Home ਸਭਿਆਚਾਰ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਯਾਦ ਕਰਦਿਆਂ

ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਯਾਦ ਕਰਦਿਆਂ

68
0

      ਇਹ ਗੱਲ ਕੱਲ੍ਹ 20 ਦਸੰਬਰ 2022 ਦੀ ਹੈ। ਮੈਨੂੰ ਪੰਜਾਬੀ ਦੇ ਲੋਕ ਸ਼ਾਇਰ ਅਤੇ ਮੇਰੇ ਦੋਸਤ ਸ਼੍ਰੀ ਵਿਜੇ ਅਗਨੀਹੋਤਰੀ ਜੀ ਦਾ ਭੇਜਿਆ ਵੱਟਸਐਪ ਸੁਨੇਹਾ ਮਿਲਿਆ,
“ਬਾਬਾ ਸੋਹਣ ਸਿੰਘ ਭਕਨਾ ਜੀ ਅੱਜ ਦੇ ਦਿਨ ਸਾਥੋਂ ਸਰੀਰਕ ਤੌਰ ਤੇ ਜੁਦਾ ਹੋ ਗਏ ਸਨ।”
 ਠੀਕ ਇਸੇ ਤਰ੍ਹਾਂ 20 ਦਸੰਬਰ 1968 ਨੂੰ ਮੈਂ ਅਤੇ ਮੇਰੇ ਸਾਥੀਆਂ ਨੇ “ਬਾਬਾ ਜੀ ਚੱਲ ਵਸੇ” ਸਿਰਲੇਖ ਵਾਲਾ ਯੁਵਕ ਕੇਂਦਰ, ਰਜਿੰਦਰ ਨਗਰ, ਲਾਡੋਵਾਲੀ ਰੋਡ, ਜਲੰਧਰ ਵੱਲੋਂ ਪ੍ਰਕਾਸ਼ਿਤ ਇਸ਼ਤਿਹਾਰ, ਜਲੰਧਰ ਦੀਆਂ ਕੰਧਾਂ ਉੱਪਰ ਚਿਪਕਾਇਆ ਸੀ।    ਮੈਨੂੰ ਯਾਦ ਆ ਰਿਹਾ ਹੈ ਕਿ ਕਿਵੇਂ ਬਾਬਾ ਜੀ ਦੇ ਹੋਰਨਾਂ ਹਿਤੈਸ਼ੀਆਂ ਸਮੇਤ ਕਾਮਰੇਡ ਸਤਪਾਲ ਡਾਂਗ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਵਿਮਲਾ ਡਾਂਗ ਹੁਰਾਂ ਨੇ ਪੂਰੀ ਤਨਦੇਹੀ ਨਾਲ ਬਾਬਾ ਜੀ ਦੀ ਹਸਪਤਾਲ ਵਿਚ ਉਹਨਾਂ ਦੀ ਬਿਮਾਰੀ ਦੌਰਾਨ ਸੇਵਾ ਕੀਤੀ ਸੀ।ਬਾਬਾ ਭਕਨਾ ਜੀ ਉਸ ਸਮੇਂ ਯੁਵਕ ਕੇਂਦਰ, ਰਜਿੰਦਰ ਨਗਰ, ਲਾਡੋਵਾਲੀ ਰੋਡ, ਜਲੰਧਰ ਦੇ ਪ੍ਰਧਾਨ ਸਨ ਅਤੇ ਮੈਂ 1968-1970 ਦੇ ਸਮੇਂ ਦੌਰਾਨ, ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਆਪਣੀ ਐਮ ਏ ਪੁਲੀਟੀਕਲ ਸਾਇੰਸ ਦੀ ਪੜ੍ਹਾਈ ਯੁਵਕ ਕੇਂਦਰ ਦੇ ਦਫ਼ਤਰ ਵਿੱਚ ਰਹਿ ਕੇ ਹੀ ਪੂਰੀ ਕੀਤੀ ਸੀ। ਉਹਨਾਂ ਦੇ ਸੰਸਕਾਰ ਸਮੇਂ ਵੀ ਕਾਫ਼ੀ ਵੱਡੀ ਗਿਣਤੀ ਵਿੱਚ ਯੁਵਕ ਕੇਂਦਰ ਦੇ ਸਾਥੀ ਉਹਨਾਂ ਦੇ ਪਿੰਡ ਭਕਨਾ ਕਲਾਂ, ਜ਼ਿਲਾ ਅੰਮ੍ਰਿਤਸਰ ਵਿੱਚ ਪਹੁੰਚੇ ਸਨ।
     ਉਹਨਾਂ ਦੀ ਬਿਮਾਰੀ ਸਮੇਂ ਦੀ ਇਕ ਘਟਨਾ ਦਾ ਮੈਂ ਉਚੇਚਾ ਜ਼ਿਕਰ ਕਰਨਾ ਚਾਹਾਂਗਾ। ਗੱਲ ਇਹ ਹੋਈ ਕਿ ਉਹਨਾਂ ਦੀ ਬਿਮਾਰੀ ਦੀ ਹਾਲਤ ਵਿੱਚ ਉਹਨਾਂ ਨੂੰ ਉਸ ਸਮੇਂ ਦੇ ਮਸ਼ਹੂਰ ਸਰਕਾਰੀ “ਵੀ ਜੇ ਹਸਪਤਾਲ, ਅੰਮ੍ਰਿਤਸਰ” ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਸਰਕਾਰੀ ਹਸਪਤਾਲਾਂ ਅੰਦਰ ਮਰੀਜ਼ਾਂ ਦੇ ਇਲਾਜ ਲਈ ਜਨਰਲ ਵਾਰਡ ਅਤੇ ਸਪੈਸ਼ਲ ਵਾਰਡ ਨਾਂ ਦੇ ਦੋ ਵਾਰਡ ਹੁੰਦੇ ਸਨ। ਜਨਰਲ ਵਾਰਡ ਸਧਾਰਨ ਮਰੀਜ਼ਾਂ ਦੇ ਇਲਾਜ਼ ਲਈ ਅਤੇ ਸਪੈਸ਼ਲ ਵਾਰਡ ਧਨੀ ਵਿਅਕਤੀਆਂ, ਸਰਕਾਰੀ ਅਫ਼ਸਰਾਂ ਜਾਂ ਵਿਸ਼ੇਸ਼ ਵਿਅਕਤੀਆਂ ਦੇ ਇਲਾਜ਼ ਲਈ ਹੁੰਦੇ ਸਨ। 4 ਜਨਵਰੀ 1870 ਨੂੰ ਜਨਮੇ, ਗ਼ਦਰ ਪਾਰਟੀ ਦੇ ਬਾਨੀ ਪ੍ਰਧਾਨ ਅਤੇ ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਹਨਾਂ ਵੱਲੋਂ ਪਾਏ ਯੋਗਦਾਨ ਸਦਕਾ (ਜਿਸ ਵਿੱਚ ਅੰਗਰੇਜ਼ੀ ਅਤੇ ਦੇਸੀ ਸਰਕਾਰਾਂ ਵੇਲੇ ਉਹਨਾਂ ਦਾ 26 ਸਾਲਾ ਜੇਲ੍ਹ ਨਿਵਾਸ ਵੀ ਸ਼ਾਮਲ ਹੈ) ਉਹਨਾਂ ਨੂੰ ਉਹਨਾਂ ਦੇ ਇਲਾਜ ਲਈ ਸਰਕਾਰ ਵੱਲੋਂ “ਸਪੈਸ਼ਲ ਵਾਰਡ” ਵਿੱਚ ਭੇਜਣ ਦਾ ਫੈਸਲਾ ਹੋਇਆ। ਪਰ ਬਾਬਾ ਜੀ ਨੇ ਆਪਣਾ ਇਲਾਜ ਕਰਵਾਉਣ ਲਈ “ਸਪੈਸ਼ਲ ਵਾਰਡ” ਵਿੱਚ ਜਾਣ ਤੋਂ ਨਾਂਹ ਕਰ ਦਿੱਤੀ। ਉਹਨਾਂ ਦਾ ਤਰਕ ਸੀ ਕਿ ਮੈਂ ਆਪਣਾ ਸਾਰਾ ਜੀਵਨ, ਜਿਸਨੂੰ ਉਹ ਆਪਣਾ “ਜੀਵਨ ਸੰਗਰਾਮ” ਕਹਿੰਦੇ ਹੁੰਦੇ ਸਨ, ਸਧਾਰਨ ਜਨਤਾ ਵਿੱਚ ਬਤੀਤ ਕੀਤਾ ਹੈ, ਤਾਂ ਹੁਣ ਮੈਂ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਦੇ ਸਪੈਸ਼ਲ ਵਾਰਡ ਵਿੱਚ ਕਿਉਂ ਜਾਵਾਂ? ਉਹਨਾਂ ਦੀ ਇਸ ਭਾਵਨਾ ਨੂੰ ਉਸ ਸਮੇਂ ਦੇ ਯੁਵਕ ਕੇਂਦਰ ਦੇ ਇੱਕ ਅਹਿਮ ਕਾਰਕੁੰਨ ਅਤੇ ਸ਼ਾਇਰ ਰਾਜ ਕਸ਼ਮੀਰੀ (ਹੁਣ ਪ੍ਰਸਿੱਧ ਵਕੀਲ ਰ ਸ ਚੀਮਾ ਚੰਡੀਗੜ੍ਹ)ਨੇ ਆਪਣੇ ਇਕ ਗੀਤ ਵਿਚ ਲਿਖਿਆ ਸੀ,

“ਜਿੱਥੇ ਮੇਰੇ ਲੋਕ ਨਹੀਂ ਵੱਸਦੇ,
ਮੈਂ ਉੱਥੇ ਕੀ ਜਾਣਾ ਹੋਇਆ?”

ਇਸ ਕਿਸਮ ਦੇ ਉੱਚ ਅਕੀਦੇ ਦੇ ਮਾਲਕ ਸਨ, ਬਾਬਾ ਸੋਹਣ ਸਿੰਘ ਭਕਨਾ ਜੀ!
    ਪਿੱਛੇ ਜਿਹੇ ਸ੍ਰ ਬੁੱਧ ਸਿੰਘ ਨੀਲੋਂ ਜੀ ਨੇ ਆਪਣੇ ਇੱਕ ਲੇਖ ਵਿੱਚ ਬਾਬਾ ਸੋਹਣ ਸਿੰਘ ਭਕਨਾ ਜੀ ਨਾਲ ਸਬੰਧਤ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਸੀ ਕਿ “ਕੈਨੇਡਾ  ਦੇ ਇੱਕ ਟੀਵੀ  ਸ਼ੋਅ ਦੌਰਾਨ ਪੰਜਾਬੀ ਯੂਨੀਵਰਸਿਟੀ  ਪਟਿਆਲਾ  ਦੇ ….. ਵਿਭਾਗ  ਦੀ ਮੁਖੀ ਰਹੇ, …..  ਨੂੰ  ਉਨ੍ਹਾਂ  ਦੀ ਜ਼ਿੰਦਗੀ  ਤੇ ਸਿੱਖਿਆ  ਖੇਤਰ ਪਾਏ ਯੋਗਦਾਨ  ਬਾਰੇ ਗੱਲਬਾਤ  ਕਰਦਿਆਂ, ਜਦ ਇਹ ਸਵਾਲ ਕੀਤਾ  ਕਿ ਤੁਸੀਂ  ਬਾਬਾ ਸੋਹਨ  ਸਿੰਘ  ਭਕਨਾ ਬਾਰੇ ਕੀ ਜਾਣਦੇ ਹੋ ਤੇ ਉਨ੍ਹਾਂ ਦਾ ਦੇਸ਼ ਦੀ ਆਜ਼ਾਦੀ ਦੇ ਵਿੱਚ  ਕੀ ਯੋਗਦਾਨ  ਹੈ ?  ਤਾਂ  ਉਸ ਮਹਾਨ ਸਿੱਖਿਆ ਸਾਸ਼ਤਰੀ …..  ਨੇ ਬਸ ਏਨਾ ਕਿਹਾ  ਕਿ ਉਹ ਬਾਬਾ  ਸੋਹਨ  ਸਿੰਘ  ਭਕਨਾ ਜੀ ਬਾਾਰੇ ਕੁਝ ਨਹੀਂ  ਜਾਣਦੇ ” ਤਾਂ  ਮੁਲਾਕਾਤ  ਕਰਨ ਵਾਲੇ  ਦਾ ਜੀਅ ਕਰੇ ਕਿ ਉਹ ਕੰਧ ਵਿੱਚ  ਟੱਕਰ ਮਾਰੇ ਤੇ ਸਿਰ ਭੰਨ ਲਵੇ।”
    ਤਾਂ ਉਸ ਸਮੇਂ ਮੇਰੇ ਮਨ ਵਿੱਚ ਆਇਆ ਸੀ ਕਿ ਮੈਂ ਵੀ ਬਾਬਾ ਸੋਹਣ ਸਿੰਘ ਭਕਨਾ ਨਾਲ ਸਬੰਧਤ ਕੁਝ ਨਿੱਜੀ ਯਾਦਾਂ ਲਿਖਾਂ, ਖਾਸ ਤੌਰ ‘ਤੇ 1967 ਵਿੱਚ ਬਾਬਾ ਜੀ ਨੂੰ ਮੇਰੇ ਵੱਲੋਂ ਇਕ ਵਿਦਿਆਰਥੀ ਦੇ ਤੌਰ ‘ਤੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਬੁਲਾਉਣਾ।
ਜਿਸ ਬਾਰੇ ਰਾਜਨੀਤੀ ਸ਼ਾਸਤਰ ਦੇ ਇਕ ਪ੍ਰਸਿੱਧ ਵਿਦਵਾਨ ਅਤੇ ਮੇਰੇ ਇਸ ਕਾਲਜ ਦੇ ਅਧਿਆਪਕ ਡਾਃ.ਹਰੀਸ਼ ਪੁਰੀ, ਜਿਨ੍ਹਾਂ ਨੇ ਗ਼ਦਰ ਲਹਿਰ ਉੱਪਰ ਹੀ ਪੀ ਐੱਚ ਡੀ ਕੀਤੀ ਹੋਈ ਹੈ, ਲੁਧਿਆਣੇ ਵਿੱਚ ਇੱਕ ਮੁਲਾਕਾਤ ਦੌਰਾਨ ਆਪਣੀ ਲਿਖੀ ਇੱਕ ਪੁਸਤਕ ਮੈਨੂੰ ਦੇਂਦਿਆਂ ਕਿਹਾ ਸੀ,
ਸੁਖਵੰਤ! ਤੈਨੂੰ ਪਤੈ,
ਮੈਂ ਆਪਣੀ ਗ਼ਦਰ ਲਹਿਰ ਉੱਪਰ ਖੋਜ ਉਸ ਸਮੇਂ ਸ਼ੁਰੂ ਕੀਤੀ ਸੀ, ਜਦੋਂ ਤੁਸੀਂ ਵਿਦਿਆਰਥੀਆਂ ਨੇ 1967 ਵਿੱਚ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਵਿਖੇ ਬੁਲਾਇਆ ਸੀ।”
ਉਸ ਸਮੇਂ ਆਪਣੇ ਸਤਿਕਾਰਯੋਗ ਅਧਿਆਪਕ ਦੇ ਮੂੰਹ ਤੋਂ ਉਪਰੋਕਤ ਸ਼ਬਦ ਸੁਣ ਕੇ ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ ਰਹੀ।
