ਪਠਾਨਕੋਟ,4 ਸਤੰਬਰ (ਰੋਹਿਤ ਗੋਇਲ – ਮੋਹਿਤ ਜੈਨ) : ਗ਼ਰੀਬ ਪਰਿਵਾਰਾਂ ਦੇ ਨਾਜਾਇਜ਼ ਕੱਟੇ ਰਾਸ਼ਨ ਕਾਰਡ ਬਹਾਲ, ਡੀਪੂਆਂ ਹੋਲਡਰਾਂ ਵੱਲੋਂ ਕਣਕ ਘੱਟ ਦੇਣ, ਬਿਨਾਂ ਕਿਸੇ ਕਾਰਨ ਕੁਝ ਮੈਂਬਰਾਂ ਦੇ ਨਾਮ ਰਾਸ਼ਨ ਕਾਰਡ ‘ਚੋਂ ਕੱਟਣ ਅਤੇ ਲੋੜਵੰਦ ਗਰੀਬ ਲੋਕਾਂ ਦੇ ਨਵੇਂ ਰਾਸ਼ਨ ਕਾਰਡ ਬਣਵਾਉਣ ਵਿੱਚ ਪੰਜਾਬ ਸਰਕਾਰ ਅਤੇ ਫੂਡ ਤੇ ਸਿਵਲ ਸਪਲਾਈ ਦੇ ਅਧਿਕਾਰੀਆਂ ਵੱਲੋਂ ਡੰਗ ਟਪਾਉ ਤੇ ਢਿੱਲ ਮੱਠ ਨੀਤੀ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਨ ਖ਼ਿਲਾਫ਼ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਅੱਜ ਤੋਂ ਜਿਲ੍ਹਾ ਹੈਡਕੁਆਰਟਰ ਪਠਾਨਕੋਟ ਵਿਖੇ ਲਗਾਤਾਰ ਧਰਨਾ ਸ਼ੁਰੂ ਕਰ ਦਿੱਤਾ ਗਿਆ।ਜਾਣਕਾਰੀ ਦਿੰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਅਜੀਤ ਰਾਮ ਗੰਦਲਾਂ ਲਾਹੜੀ ਅਤੇ ਪ੍ਰਵੀਨ ਕੁਮਾਰ ਬਮਿਆਲ ਨੇ ਦੱਸਿਆ ਕਿ ਜਦੋਂ ਦੇ ਗਰੀਬ ਲੋਕਾਂ ਦੇ ਨਾਜਾਇਜ਼ ਹੀ ਰਾਸ਼ਨ ਕਾਰਡ ਕੱਟੇ ਗਏ ਹਨ ਲੋਕ ਆਪ ਮੁਹਾਰੇ ਲਗਾਤਾਰ ਡੀਪੂ ਹੋਲਡਰਾਂ ਅਤੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਦਫਤਰ ਵਿੱਚ ਗੇੜੇ ਮਾਰ-ਮਾਰ ਥੱਕ ਹਾਰ ਗਏ ਹਨ ਪਰ ਸਿਵਾਏ ਲਾਰਿਆਂ ਦੇ ਕੁੱਝ ਪੱਲੇ ਨਹੀਂ ਪਿਆ। ਆਗੂਆਂ ਨੇ ਅੱਗੇ ਕਿਹਾ ਕਿ ਦੋ ਮਹੀਨੇ ਪਹਿਲਾਂ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ ਹੇਠ ਕੁੱਝ ਪਿੰਡਾਂ ਫੂਲ ਪਿਆਰਾ, ਸ਼ਹਿਰ ਛੰਨੀ, ਛੰਨ ਕੋਠੇ ਬੇੜੀਆਂ, ਇਸਲਾਮ ਪੁਰ ਨਰੋਟ ਮਹਿਰਾ ਅਤੇ ਬਮਿਆਲ ਏਰੀਏ ਦੇ ਗਰੀਬ ਪਰਿਵਾਰਾਂ ਨੇ 20 ਜੂਨ ਨੂੰ ਧਰਨਾ ਦੇ ਕੇ ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਸੀ ਕਿ ਲੋੜਵੰਦ ਗਰੀਬ ਲੋਕਾਂ ਦੇ ਨਜਾਇਜ਼ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ, ਫੌਰੀ ਤੌਰ ‘ਤੇ ਉਹਨਾਂ ਨੂੰ ਕਣਕ ਦਿੱਤੀ ਜਾਵੇ ਅਤੇ ਬਿਨਾਂ ਪੜਤਾਲ ਕੀਤਿਆਂ ਰਾਸ਼ਨ ਕਾਰਡ ਕੱਟਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਦੀ ਇਨਕੁਆਰੀ ਕਰਕੇ ਵਿਭਾਗੀ ਕਾਰਵਾਈ ਕੀਤੀ ਜਾਵੇ ਪਰ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਅਣਡਿੱਠ ਕੀਤਾ ਗਿਆ।ਸੀਟੀਯੂ ਪੰਜਾਬ ਦੇ ਆਗੂ ਮਾਸਟਰ ਸੁਭਾਸ਼ ਸ਼ਰਮਾ, ਜਮਹੂਰੀ ਕਿਸਾਨ ਸਭਾ ਦੇ ਆਗੂ ਕਾਮਰੇਡ ਬਲਵੰਤ ਸਿੰਘ ਘੋਹ,ਬਲਬੀਰ ਸਿੰਘ ਬੇੜੀਆਂ, ਆਰ ਐਮ ਪੀ ਆਈ ਦੇ ਜਿਲ੍ਹਾ ਪ੍ਰਧਾਨ ਕਾਮਰੇਡ ਸ਼ਿਵ ਕੁਮਾਰ ਨੇ ਸਮੂਹ ਪਾਰਟੀ ਮੈਂਬਰਾਂ ਅਤੇ ਬਰਾਂਚਾਂ ਨੂੰ ਧਰਨੇ ਦੀ ਸਫਲਤਾ ਤੇ ਗਰੀਬ ਲੋਕਾਂ ਦੀਆਂ ਮੰਗਾਂ ਦੀ ਪ੍ਰਰਾਪਤੀ ਲਈ ਧਰਨੇ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਉਚ ਅਧਿਕਾਰੀਆਂ ਨੂੰ ਅਹਿਮ ਅਹੁਦੇ ਤੇ ਨਿਯੁਕਤ ਕਰਨਾ ਜਾਂ ਸਰਮਾਏਦਾਰਾਂ ਦੇ ਹਿਤਾਂ ਦੀ ਗੱਲ ਹੋਵੇ ਤਾਂ ਉੱਪਰ ਤੋਂ ਹੇਠਾਂ ਤੱਕ ਸਾਰਾ ਪ੍ਰਸ਼ਾਸ਼ਨ ਹਰਕਤ ਵਿੱਚ ਆ ਜਾਂਦਾ ਹੈ ਤੇ ਸਾਲਾਂ ਦੇ ਪੈਂਡਿੰਗ ਕੰਮ ਘੰਟਿਆਂ ਵਿਚ ਹੱਲ ਹੋ ਜਾਂਦੇ ਹਨ ਪਰੰਤੂ ਗਰੀਬ ਲੋਕਾਂ ਦੇ ਜਾਇਜ਼ ਕੰਮਾਂ ਲਈ ਸੌ ਬਹਾਨੇ ਘੜੇ ਜਾਂਦੇ ਹਨ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।