ਲੁਧਿਆਣਾ, 12 ਦਸੰਬਰ ( ਰੋਹਿਤ ਗੋਇਲ) -ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਰਾਜ ਸਭਾ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਵਿੱਚ ਬੋਲਦਿਆਂ ਗਰੀਬਾਂ ਨੂੰ ਪੂਰਾ ਲਾਭ ਦੇਣ ਲਈ ਆਯੁਸ਼ਮਾਨ ਸਕੀਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਆਯੁਸ਼ਮਾਨ ਯੋਜਨਾ ਦੇ ਅਧਿਕਾਰਤ ਅੰਕੜਿਆਂ ਅਨੁਸਾਰ, ਇਸ ਸਕੀਮ ਅਧੀਨ ਇਲਾਜ ਕੀਤੇ ਜਾਣ ਵਾਲੇ ਹਰੇਕ ਮਰੀਜ਼ ‘ਤੇ ਔਸਤਨ ਖਰਚਾ ਲਗਭਗ 12000 ਰੁਪਏ ਹੈ, ਜੋ ਕਿ ਇਸ ਯੋਜਨਾ ਵਿੱਚ ਮੰਨੇ ਜਾਣ ਵਾਲੇ 5 ਲੱਖ ਰੁਪਏ ਪ੍ਰਤੀ ਪਰਿਵਾਰ ਦੇ ਮੁਕਾਬਲੇ ਬਹੁਤ ਘੱਟ ਹੈ।
ਇਸ ਪਿੱਛੇ ਕਾਰਨ ਦੱਸਦੇ ਹੋਏ ਅਰੋੜਾ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਇਸ ਘੱਟ ਰਕਮ ਦਾ ਮੁੱਖ ਕਾਰਨ ਇਸ ਸਕੀਮ ਤਹਿਤ ਮਰੀਜ਼ਾਂ ਨੂੰ ਗੰਭੀਰ ਦੇਖਭਾਲ ਇਲਾਜ ਅਤੇ ਵੱਡੀਆਂ ਸਰਜਰੀ ਦੀਆਂ ਪ੍ਰਕਿਰਿਆਵਾਂ ਨਾ ਮਿਲਣਾ ਹੈ। ਉਨ੍ਹਾਂ ਹੈਰਾਨੀਜਨਕ ਖੁਲਾਸਾ ਕੀਤਾ ਕਿ ਮਰੀਜ਼ ਆਪਣੇ ਖਰਚੇ ‘ਤੇ ਇਲਾਜ ਕਰਵਾਉਣ ਲਈ ਵੱਡੇ-ਵੱਡੇ ਹਸਪਤਾਲਾਂ ‘ਚ ਜਾਣ ਲਈ ਮਜਬੂਰ ਹਨ |
ਅਰੋੜਾ ਨੇ ਕਿਹਾ ਕਿ ਮਰੀਜ਼ ਆਪਣੇ ਖਰਚੇ ‘ਤੇ ਗੰਭੀਰ ਇਲਾਜ ਕਰਵਾਉਣ ਲਈ ਮਜ਼ਬੂਰ ਹਨ ਕਿਉਂਕਿ ਸਾਰੀਆਂ ਸਹੂਲਤਾਂ ਵਾਲੇ ਬਹੁਤ ਘੱਟ ਵੱਡੇ ਹਸਪਤਾਲ ਆਯੂਸ਼ਮਾਨ ਸਕੀਮ ਅਧੀਨ ਆਪਣੇ ਆਪ ਨੂੰ ਸੂਚੀਬੱਧ ਕਰ ਰਹੇ ਹਨ।
ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਅਜਿਹੇ ਹਸਪਤਾਲਾਂ, ਖਾਸ ਤੌਰ ‘ਤੇ ਮੈਡੀਕਲ ਕਾਲਜਾਂ ਵਾਲੇ ਹਸਪਤਾਲਾਂ ਅਤੇ ਸਰਕਾਰ ਤੋਂ ਆਮਦਨ ਕਰ ਛੋਟ ਪ੍ਰਾਪਤ ਸੰਸਥਾਵਾਂ ਨੂੰ ਸੂਚੀਬੱਧ ਕਰਨਾ ਲਾਜ਼ਮੀ ਬਣਾਇਆ ਜਾਵੇ।
ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸੂਚੀਬੱਧ ਹਸਪਤਾਲਾਂ ਦੀ ਔਸਤਨ ਬੈੱਡ ਸਮਰੱਥਾ 48 ਬੈੱਡ ਪ੍ਰਤੀ ਹਸਪਤਾਲ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਿਰਫ ਛੋਟੇ ਹਸਪਤਾਲ ਹੀ ਸ਼ਾਮਲ ਹਨ ਜਿਨ੍ਹਾਂ ਕੋਲ ਗੰਭੀਰ ਮਰੀਜ਼ਾਂ ਦੇ ਇਲਾਜ ਲਈ ਪੂਰੀਆਂ ਸਹੂਲਤਾਂ ਨਹੀਂ ਹਨ।ਉਨ੍ਹਾਂ ਕਿਹਾ,“ਨਾਲ ਹੀ, ਵੱਡੇ ਹਸਪਤਾਲ ਆਪਣੇ ਆਪ ਨੂੰ ਸੂਚੀਬੱਧ ਨਹੀਂ ਕਰਦੇ ਕਿਉਂਕਿ ਆਯੁਸ਼ਮਾਨ ਦੇ ਤਹਿਤ ਪ੍ਰਵਾਨਿਤ ਦਰਾਂ ਬਹੁਤ ਘੱਟ ਹਨ।” ਉਨ੍ਹਾਂ ਦੀ ਰਾਏ ਸੀ ਕਿ ਜੇਕਰ ਇਨ੍ਹਾਂ ਦਰਾਂ ਨੂੰ ਸਵੀਕਾਰਯੋਗ ਪੱਧਰ ਤੱਕ ਵਧਾਇਆ ਜਾ ਸਕਦਾ ਹੈ, ਤਾਂ ਇਹ ਬਹੁਤ ਮਦਦਗਾਰ ਹੋਵੇਗਾ। ਉਨ੍ਹਾਂ ਸਰਕਾਰ ਨੂੰ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕਰਨ ਦੀ ਮੰਗ ਕੀਤੀ।
ਅਰੋੜਾ, ਜੋ ਸਿਹਤ ਅਤੇ ਪਰਿਵਾਰ ਭਲਾਈ ਬਾਰੇ ਸੰਸਦੀ ਸਥਾਈ ਕਮੇਟੀ ਦੇ ਮੈਂਬਰ ਵੀ ਹਨ, ਨੇ ਕਈ ਹੋਰ ਪਲੇਟਫਾਰਮਾਂ ‘ਤੇ ਵੀ ਇਹ ਮੁੱਦਾ ਉਠਾਇਆ ਹੈ। ਉਹ ਚਾਹੁੰਦੇ ਹਨ ਕਿ ਗਰੀਬ ਲੋਕ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਸਕਣ।