ਅਧਿਆਪਕ ਉਹ ਦੀਵਾ ਹੈ,ਜੋ ਵਿਦਿਆਰਥੀ ਦੇ ਜੀਵਨ ਨੂੰ ਰੌਸ਼ਨਾ ਦਿੰਦਾ ਹੈ,ਇਕ ਅਧਿਆਪਕ ਵਿਦਿਆਰਥੀ ਦੇ ਗਿਆਨ ਵਿਚ ਵਾਧਾ ਕਰਨ ਦੇ ਲਈ ਅਤੇ ਸਹੀ ਰਸਤਾ ਵਿਖਾਉਣ ਲਈ ਆਪਣਾ ਸਾਰਾ ਜੀਵਨ ਬਿਤਾ ਦਿੰਦਾ ਹੈ। ਮਹਾਨ ਕਵੀ ਕਾਲੀਦਾਸ ਜੀ ਅਨੁਸਾਰ ਜੇਕਰ ਗੁਰੂ ਅਤੇ ਪਰਮਾਤਮਾ ਆਹਮੋ ਸਾਹਮਣੇ ਹਨ, ਤਾਂ ਪਹਿਲਾਂ ਗੁਰੂ ਦੇ ਚਰਨ ਛੂਹਣੇ ਚਾਹੀਦੇ ਹਨ , ਕਿਉਂਕਿ ਅਧਿਆਪਕ ਉਹ ਗਿਆਨ ਰੂਪੀ ਰਸਤਾ ਵਿਖਾਉਂਦਾ ਹੈ,ਜੋ ਪ੍ਰਮਾਤਮਾ ਦੇ ਦਰ ਤੇ ਲੈ ਕੇ ਜਾਂਦਾ ਹੈ। ਅਧਿਆਪਕ, ਬਿਨਾਂ ਕਿਸੇ ਭੇਦ ਭਾਵ ਦੇ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਕੇ ਆਪਣਾ ਜੀਵਨ ਸਫ਼ਲ ਕਰ ਜਾਂਦਾ ਹੈ। ਭਾਰਤ ਵਿੱਚ ਹਰ ਸਾਲ 5 ਸਤੰਬਰ ਨੂੰ ਰਾਸ਼ਟਰੀ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਜੀਵਨ ਵਿਚ ਇਸਦੀ ਬਹੁਤ ਮਹੱਤਤਾ ਹੈ।ਇਹ ਦਿਨ ਬਹੁਤ ਹੀ ਸਤਿਕਾਰ ਯੋਗ ਮਹਾਨ ਸ਼ਖ਼ਸੀਅਤ ਡਾਕਟਰ ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮਦਿਨ ਵਾਲੇ ਦਿਨ ਮਨਾਇਆ ਜਾਂਦਾ ਹੈ, ਕਿਉਂਕਿ ਆਪ ਵਿਦਿਆਰਥੀ ਵਰਗ ਦੇ ਚਹੇਤੇ ਸਨ।ਆਪ ਭਾਰਤ ਦੇ ਪਹਿਲੇ ਉਪ ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਰਹੇ ਸਨ।ਆਪ ਦਾ ਜਨਮ 5 ਸਤੰਬਰ 1888 ਈਸਵੀ ਨੂੰ ਤਾਮਿਲਨਾਡੂ ਦੇ ਤਿਰੁਟਨੀ ਵਿਖੇ ਹੋਇਆ। ਆਪ 16 ਸਾਲ ਦੇ ਹੀ ਸਨ, ਜਦੋਂ ਕਿ ਆਪ ਜੀ ਦਾ ਵਿਆਹ ਸਿਵਾਕਾਮੂ ਰਾਧਾਕ੍ਰਿਸ਼ਨਨ ਨਾਲ ਹੋਇਆ। ਆਪ ਜੀ ਦੇ ਘਰ 5 ਧੀਆਂ ਅਤੇ ਇੱਕ ਪੁੱਤਰ ਨੇ ਜਨਮ ਲਿਆ।ਵੀਹ ਸਾਲ ਦੀ ਉਮਰ ਵਿੱਚ ਹੀ ਆਪਨੇ ਆਪਣਾ ਪਹਿਲਾ ਥੀਸਿਜ਼ ਲਿਖਿਆ। ਆਪਨੇ ਵੇਦਾਂ ਅਤੇ ਉਪਨਿਸ਼ਦਾਂ ਦਾ ਵੀ ਡੂੰਘਾ ਅਧਿਐਨ ਕੀਤਾ ਫ਼ਿਰ 1909 ਈਸਵੀ ਵਿੱਚ ਪ੍ਰੈਜੀਡੈਂਸੀ ਕਾਲਜ਼ ਚੇਨਈ ਵਿਖੇ ਆਪਨੇ, ਆਪਣਾ ਅਧਿਆਪਨ ਸਫ਼ਰ ਸ਼ੁਰੂ ਕੀਤਾ।ਆਪ ਜੀ ਨੇ ਦੇਸ਼ ਦੀ ਉਨਤੀ ਲਈ ਅਜਿਹੇ ਕੰਮ ਕੀਤੇ ਕਿ ਆਪ ਨੂੰ ਕਈ ਪੁਰਸਕਾਰ ਮਿਲ਼ੇ।ਆਪ ਨੇ ਨਾਮਵਰ ਯੂਨੀਵਰਸਿਟੀਆਂ , ਜਿਵੇਂ ਬਨਾਰਸ, ਚੇਨਈ, ਕੋਲਕਾਤਾ,ਮੈਸੂਰ ਤੋਂ ਇਲਾਵਾ ਲੰਡਨ ਵਿਖੇ ਆਕਸਫੋਰਡ ਯੂਨੀਵਰਸਿਟੀ ਵਿੱਚ ਵੀ ਪੜ੍ਹਾਇਆ।ਆਪ ਜੀ ਦੀਆਂ ਵਡਮੁੱਲੀਆਂ ਸੇਵਾਵਾਂ ਬਦਲੇ ਹੀ ਬਤੌਰ ਸਨਮਾਨ ਆਪ ਨੂੰ,1949 ਈਸਵੀ ਵਿੱਚ ਯੂਨੀਵਰਸਿਟੀ ਸਕਾਲਰਸ਼ਿਪ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਸੀ। ਆਪ ਜੀ ਨੇ ਢੇਰ ਸਾਰੀਆਂ ਪੁਸਤਕਾਂ ਲਿਖੀਆਂ, ਜਿਵੇਂ ਕਿ ਇੰਡੀਅਨ ਫਿਲੋਸਫੀ,ਏ ਹਿੰਦੂ ਵਿਊ ਆਫ਼ ਲਾਈਫ,ਦਾ ਫਿਲਾਸਫੀ ਆਫ਼ ਰਵਿੰਦਰ ਨਾਥ ਟੈਗੋਰ,ਐਨ ਆਈਡਿਅਲਿਸਟ ਵਿਊ ਆਫ਼ ਲਾਈਫ,ਦਾ ਕਾਨਸੈਪਟ ਆਫ਼ ਮੈਨ,ਈਸਟਰਨ ਰਿਲੀਜ਼ਨ ਐਂਡ ਵੈਸਟਰਨ ਥੌਟ ਅਤੇ ਮਾਈ ਸਰਚ ਫਾਰ ਟਰੁੱਥ ਆਦਿ। ਆਪ ਮਹਾਨ ਕਾਰਜਾਂ ਨਾਲ ਲੰਬਾ ਸਮਾਂ ਬਿਤਾਉਣ ਉਪਰੰਤ 17 ਅਪ੍ਰੈਲ 1975 ਈਸਵੀ ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਏ,ਪਰ ਅੱਜ ਵੀ ਉਹ ਵਿਦਿਆਰਥੀ ਵਰਗ ਦੇ ਦਿਲਾਂ ਦੀ ਧੜਕਣ ਬਣ ਜੀਵਤ ਹਨ। ਯਾਦ ਰਹੇ ਕਿ ਮਰਨ ਉਪਰੰਤ ਆਪ ਜੀ ਨੂੰ ਅਮਰੀਕਾ ਸਰਕਾਰ ਵੱਲੋਂ ਟ੍ਰੈਪਲਟਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਅੱਜ ਅਧਿਆਪਕ ਦਿਵਸ ਤੇ ਸਮੂਹ ਅਧਿਆਪਕ ਵਰਗ ਵਧਾਈ ਦਾ ਪਾਤਰ ਹੈ।
ਪੇਸ਼ਕਸ਼-ਬਲਦੇਵ ਜਗਰਾਓਂ (ਲੈਕਚਰਾਰ)
ਸ.ਸ.ਸ.ਸਕੂਲ ਸ਼ੇਰਪੁਰ ਕਲਾਂ (ਲੁਧਿ)
ਮੋਬਾਇਲ ਨੰਬਰ–9463031931
,