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਵਿਚੋਂ 8 ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਜਿਨ੍ਹਾਂ ਲੋਕਾਂ ਨੇ ਨੋਇਡਾ ਦੀ ਫੈਕਟਰੀ ’ਚੋਂ 300 ਲੀਟਰ ਮਿਥੇਨੌਲ ਮੰਗਵਾਇਆ ਸੀ, ਉਨ੍ਹਾਂ ਵਲੋਂ ਮਿਥੇਨੌਲ ਦੀ ਵਰਤੋਂ ਇੰਡਸਟਰੀ ਯੂਨਿਟ ’ਚ ਕਰਨ ਲਈ ਕਿਹਾ ਗਿਆ ਸੀ। ਉਹ ਇੰਡਸਟਰੀ ਕਿਸਦੀ ਹੈ। ਕਿਥੇ ਰਜਿਸਟਰਡ ਹੈ ਅਤੇ ਕੀ ਪ੍ਰੋਡਕਟ ਤਿਆਰ ਕਰਦੀ ਹੈ, ਕਦੋਂ ਤੋਂ ਹੋਂਦ ਵਿਚ ਹੈ ਅਤੇ ਸੰਬੰਧਤ ਵਿਭਾਗ ਦੇ ਅਧਿਕਾਰੀਆਂ ਵਲੋਂ ਕਦੋਂ ਕਦੋਂ ਇਸ ਫੈਕਟਰੀ ਦੇ ਮਾਪਦੰਡਾਂ ਦੀ ਜਾਂਚ ਕੀਤੀ ਗਈ ? ਇਹ ਸਾਰੇ ਸਵਾਲ ਹਨ ਜੋ ਹਰੇਕ ਦੇ ਦਿਮਾਗ ਵਿਚ ਘੁੰਮਦੇ ਹਨ। ਸ਼ਹਿਰ ਵਿੱਚ ਵੱਡੀ ਮਾਤਰਾ ਵਿੱਚ ਮਿਥੇਨੌਲ ਵਰਗਾ ਕੈਮੀਕਲ ਦੀ ਵਰਤੋਂ ਫੈਕਟਰੀ ਵਿੱਚ ਕੀਤੀ ਜਾ ਰਹੀ ਸੀ, ਕੀ ਕਦੇ ਕਿਸੇ ਅਧਿਕਾਰੀ ਵਲੋਂ ਚੱਲ ਰਹੇ ਉਕਤ ਉਦਯੋਗ ਦੀ ਜਾਂਚ ਨਹੀਂ ਕੀਤੀ? ਜਿਸ ਨਾਮ ਹੇਠ ਇਹ ਉਦਯੋਗ ਚਲਾਇਆ ਜਾ ਰਿਹਾ ਹੈ, ਉਸਨੂੰ ਕਿਸਨੇ ਮਨਜ਼ੂਰੀ ਦਿੱਤੀ ਅਤੇ ਕਿਸ ਮਕਸਦ ਲਈ ਮਿਥੇਨੌਲ ਨੂੰ ਉਦਯੋਗ ਵਿੱਚ ਵਰਤਣ ਦਾ ਦਾਅਵਾ ਕੀਤਾ ਗਿਆ? ਇਹ ਸਭ ਜਾਂਚ ਦਾ ਵਿਸ਼ਾ ਹੈ। ਇੱਥੇ ਇਕ ਗੱਲ ਹੋਰ ਜੋ ਸਾਹਮਣੇ ਆਈ ਹੈ, ਜਿਵੇਂ ਕਿ ਅਸੀਂ ਪਹਿਲਾਂ ਵੀ ਲਿਖਦੇ ਹਾਂ ਕਿ ਜੇਲਾਂ ਹੁਣ ਅਪਰਾਧੀਆਂ ਲਈ ਸੁਧਾਰ ਘਰ ਨਹੀਂ ਬਲਕਿ ਟ੍ਰਫੇਨਿੰਗ ਘਰ ਬਣ ਚੁੱਕੀਆਂ ਹਨ। ਜਿਥੇ ਇਕ ਵਾਰ ਗਿਆ ਛੋਟਾ ਅਪਰਾਧੀ ਵੀ ਸ਼ਾਤਰ ਅਤੇ ਵੱਡਾ ਹੋ ਕੇ ਨਿਕਲਦਾ ਹੈ। ਅਜਿਹਾ ਕਦੇ ਹੁਣ ਦੇਖਣ ਨੂੰ ਨਹੀਂ ਮਿਲੇਗਾ ਕਿ ਕੋਈ ਵਿਅਕਤੀ ਇਕ ਵਾਰ ਜੇਲ ਜਾ ਆਇਆ ਹੋਵੇ ਅਤੇ ਬਾਹਰ ਆ ਕੇ ਦੁਬਾਰਾ ਜਾਣ ਤੋਂ ਤੌਬਾ ਕਰਦਾ ਹੋਵੇ। ਇਸ ਦੀਆਂ ਅਨੇਕਾਂ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ। ਇਸ ਸ਼ਰਾਬ ਮਾਮਲੇ ਵਿਚ ਵੀ ਮੁੱਖ ਮੁਲਜ਼ਮ ਗੁਰਲਾਲ ਸਿੰਘ ਅਤੇ ਹਰਮਨਪ੍ਰੀਤ ਸਿੰਘ ਵਾਸੀ ਸੰਗਰੂਰ ਦੋਵੇਂ ਅਪਰਾਧੀ ਗਤੀਵਿਧੀਆਂ ਵਿਚ ਸ਼ਾਮਲ ਰਹੇ ਹਨ ਅਤੇ ਦੋਵਾਂ ਦੀ ਮੁਲਾਕਾਤ ਜੇਲ੍ਹ ਵਿੱਚ ਹੋਈ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਦੋਵਾਂ ਨੇ ਇਹ ਧੰਦਾ ਸ਼ੁਰੂ ਕਰ ਦਿੱਤਾ। ਇਹ ਕਿਵੇਂ ਹੋ ਸੰਭਵ ਹੋ ਸਕਦਾ ਹੈ ਕਿ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਬਣਾਉਣ ਦੀ ਫੈਕਟਰੀ ਚੱਲ ਰਹੀ ਹੋਵੇ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਈ ਪਤਾ ਨਹੀਂ ਹੋਵੇ। ਕਿ ਉਨ੍ਹਾਂ ਦੇ ਇਲਾਕੇ ਵਿਚ ਤਥਾਕਥਿਤ ਨਾਮ ਦੇ ਬਰਾਂਡ ’ਤੇ ਨਜਾਇਜ਼ ਸ਼ਰਾਬ ਵੇਚੀ ਜਾ ਰਹੀ ਹੈ। ਜਦਕਿ ਸਰਕਾਰ ਕੋਲ ਅਜਿਹਾ ਕੋਈ ਬਰਾਂਡ ਨਹੀਂ ਹੈ। ਫਿਰ ਵੀ ਲੋਕ ਖਾਲੀ ਬੋਤਲਾਂ ’ਤੇ ਆਪਣੇ ਬਰਾਂਡ ਦਾ ਲੈਵਲ ਚਿਪਕਾ ਕੇ ਨਕਲੀ ਸ਼ਰਾਬ ਬਣਾ ਕੇ ਸਪਲਾਈ ਕਰਦੇ ਰਹੇ। ਉਨ੍ਹਾਂ ਨੇ 300 ਲੀਟਰ ’ਚੋਂ ਸਿਰਫ 100 ਲੀਟਰ ਮਿਥੇਨੌਲ ਨਾਲ ਹੀ ਸ਼ਰਾਬ ਤਿਆਰ ਕੀਤੀ ਸੀ, ਬਾਕੀ 200 ਲੀਟਰ ਪੁਲਸ ਨੇ ਬਰਾਮਦ ਕਰ ਲਈ ਹੈ ਅਤੇ 100 ਲੀਟਰ ਮਿਥੇਨੌਲ ਤੋਂ ਜੋ ਸ਼ਰਾਬ ਤਿਆਰ ਕਰਕੇ ਸਪਲਾਈ ਕੀਤੀ ਗਈ ਹੈ ਉਹ ਬਾਜ਼ਾਰ ’ਚ ਹੋਰ ਵੀ ਉਪਲੱਬਧ ਹੋਵੇਗੀ। ਇਥੇ ਮਿਥੇਨੌਲ ਜਾਂ ਹੋਰ ਕੈਮੀਕਲ ਦੀ ਮਿਕਦਾਰ ਵਿਚ ਹੋਈ ਗੜਬੜੀ ਕਾਰਨ ਤਿਆਰ ਕੀਤੀ ਨਕਲੀ ਸ਼ਰਾਬ ਲੋਕਾਂ ਦੀ ਮੌਤ ਦਾ ਕਾਰਨ ਬਣ ਗਈ ਪਰ ਇਹ ਲੋਕ ਕਦੋਂ ਤੋਂ ਇਸ ਤਰ੍ਹਾਂ ਦਾ ਸ਼ਰਾਬ ਦਾ ਧੰਦਾ ਕਰ ਰਹੇ ਹਨ ਅਤੇ ਇਨ੍ਹਾਂ ਦੇ ਨਾਲ ਕੌਣ-ਕੌਣ ਅਤੇ ਕਿਹੜੇ ਲੋਕ ਕਦੋਂ ਤੋਂ ਜੁੜੇ ਹੋਣ ਹਨ ਅਤੇ ਇਨ੍ਹਾਂ ਉੱਪਰ ਕਿਸ ਅਧਿਕਾਰੀ ਅਤੇੇ ਰਾਜਨੀਤਿਕ ਸਖਸ਼ੀਅਤ ਦਾ ਹੱਥ ਹੈ ਅਤੇ ਇਨ੍ਹਾਂ ਦਾ ਨੈੱਟਵਰਕ ਪੰਜਾਬ ਵਿਚ ਕਿਥੇ ਤੱਕ ਫੈਲਿਆ ਹੋਇਆ ਹੈ, ਇਸ ਸਭ ਦਾ ਪਤਾ ਲਗਾਉਣ ਦੀ ਲੋੜ ਹੈ। ਜ਼ਹਿਰੀਲੀ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਮੌਤਾਂ ਹੋਣ ਤੋਂ ਬਾਅਦ ਮਾਮਲਾ ਸੁਰਖੀਆਂ ’ਚ ਆ ਗਿਆ ਪਰ ਪੰਜਾਬ ’ਚ ਹਰ ਸ਼ਹਿਰ ਅਤੇ ਪਿੰਡ ਵਿਚ ਗਰੀਬ ਬਸਤੀਆਂ ’ਚ ਨਕਲੀ ਸ਼ਰਾਬ ਦਾ ਕਾਰੋਬਾਰ ਵੱਡੇ ਪੱਧਰ ’ਤੇ ਫੈਲਿਆ ਹੋਇਆ ਹੈ ਅਤੇ ਹਰ ਸ਼ਹਿਰ ਵਿਚ ਸ਼ਰਾਬ ਦਾ ਕਾਰੋਬਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਘਰ ਦੀ ਕੱਢੀ ਹੋਈ ਦੇਸੀ ਸ਼ਰਾਬ ਨਹੀਂ ਬਲਕਿ ਇਸੇ ਤਰ੍ਹਾਂ ਬ੍ਰਾਂਡ ਹੇਠ ਬੋਤਲਾਂ ਵਿੱਚ ਮਿਲਦੀ ਹੈ। ਇਸ ਤੋਂ ਇਲਾਵਾ ਲੁਧਿਆਣਾ ਦੇ ਜਗਰਾਉਂ ਇਲਾਕੇ ਵਿੱਚ ਸਤਲੁਜ ਦਰਿਆ ਦੇ ਕਿਨਾਰੇ ਦੇਸੀ ਸ਼ਰਾਬ ( ਘਰ ਦੀ ਕੱਢੀ ) ਉਸ ਇਲਾਕੇ ਦੇ ਹਰ ਪਿੰਡ ਵਿੱਚ ਹਰ ਸਮੇਂ ਵੱਡੇ ਪੱਧਰ ’ਤੇ ਉਪਲਬਧ ਹੁੰਦੀ ਹੈ। ਸਤਲੁਜ ਦਰਿਆ ਕਿਨਾਰੇ ਹਜ਼ਾਰਾਂ ਲੀਟਰ ਨਾਜਾਇਜ਼ ਸ਼ਰਾਬ ਨਿਕਲਦੀ ਹੈ ਅਤੇ ਸਪਲਾਈ ਹੁੰਦੀ ਹੈ। ਸਮੇਂ-ਸਮੇਂ ’ਤੇ ਪੁਲਿਸ ਛਾਪੇਮਾਰੀ ਕਰਕੇ ਉਥੋਂ ਭਾਰੀ ਮਾਤਰਾ ਵਿਚ ਨਜਾਇਜ਼ ਸ਼ਰਾਬ ਬਰਾਮਦ ਵੀ ਕਰਦੀ ਅਤੇ ਉਸਨੂੰ ਨਸ਼ਟ ਵੀ ਕਰਦੀ ਹੈ ਪਰ ਬਹੁਤ ਘੱਟ ਮਾਮਲੇ ਅਜਿਹੇ ਸਾਹਮਣੇ ਆਏ ਜਦੋਂ ਪੁਲਿਸ ਨੇ ਉਹ ਨਜਾਇਜ ਸ਼ਰਾਬ ਤਿਆਰ ਕਰਨ ਵਾਲੇ ਲੋਕਾਂ ਨੂੰ ਫੜਿਆ ਹੋਵੇ। ਇੱਥੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਇਹ ਪਤਾ ਨਾ ਹੋਵੇ ਕਿ ਉਨ੍ਹਾਂ ਦੇ ਇਲਾਕੇ ਵਿਚ ਸ਼ਰੇਆਮ ਨਜਾਇਜ਼ ਸ਼ਰਾਬ ਤਿਆਰ ਕੀਤੀ ਅਤੇ ਵੇਚੀ ਜਾਂਦੀ ਹੈ। ਉਸ ਇਲਾਕੇ ਦੇ ਬਹੁਤੇ ਪਿੰਡਾਂ ਦੇ ਬਹੁਤੇ ਲੋਕਾਂ ਦਾ ਤਾਂ ਇਹ ਧੰਦਾ ਬਣਿਆ ਹੋਇਆ ਹੈ ਜਿਸਤੋਂ ਕਮਾਈ ਕਰਕੇ ਉਹ ਆਪਣੇ ਪਰਿਵਾਰ ਪਾਲਦੇ ਹਨ। ਇਸ ਲਈ ਸਰਕਾਰ ਨੂੰ ਇਸ ਕਾਰੋਬਾਰ ਨੂੰ ਰੋਕਣ ਲਈ ਪੂਰੀ ਰਣਨੀਤੀ ਨਾਲ ਕੰਮ ਕਰਨਾ ਪਵੇਗਾ। ਨਕਲੀ ਸ਼ਰਾਬ ਦੀ ਵਿਕਰੀ ਦਾ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਵਿਚ ਠੇਕਿਆਂ ਤੇ ਮਿਲਣ ਵਾਲੀ ਸ਼ਰਾਬ ਗਵਾਂਢੀ ਸੂਬਿਆਂ ਨਾਲੋਂ ਮਹਿੰਗੀ ਹੈ। ਸ਼ਰਾਬ ਮਾਫੀਆ ਮਿਲੀਭੁਗਤ ਕਰਕੇ ਦੂਸਰੇ ਸੂਬਿਆਂ ਤੋਂ ਸ਼ਰਾਬ ਲਿਆ ਇਧਰ ਵੇਚਦੇ ਹਨ ਅਤੇ ਇਸਦੇ ਨਾਲ ਹੀ ਉਹ ਲੋਕ ਫਿਰ ਨਕਲੀ ਸ਼ਰਾਬ ਸਿਲੈਕਡ ਬਰਾਂਡ ਅਧੀਨ ਖਾਲੀ ਸ਼ਰਾਬ ਦੀਆਂ ਬੋਤਲਾਂ ਵਿਚ ਸੀਲਾਂ ਲਗਾ ਕੇ ਵੇਚਦੇ ਹਨ। ਉਸ ਸ਼ਰਾਬ ਨੂੰ ਇਸ ਮਾਫੀਆ ਦੇ ਲੋਕ ਸਰਕਾਰੀ ਠੇਕੇ ਤੇ ਮਿਲਣ ਵਾਲੀ ਅੰਗਰੇਜੀ ਸ਼ਰਾਬ ਦੀ ਇਕ ਬੋਤਲ ਪਿੱਛੇ ਦੋ ਤੋਂ ਤਿੰਨ ਸੌ ਰੁਪਏ ਘੱਟ ਕੀਮਤ ਤੇ ਦੇ ਦਿੰਦੇ ਹਨ ਅਤੇ ਦੇਸੀ ਸ਼ਰਾਬ ਵੀ ਬਹੁਤ ਘੱਟ ਕੀਮਤ ਤੇ ਦੇ ਦਿੰਦੇ ਹਨ। ਇਨ੍ਹਾਂ ਹੀ ਨਹੀਂ ਤੁਹਾਡੀ ਮੰਗ ਅਤੇ ਲੋੜ ਅਨੁਸਾਰ ਤੁਹਾਡੇ ਦਰ ਤੱਕ ਸ਼ਰਾਬ ਦੀ ਸਪਲਾਈ ਹੋ ਜਾਂਦੀ ਹੈ। ਦੂਸਰੇ ਰਾਜਾਂ ਨਾਲੋਂ ਮਹਿੰਗੀ ਸ਼ਰਾਬ ਦੀਆਂ ਕੀਮਤਾਂ ਦਾ ਫਾਇਦਾ ਮਾਫੀਆ ਉਠਾਉਂਦਾ ਹੈ। ਇਸ ਲਈ ਸਰਕਾਰ ਨੂੰ ਸ਼ਰਾਬ ਨੀਤੀ ਵਿਚ ਇਨ੍ਹਾਂ ਮੁੱਦਿਆਂ ਪ੍ਰਤੀ ਬਦਲਾਅ ਕਰਨ ਦੀ ਲੋੜ ਹੈ ਅਤੇ ਇਸਦੇ ਨਾਲ ਹੀ ਸ਼ਰਾਬ ਮਾਫੀਆ ਨੂੰ ਖਤਮ ਕਰਨ ਲਈ ਢੁਕਵੇਂ ਕਦਮ ਚੁੱਕੇ ਜਾਣੇ ਜਰੂਰੀ ਹਨ।
ਹਰਵਿੰਦਰ ਸਿੰਘ