ਮੋਗਾ, 14 ਸਤੰਬਰ ( ਅਸ਼ਵਨੀ) -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਵੱਲੋਂ 18 ਸਤੰਬਰ ਤੋਂ 22 ਸਤੰਬਰ 2023 ਤੱਕ, 5 ਰੋਜ਼ਾ ਸਬਜ਼ੀਆਂ ਦੀ ਕਾਸ਼ਤ, ਪਨੀਰੀ ਉਤਪਾਦਨ, ਬੀਜ ਉਤਪਾਦਨ ਅਤੇ ਸੁਰੱਖਿਅਤ ਖੇਤੀ ਸੰਬੰਧੀ ਕਿੱਤਾ ਮੁੱਖੀ ਸਿਖਲਾਈ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕੋਰਸ ਵਿੱਚ ਕਿਸਾਨ/ਕਿਸਾਨ ਬੀਬੀਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਸਬਜ਼ੀਆਂ ਦੀ ਪਨੀਰੀ ਤਿਆਰ ਕਰਨ ਅਤੇ ਬੀਜ ਉਤਪਾਦਨ ਸੰਬੰਧੀ ਵਿਸਥਾਰਪੂਰਵਕ ਸਿਖਲਾਈ ਦਿੱਤੀ ਜਾਵੇਗੀ ਅਤੇ ਇਸ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰਨ ਤੇ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਮੋਗਾ ਡਾ. ਅਮਨਦੀਪ ਸਿੰਘ ਬਰਾੜ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੇਨਿੰਗ ਲਗਾਉਣ ਦੇ ਚਾਹਵਾਨ ਕਿਸਾਨ 18 ਸਤੰਬਰ 2023 ਨੂੰ ਸਵੇਰੇ 10 ਵਜੇ ਤੱਕ ਕ੍ਰਿਸ਼ੀ ਵਿਗਿਆਨ ਕੇਂਦਰ, ਪਿੰਡ ਬੁੱਧ ਸਿੰਘ ਵਾਲਾ, ਚੜਿੱਕ ਰੋਡ, ਮੋਗਾ ਵਿਖੇ ਪਹੁੰਚ ਕੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ। ਇਸ ਟ੍ਰੇਨਿੰਗ ਵਿੱਚ ਹਿੱਸਾ ਲੈਣ ਵਾਲੇ ਚਾਹਵਾਨ ਕਿਸਾਨ ਅਤੇ ਕਿਸਾਨ ਬੀਬੀਆਂ ਆਪਣੇ ਨਾਲ ਪਹਿਚਾਣ ਪੱਤਰ ਜ਼ਰੂਰ ਲੈ ਕੇ ਆਉਣ ਅਤੇ ਔਰਤਾਂ ਲਈ ਇਸ ਕੋਰਸ ਦੀ ਫ਼ੀਸ ਸਿਰਫ਼ 50 ਰੁਪਏ ਅਤੇ ਮਰਦਾਂ ਲਈ ਸਿਰਫ਼ 100 ਰੁਪਏ ਹੈ।