ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ ( ਮੋਹਿਤ ਜੈਨ)-ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਜ਼ਿਲ੍ਹੇ ਦੀਆਂ ਸਮੂਹ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਦੇ ਕਾਰਜ ਸਾਧਕ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਸ਼ਹਿਰਾਂ ਦੀ ਸਾਫ ਸਫਾਈ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਸੜਕਾਂ ਕਿਨਾਰੇ ਕੂੜਾ ਸੁੱਟਣ ਵਾਲਿਆਂ ਦੇ ਚਲਾਨ ਕੱਟਣ ਦੀ ਮੁਹਿੰਮ ਵਿੱਚ ਹੋਰ ਤੇਜੀ ਲਿਆਂਦੀ ਜਾਵੇ ਤਾਂ ਜੋ ਸ਼ਹਿਰਾਂ ਦੀ ਖੂਬਸੂਰਤੀ ਬਣੀ ਰਹੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਲੋਕ ਆਪਣੇ ਘਰਾਂ ਜਾਂ ਦੁਕਾਨਾਂ ਦਾ ਕੂੜਾ ਸੜਕਾਂ ਕਿਨਾਰੇ ਸੁੱਟ ਦਿੰਦੇ ਹਨ ਜਿਸ ਨਾਲ ਜਿਥੇ ਸ਼ਹਿਰ ਦੀ ਖੂਬਸੂਰਤੀ ਘਟਦੀ ਹੈ ਉਥੇ ਹੀ ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਫੈਲਣ ਦਾ ਖਤਰਾ ਬਣਿਆਂ ਰਹਿੰਦਾ ਹੈ ਇਸ ਲਈ ਸ਼ਹਿਰਾਂ ਨੂੰ ਸਾਫ ਸੁਥਰਾ ਤੇ ਸੁੰਦਰ ਬਣਾਉਣ ਲਈ ਵਿਸ਼ੇਸ਼ ਯਤਨ ਸ਼ੁਰੂ ਕੀਤੇ ਜਾਣ।ਡਿਪਟੀ ਕਮਿਸ਼ਨਰ ਨੇ ਪੁਰਾਣੇ ਸਰਹਿੰਦ ਦੀ ਡੰਪ ਸਾਇਡ ਤੇ ਕੂੜੇ ਦੇ ਢੇਰ ਲੱਗੇ ਹੋਣ ਬਾਰੇ ਨਗਰ ਕੌਂਸਲ ਸਰਹਿੰਦ ਦੇ ਕਾਰਜ ਸਾਧਕ ਅਫਸਰ ਗੁਰਬਖਸ਼ੀਸ਼ ਸਿੰਘ ਨੂੰ ਪੁਛਿਆ ਤਾਂ ਉਨ੍ਹਾਂ ਦੱਸਿਆ ਕਿ ਕੌਂਸਲ ਵੱਲੋਂ ਕੂੜੇ ਦੀ ਸੈਗਰੀਗੇਸ਼ਨ ਕਰਕੇ ਡੋਰ ਟੂ ਡੋਰ ਕੂੜਾ ਇਕੱਠਾ ਕਰਕੇ ਇਸ ਜਗ੍ਹਾਂ ਤੇ ਸੁੱਟਿਆ ਜਾਂਦਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਸਵੱਛਤਾ ਮੁਹਿੰਮ ਤਹਿਤ ਇਸ ਕੂੜੇ ਦੇ ਢੇਰ ਨੁੰ ਖ਼ਤਮ ਕਰਨ ਲਈ ਇੱਕ ਨਿੱਜੀ ਕੰਪਨੀ ਨੂੰ ਇਹ ਕੰਮ ਅਲਾਟ ਕੀਤਾ ਗਿਆ ਹੈ ਜੋ ਕਿ ਇਹ ਕੂੜਾ ਖਤਮ ਕਰਨ ਲਈ ਕਾਰਵਾਈ ਕਰ ਰਹੀ ਹੈ, ਪ੍ਰੰਤੂ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਕੰਮ ਰੁਕਿਆ ਸੀ ਜਿਸ ਕਾਰਨ ਕੂੜਾ ਇਕੱਠਾ ਹੋ ਗਿਆ। ਉਨ੍ਹਾਂ ਕਿਹਾ ਕਿ ਹੁਣ ਮੌਸਮ ਸਾਫ ਹੋ ਗਿਆ ਹੈ ਅਤੇ ਸਬੰਧਤ ਏਜੰਸੀ ਨਾਲ ਗੱਲਬਾਤ ਕਰਕੇ ਇਹ ਕੂੜਾ ਤੁਰੰਤ ਖ਼ਤਮ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸ਼ਹਿਰ ਵਾਸੀਆਂ ਨੂੰ ਸਾਫ ਸੁਥਰਾ ਵਾਤਾਵਰਣ ਦੇਣ ਲਈ ਵਚਨਬੱਧ ਹੈ ਅਤੇ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ।