- ਲੱਡੂਆਂ ਦਾ ਜ਼ੁਰਮਾਨਾ ਲਾ ਕੇ ਛੱਡੇ ਤੋਲਾ ਤੇ ਆੜ੍ਹਤੀ
ਮੁੱਲਾਂਪੁਰ ਦਾਖਾ, 26 ਅਪ੍ਰੈਲ (ਸਤਵਿੰਦਰ ਸਿੰਘ ਗਿੱਲ) ਕਿਸਾਨਾਂ ਦੀ ਹੱਡ ਭੰਨਵੀ ਮਿਹਨਤ ਨਾਲ ਪੈਦਾ ਕੀਤੀ ਹੋਈ ਜਿਨਸ ਦੀ ਮੰਡੀਆਂ ਵਿੱਚ ਲੁੱਟ ਖਸੁੱਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਵੱਲੋਂ ਅੱਜ ਸਥਾਨਕ ਮੁੱਲਾਂਪੁਰ ਦਾਖਾ ਦਾਣਾ ਮੰਡੀ ਵਿਖੇ ਭਰੀਆਂ ਹੋਈਆਂ ਕਣਕ ਦੀਆਂ ਬੋਰੀਆਂ ਦਾ ਭਾਰ ਤੋਲਣ ਤੇ ਪਿੰਡ ਦਾਖੇ ਦੇ ਇਕ ਕਿਸਾਨ ਵੀਰ ਦੀਆਂ ਕਣਕ ਦੀਆਂ ਭਰ ਕੇ ਸੀਤੀਆਂ ਹੋਈਆਂ ਬੋਰੀਆਂ ਦਾ ਭਾਰ ਤੋਲਣ ਸਮੇਂ ਸਣੇ ਬੋਰੀ 50 ਕਿਲੋ 600 ਗ੍ਰਾਮ ਦੀ ਥਾਂ ਤੇ 51 ਕਿਲੋ 200 ਗ੍ਰਾਮ ਭਰੀ ਹੋਈ ਮਿਲਣ ਦੇ ਚਲਦੇ ਆੜ੍ਹਤੀ ਅਤੇ ਤੋਲੇ ਦੀ ਚੰਗੀ ਤਰਾਂ ਕਲਾਸ ਲਾਈ ਗਈ। ਕਿਸਾਨ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਨੇ ਕਿਹਾ ਕਿ ਸਾਡਾ ਮਕਸਦ 6 ਮਹੀਨੇ ਮਿਹਨਤ ਕਰਨ ਵਾਲੇ ਕਿਸਾਨ ਭਰਾ ਜਦੋਂ ਉਨ੍ਹਾਂ ਦੀ ਜਿਨਸ ਤੋਲੀ ਜਾਂਦੀ ਹੈ ਓਹ ਕੰਡੇ ਤੋਂ ਦੂਰ ਨਾ ਖੜ੍ਹਨ ਕਿਉਕਿ ਜਦੋਂ ਤੁਸੀਂ ਕੰਡੇ ਤੋਂ ਦੂਰ ਹੋ ਜਾਂਦੇ ਹੋ ਤਾਂ ਤੁਹਾਡੀ ਲੁੱਟ ਸ਼ੁਰੂ ਹੋ ਜਾਂਦੀ ਹੈ। ਯੂਨੀਅਨ ਵਾਲਿਆਂ ਦੀ ਅਤੇ ਆੜ੍ਹਤੀਆਂ ਦੀ ਇਸ ਮੌਕੇ ਵੱਧ ਭਰੀ ਗਈ ਕਣਕ ਦੇ ਕਾਰਨ ਆਪਿਸ ਵਿੱਚ ਬਹਿਸ ਬਾਜੀ ਵੀ ਹੋਈ ਤੇ ਆਖਰ ਤੋਲੇ ਤੇ ਤੋੜਾ ਝਾੜਿਆ ਗਿਆ ਜਿਸਨੂੰ ਕਿਸਾਨ ਯੂਨੀਅਨ ਨੇ 20 ਕਿਲੋ ਲੱਡੂ ਮੰਡੀ ਦੇ ਮਜ਼ਦੂਰਾਂ ਨੂੰ ਵੰਡਣ ਦਾ ਜੁਰਮਾਨਾ ਅਤੇ ਕਿਸਾਨ ਦੇ ਖਾਤੇ ਵਿੱਚ ਵਾਧੂ ਭਰੀ ਕਣਕ ਪਾਉਣ ਲਈ ਕਹਿਕੇ ਮਾਮਲਾ ਨਬੇੜ ਦਿੱਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਮਾਜਰੀ ਨੇ ਮੰਡੀ ਦੇ ਤੋਲਿਆਂ ਨੂੰ ਸ਼ਖਤ ਸ਼ਬਦਾਂ ਵਿੱਚ ਤਾੜਨਾ ਕੀਤੀ ਕਿ ਅਗਰ ਅੱਗੇ ਤੋਂ ਕੋਈ ਵੀ ਤੋਲੇ ਦੀ ਤੁਲਾਈ ਵਿੱਚ ਤਹਿ ਸੁਦਾ ਭਾਰ ਤੋਂ ਵੱਧ ਭਰੀ ਹੋਈ ਬੋਰੀ ਪਾਈ ਗਈ ਤਾਂ ਉਸਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਯੂਨੀਅਨ ਦੇ ਬਲਾਕ ਸੁਧਾਰ ਦੇ ਆਗੂ ਜਗਤਾਰ ਸਿੰਘ ਐਤੀਆਣਾ ਨੇ ਦਸਿਆ ਕਿ ਆੜ੍ਹਤੀ ਤੇਲੂ ਰਾਮ ਅਤੇ ਵਿੱਕੀ ਦੀਆਂ ਦੁਕਾਨਾਂ ਤੋਂ ਵੀ ਅਸੀਂ ਬੋਰੀਆਂ ਦਾ ਭਾਰ ਤੋਲਿਆ ਜਿਹੜਾ ਠੀਕ ਪਾਇਆ ਗਿਆ ਤੇ ਹੁਣ ਓਹ ਰਾਏਕੋਟ ਰੋਡ ਸਥਿਤ ਮੰਡੀ ਵਿੱਚ ਜਾ ਕੇ ਚੈਕਿੰਗ ਕਰਨਗੇ। ਕਣਕ ਦੀਆਂ ਭਰੀਆਂ ਹੋਈਆਂ ਬੋਰੀਆਂ ਵਿੱਚ ਵੱਧ ਭਰੀ ਹੋਈ ਕਣਕ ਮਿਲਣ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਜਸਜੀਤ ਸਿੰਘ ਨਾਲ ਹੋਈ ਗੱਲਬਾਤ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਆੜ੍ਹਤੀ ਉੱਪਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨਜਿੰਦਰ ਸਿੰਘ ਮੋਰਕਰੀਮਾ, ਜਗਰੂਪ ਸਿੰਘ ਹਿਸੋਵਾਲ ਬਲਾਕ ਮੁੱਲਾਂਪੁਰ ਪ੍ਰਧਾਨ, ਅਮਨਦੀਪ ਸਿੰਘ ਲਲਤੋਂ ਲੁਧਿਆਣਾ 1 ਦੇ ਪ੍ਰਧਾਨ, ਜਗਤਾਰ ਸਿੰਘ ਐਤੀਆਣਾ ਸੀਨੀਅਰ ਮੀਤ ਪ੍ਰਧਾਨ ਸੁਧਾਰ, ਬਲਾਕ ਰਾਏਕੋਟ ਪ੍ਰਧਾਨ ਰਣਧੀਰ ਸਿੰਘ ਸਮੇਤ ਮੰਡੀ ਦੇ ਕਈ ਆੜ੍ਹਤੀ ਅਤੇ ਤੋਲੇ ਵੀ ਹਾਜ਼ਰ ਸਨ।