ਜਗਰਾਉਂ, 9 ਜਨਵਰੀ ( ਜਗਰੂਪ ਸੋਹੀ, ਧਰਮਿੰਦਰ )-ਨਗਰ ਕੌਂਸਲ ਵੱਲੋਂ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਅੱਜ ਦੂਜੇ ਦਿਨ ਵੀ ਜਾਰੀ ਰਹੀ। ਬੁੱਧਵਾਰ ਨੂੰ ਨਗਰ ਕੌਂਸਲ ਦੀ ਟੀਮ ਨੇ ਕਮਲ ਚੌਕ, ਅਨਾਰਕਲੀ ਬਾਜ਼ਾਰ, ਸੁਭਾਸ਼ ਗੇਟ, ਲਾਜਪਤ ਰਾਏ ਰੋਡ, ਲਿੰਕ ਰੋਡ ਅਤੇ ਰਾਏਕੋਟ ਰੋਡ ’ਤੇ ਕਾਰਵਾਈ ਕੀਤੀ। ਮੰਗਲਵਾਰ ਦੀ ਤਰ੍ਹਾਂ ਅੱਜ ਵੀ ਨਗਰ ਕੌਂਸਲ ਦੇ ਕਰਮਚਾਰੀਆਂ ਨੇ ਆਪਣੇ ਨਗਰ ਕੌਂਸਲ ਦਫ਼ਤਰ ਦੇ ਬਾਹਰ ਦੁਕਾਨਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਦੀ ਬਜਾਏ ਉਥੋਂ ਅੱਗੇ ਜਾ ਕੇ ਕਾਰਵਾਈ ਸ਼ੁਰੂ ਕੀਤੀ ਅਤੇ ਬਾਜ਼ਾਰਾਂ ਵਿੱਚੋਂ ਦੁਕਾਨਾਂ ਅੱਗੇ ਰੱਖੇ ਸਾਮਾਨ ਨੂੰ ਜ਼ਬਤ ਕਰਕੇ ਟਰਾਲੀਆਂ ਵਿੱਚ ਭਰਨਾ ਸ਼ੁਰੂ ਕਰ ਦਿੱਤਾ। ਇਸ ਮੁਹਿੰਮ ਦੌਰਾਨ ਉਸ ਸਮੇਂ ਵਿਵਾਦ ਪੈਦਾ ਹੋ ਗਿਆ ਜਦੋਂ ਮੁਲਾਜ਼ਮ ਟਰਾਲੀ ਲੈ ਕੇ ਕੁੱਕੜ ਮੰਡੀ ਵਿੱਚ ਪੁੱਜੇ ਅਤੇ ਕੁੱਕੜ ਚੌਕ ਨੇੜੇ ਇੱਕ ਭਾਂਡਿਆਂ ਦੀ ਦੁਕਾਨ ਦੀ ਥੜ੍ਹੇ ’ਤੇ ਰੱਖੇ ਭਾਂਡੇ ਕਬਜ਼ੇ ਹਟਾਉਣ ਵਾਲੀ ਟੀਮ ਦੇ ਮੈਂਬਰਾਂ ਵੱਲੋਂ ਚੁੱਕ ਕੇ ਟਰਾਲੀ ਵਿੱਚ ਸੁੱਟ ਲਏ। ਨਗਰ ਕੌਂਸਲ ਟੀਮ ਦਾ ਭਾਂਡਿਆਂ ਦੀ ਦੁਕਾਨ ਦੇ ਮਾਲਕ ਵੱਲੋਂ ਹੀ ਵਿਰੋਧ ਨਹੀਂ ਕੀਤਾ ਗਿਆ, ਸਗੋਂ ਉਸ ਦੇ ਨਾਲ ਬਾਜਾਰ ਦੇ ਸਮੂਹ ਦੁਕਾਨਦਾਰ ਵੀ ਮੌਕੇ ’ਤੇ ਇਕੱਠੇ ਹੋ ਗਏ ਅਤੇ ਦੁਕਾਨ ਦੀ ਥੜ੍ਹੇ ’ਤੇ ਰੱਖੇ ਭਾਂਡਿਆਂ ਨੂੰ ਚੁੱਕਣ ਦਾ ਸਖ਼ਤ ਵਿਰੋਧ ਕੀਤਾ। ਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਂਸਲ ਦੀ ਇਹ ਕਾਰਵਾਈ ਪੱਖਪਾਤੀ ਹੈ। ਇਹ ਵੱਡੇ ਅਤੇ ਪ੍ਰਭਾਵਸ਼ਾਲੀ ਦੁਕਾਨਦਾਰਾਂ ਵਿਰੁੱਧ ਮੁਹਿੰਮ ਨਹੀਂ ਹੈ, ਸਗੋਂ ਛੋਟੇ ਅਤੇ ਗਰੀਬ ਦੁਕਾਨਦਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਨਗਰ ਕੌਸਲ ਆਪਣੇ ਦਫ਼ਤਰ ਤੋਂ ਸ਼ੁਰੂ ਹੋ ਕੇ ਬਿਨਾਂ ਕਿਸੇ ਭੇਦ-ਭਾਵ ਦੇ ਸਾਰਿਆਂ ਖ਼ਿਲਾਫ਼ ਇਕ ਸਿਰੇ ਤੋਂ ਬਰਾਬਰ ਕਾਰਵਾਈ ਕਰਨ ਦੀ ਹਿੰਮਤ ਦਿਖਾਵੇ। ਦੁਕਾਨਦਾਰਾਂ ਦੀ ਨਗਰ ਕੌਂਸਲ ਦੇ ਮੁਲਾਜ਼ਮਾਂ ਨਾਲ ਮੌਕੇ ’ਤੇ ਹੀ ਤਿੱਖੀ ਬਹਿਸ ਵੀ ਹੋਈ। ਜਿਸ ਤਰ੍ਹਾਂ ਮੰਗਲਵਾਰ ਨੂੰ ਇਸ ਮੁਹਿੰਮ ਦੇ ਪਹਿਲੇ ਦਿਨ ਨਗਰ ਕੌਂਸਲ ਦੀ ਟੀਮ ਵਲੋਂ ਬਾਜ਼ਾਰਾਂ ’ਚ ਸਾਮਾਨ ਜ਼ਬਤ ਕਰਨ ਦੀ ਕਾਰਵਾਈ ਕਰਨ ਲਈ ਗੇੜਾ ਦਿਤਾ ਗਿਆ ਅਤੇ ਉਸ ਟੀਮ ਦੇ ਬਾਜਾਰਾਂ ਵਿਚੋਂ ਵਾਪਿਸ ਮੁੜਦਿਆਂ ਹੀ ਸੜਕਾਂ ’ਤੇ ਦੁਕਾਨਾਂ ਉਸੇ ਤਰ੍ਹਾਂ ਸਜਦੀਆਂ ਰਹੀਆਂ ਅਤੇ ਟ੍ਰੈਫਿਕ ਦੀ ਹਾਲਤ ਵੀ ਪਹਿਲਾਂ ਵਾਂਗ ਹੀ ਬਣੀ ਨਜ਼ਰ ਆਈ।
ਰਜਿਸਟਰਡ ਰੈੜੀਆਂ 870 ਪਰ ਲੱਗਦੀਆਂ ਪੰਜ ਹਜਾਰ-
ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਲੱਗਦੀਆਂ ਰੇਹੜੀਆਂ ਅਤੇ ਪੈਸਿਆਂ ਲੈ ਕੇ ਦੁਕਾਨਾਂ ਅੱਗੇ ਰੇਹੜੀਆਂ ਲਗਵਾਉਣ ਵਾਲੇ ਦੁਕਾਨਦਾਰਾਂ ਖਿਲਾਫ ਦੂਜੇ ਦਿਨ ਵੀ ਕੋਈ ਕਾਰਵਾਈ ਨਹੀਂ ਹੋ ਸਕੀ। ਸੈਨੇਟਰੀ ਇੰਸਪੈਕਟਰ ਸ਼ਾਮ ਲਾਲ ਨੇ ਦੱਸਿਆ ਕਿ ਪੁਰਾਣੀ ਸਬਜ਼ੀ ਮੰਡੀ ਰੋਡ ਤੇ ਰੇਹੜੀਆਂ ਵਾਲਿਆਂ ਨੂੰ ਥੋੜਾ ਪਿੱਛੇ ਹਟਾ ਦਿਤਾ ਗਿਆ ਹੈ। ਇਸ ਮੌਕੇ ਇੱਕ ਗੱਲ ਸਾਹਮਣੇ ਆਈ ਕਿ ਨਗਰ ਕੌਂਸਲ ਅਨੁਸਾਰ ਪੂਰੇ ਸ਼ਹਿਰ ਵਿੱਚ ਸਿਰਫ਼ 870 ਰੇਹੜੀਆਂ ਹੀ ਰਜਿਸਟਰਡ ਹਨ ਪਰ ਇਸ ਸਮੇਂ ਸ਼ਹਿਰ ਭਰ ਵਿੱਚ ਪੰਜ ਹਜ਼ਾਰ ਦੇ ਕਰੀਬ ਰੇਹੜੀਆਂ ਲੱਗਦੀਆਂ ਹਨ। ਇਸ ਲਈ ਜੇਕਰ ਰਜਿਸਟਰਡ ਰੇਹੜੀਆਂ ਨੂੰ ਵੀ ਸ਼ਹਿਰ ਵਿੱਚ ਸਟਰੀਟ ਵੈਂਡਰ ਜ਼ੋਨ ਵਿਚ ਅਡਜਸਟ ਕਰ ਦਿਤਾ ਜਾਵੇ ਤਾਂ ਬਾਕੀ ਚਾਰ ਲਹਜਾਰ ਦੇ ਕਰੀਬ ਰੇਹੜੀਆਂ ਦਾ ਨਗਰ ਕੌਂਸਿਲ ਕੀ ਕਰੇਗੀ? ਸੈਨੇਟਰੀ ਇੰਸਪੈਕਟਰ ਸ਼ਾਮ ਲਾਲ ਨੇ ਕਿਹਾ ਕਿ ਜੋ ਰੇਹੜੀਆਂ ਨਗਰ ਕੌਂਸਲ ਕੋਲ ਰਜਿਸਟਰਡ ਹਨ, ਉਨ੍ਹਾਂ ਦੀ ਸ਼ਨਾਖਤ ਕਰਕੇ ਬਾਕੀ ਸਭ ਨੂੰ ਖਦੇੜ ਦਿਤਾ ਜਾਵੇਗਾ।