ਨਕੋਦਰ, 12 ਦਸੰਬਰ ( ਬੌਬੀ ਸਹਿਜਲ, ਧਰਮਿੰਦਰ) -ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ (ਜਲੰਧਰ) ਵੱਲੋਂ ਗੁਰੂ ਨਾਨਕ ਨੈਸ਼ਨਲ ਕਾਲਜ, ਨਕੋਦਰ (ਲੜਕੇ) ਵਿਖੇ ਪੰਜਾਬੀ ਸਾਹਿਤ ਦੀਆਂ ਦੋ ਗ਼ਜ਼ਲ ਪੁਸਤਕਾਂ ‘ਕਥੂਰੀ’ (ਕੁਲਬੀਰ ਸਿੰਘ ਕੰਵਲ) ਅਤੇ ‘ਸੁਪਨਿਆਂ ਦਾ ਸਫ਼ਰ’ (ਗੁਲਸ਼ਨ ਮਿਰਜ਼ਾਪੁਰੀ) ਲੋਕ ਅਰਪਣ ਕੀਤੀਆਂ ਗਈਆਂ। ਇਸ ਮੌਕੇ ਦੀਪਕ ਗ਼ਜ਼ਲ ਸਕੂਲ ਦੇ ਜਾਨਸ਼ੀਨ ਜਨਾਬ ਗੁਰਦਿਆਲ ਰੌਸ਼ਨ ਹੁਰਾਂ ਮੰਜਕੀ (ਨਕੋਦਰ) ਦੇ ਖੇਤਰ ਨਾਲ਼ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਦੋਹਾਂ ਗ਼ਜ਼ਲਗੋਆਂ ਨੂੰ ਮੁਬਾਰਕਬਾਦ ਦਿੱਤੀ। ਇਸੇ ਤਰ੍ਹਾਂ ਪ੍ਰਸਿੱਧ ਗ਼ਜ਼ਲਗੋ ਜਨਾਬ ਸੁਲੱਖਣ ਸਰਹੱਦੀ ਹੁਰਾਂ ਗ਼ਜ਼ਲ ਬਾਰੇ ਵਿਚਾਰ ਸਾਂਝੇ ਕੀਤੇ। ਇਸ ਉਪਰੰਤ ਪ੍ਰਿੰ. ਕੁਲਵਿੰਦਰ ਸਿੰਘ ਸਰਾਏ (ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ, ਸ਼ਹੀਦ ਭਗਤ ਸਿੰਘ ਨਗਰ) ਹੁਰਾਂ ਸਾਹਿਤ ਦੀ ਸਮਾਜ ਵਿੱਚ ਭੂਮਿਕਾ ‘ਤੇ ਵਿਚਾਰ ਚਰਚਾ ਕੀਤੀ। ਇਸੇ ਤਰ੍ਹਾਂ ਪ੍ਰਿੰ. ਪ੍ਰਬਲ ਕੁਮਾਰ ਜੋਸ਼ੀ ਹੁਰਾਂ ਗੁਰੂ ਨੈਸ਼ਨਲ ਕਾਲਜ ਦੇ ਵਿਹੜੇ ਵਿੱਚ ਆਉਣ ‘ਤੇ ਸਭ ਦਾ ਸਵਾਗਤ ਕੀਤਾ। ਜਿਸ ਮਗਰੋਂ ‘ਅਲਖ’ ਦੇ ਸੰਪਾਦਕ ਡਾ. ਰਾਮ ਮੂਰਤੀ ਹੁਰਾਂ ਦੋਹਾਂ ਲੇਖਕਾਂ ਦੀਆਂ ਪੁਸਤਕਾਂ ‘ਤੇ ਪਰਚਾ ਪੜ੍ਹਿਆ।
ਇਸ ਉਪਰੰਤ ਬੱਝਵੇਂ ਸਮਾਗਮ ਵਿੱਚ ਸੱਦੇ ਹੋਏ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਅਤੇ ਕਵਿਤਾ/ਗ਼ਜ਼ਲ ਪਾਠ ਕਰਨ ਵਾਲ਼ੇ ਕਵੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਜਿਸ ਵਿੱਚ ਸੁਖਚਰਨ ਸਿੰਘ ਸਿੱਧੂ, ਮੋਹਣ ਸਿੰਘ ਮੋਤੀ, ਮੋਹਣ ਮਤਿਆਲਵੀ, ਭਜਨ ਆਦੀ, ਨਛੱਤਰ ਭੋਗਲ, ਰੂਪ ਲਾਲ ਰੂਪ, ਰਾਜਿੰਦਰ ਬਿਮਲ, ਮਾਲਵਿੰਦਰ ਸ਼ਾਇਰ, ਪ੍ਰੀਤ ਲੱਧੜ (ਗ਼ਜ਼ਲਗੋ ਤੇ ਗੀਤਕਾਰ), ਜਸਵੀਰ ਫੀਰਾ, ਜਸਬੀਰ ਸਿੰਘ ਭੋਗਲ, ਕੇਵਲ ਸਿੰਘ ਹਰਪਾਲ, ਸ਼ਿਵ ਨਾਥ ਦਰਦੀ, ਸੁਖਜਿੰਦਰ ਸਿੰਘ ਮੁਹਾਰ, ਹੇਮ ਰਾਜ ਪ੍ਰਵਾਨਾ, ਕੈਪਟਨ ਦਵਿੰਦਰ ਸਿੰਘ, ਕੁਲਬੀਰ ਸਿੰਘ ਕੰਵਲ, ਗੁਲਸ਼ਨ ਮਿਰਜ਼ਾਪੁਰੀ, ਬਲਦੇਵ ਸਿੰਘ ਹੇਅਰ, ਜਸਪਾਲ ਅਨਹਦ, ਕਰਨਜੀਤ, ਇੰਦਰਪਾਲ ਸਿੰਘ, ਡਾ. ਸੰਪੂਰਨ ਸਿੰਘ ਚਾਨੀਆ, ਸਤਬੀਰ ਸਿੰਘ ਚਾਨੀਆ, ਨਿਰਮਲ ਸਿੰਘ ਸੰਧੂ, ਜਗਦੀਸ਼ ਸਿੰਘ, ਕਪੂਰ ਸਿੰਘ ਅਤੇ ਨਵੀਨ ਸਿੰਘ ਕੰਵਲ ਆਦਿ ਜ਼ਿਕਰਯੋਗ ਸ਼ਖ਼ਸੀਅਤਾਂ ਸ਼ਾਮਲ ਸਨ। ਇਸੇ ਦੌਰਾਨ ਨਛੱਤਰ ਸਿੰਘ ਭੋਗਲ ਹੁਰਾਂ ਦੀਆਂ ਦੋ ਕਾਵਿ ਪੁਸਤਕਾਂ ‘ਕਲਮ’ ਤੇ ‘ਸੁੱਖ ਦੇ ਸਾਥੀ’ ਵੀ ਰਿਲੀਜ਼ ਕੀਤੀਆਂ ਗਈਆਂ। ਇਸ ਦੇ ਨਾਲ਼ ਹੀ ਇੱਕ ਵਿਸ਼ੇਸ਼ ਰਸਮ ਵੀ ਅਦਾ ਕੀਤੀ ਗਈ। ਜਿਸ ਵਿੱਚ ਗ਼ਜ਼ਲ ਉਸਤਾਦ ਜਨਾਬ ਸੁਲੱਖਣ ਸਰਹੱਦੀ ਹੁਰਾਂ ਨੇ ਆਪਣੇ ਸ਼ਾਗਿਰਦ ਮਾਲਵਿੰਦਰ ਸ਼ਾਇਰ ਨੂੰ ਪੱਗੜੀ ਦੇ ਕੇ ਗ਼ਜ਼ਲ ਉਸਤਾਦ ਦੀ ਉਪਾਧੀ ਦਿੱਤੀ। ਆਖ਼ਰ ਵਿੱਚ ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਦੇ ਪ੍ਰਧਾਨ ਜਸਵੀਰ ਸਿੰਘ ‘ਸ਼ਾਇਰ’ ਤੇ ਉਪ ਪ੍ਰਧਾਨ ਪ੍ਰੀਤ ਲੱਧੜ ਵੱਲੋਂ ਸਮਾਗਮ ਵਿੱਚ ਸ਼ਮੂਲੀਅਤ ਕਰਨ ਵਾਲੀਆਂ ਸਾਰੀਆਂ ਹਸਤੀਆਂ ਦਾ ਧੰਨਵਾਦ ਕੀਤਾ ਗਿਆ।