     ਇਸੇ ਤਰ੍ਹਾਂ 20 ਦਸੰਬਰ 1968 ਨੂੰ ਉਹਨਾਂ ਦੀ ਮੌਤ ਤੋਂ ਬਾਅਦ, ਯੁਵਕ ਕੇਂਦਰ, ਰਜਿੰਦਰ ਨਗਰ, ਲਾਡੋਵਾਲੀ ਰੋਡ, ਜਲੰਧਰ ਦੇ ਆਦੇਸ਼ ਅਨੁਸਾਰ ਬਾਬਾ ਸੋਹਣ ਸਿੰਘ ਭਕਨਾ ਜੀ ਦੇ ਵਿਚਾਰਾਂ ਦਾ ਪ੍ਰਚਾਰ ਕਰਨ ਹਿੱਤ ਅਟਾਰੀ ਤੋਂ ਲੈ ਕੇ ਤਰਨ ਤਾਰਨ ਤੱਕ, ਕਾਮਰੇਡ ਦੀਵਾਨ ਸਿੰਘ ਕਸੇਲ ਜੀ ਦੇ ਸਾਥ ਵਿਚ ਸਾਈਕਲਾਂ ਉੱਪਰ ਭਕਨਾ ਕਲਾਂ ਦੇ ਆਲੇ ਦੁਆਲੇ ਕੋਈ 50 ਪਿੰਡਾਂ ਵਿੱਚ ਘੁੰਮਣਾ ਅਤੇ ਯੁਵਕ ਕੇਂਦਰ ਵੱਲੋਂ ਪ੍ਰਕਾਸ਼ਿਤ ਬਾਬਾ ਜੀ ਦੇ ਵਿਚਾਰਾਂ ਵਾਲਾ ਸਾਹਿਤ ਵੰਡਣਾ।
ਰਾਤ ਬਾਬਾ ਜੀ ਦੀ ਕੁਟੀਆ ਵਿੱਚ ਰਹਿਣਾ ਅਤੇ ਭਕਨਾ ਕਲਾਂ ਵਿਖੇ ਉਨ੍ਹਾਂ ਦੀ ਮੁਤਬੰਨੀ ਧੀ (ਨਾਂ ਹੁਣ ਯਾਦ ਨਹੀਂ ਆ ਰਿਹਾ), ਜਿਨ੍ਹਾਂ ਦੇ ਪਤੀ ਦਾ ਨਾਂ ਸ੍ਰ ਜਰਨੈਲ ਸਿੰਘ ਗਿੱਲ ਸੀ, ਦੇ ਘਰੋਂ ਸਵੇਰੇ ਅਤੇ ਸ਼ਾਮ ਰੋਟੀ ਖਾਣ ਆਦਿ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕਰਨਾ ਚਾਹੁੰਦਾ ਸੀ, ਪਰ ਇਸ ਸਬੰਧੀ ਮੇਰੇ ਕੋਲੋਂ ਅਜੇ ਤੱਕ ਚਾਹੁੰਦਿਆਂ ਹੋਇਆਂ ਵੀ ਕੁਝ ਲਿਖਿਆ ਨਹੀਂ ਸੀ ਗਿਆ।
ਅੱਜ ਮੈਨੂੰ ਪੰਜਾਬੀ ਦੇ ਲੋਕ ਸ਼ਾਇਰ ਸ਼੍ਰੀ ਵਿਜੇ ਅਗਨੀਹੋਤਰੀ ਬਟਾਲਾ ਦੇ ਭੇਜੇ ਵੱਟਸਐਪ ਸੁਨੇਹੇ:
“ਬਾਬਾ ਸੋਹਣ ਸਿੰਘ ਭਕਨਾ ਜੀ ਅੱਜ ਦੇ ਦਿਨ ਸਾਥੋਂ ਸਰੀਰਕ ਤੌਰ ਤੇ ਜੁਦਾ ਹੋ ਗਏ ਸਨ।”
 ਸਦਕਾ ਬਾਬਾ ਸੋਹਣ ਸਿੰਘ ਭਕਨਾ ਜੀ ਨੂੰ ਸੰਖੇਪ ਵਿੱਚ ਯਾਦ ਕਰਨ ਦਾ ਇਕ ਮੌਕਾ ਮਿਲਿਆ ਹੈ। ਵਿਸਥਾਰ ਫਿਰ ਕਿਧਰੇ ਸਹੀ।

ਵੱਲੋਂ:
ਪ੍ਰੋ ਸੁਖਵੰਤ ਸਿੰਘ ਗਿੱਲ ਬਟਾਲਾ

LEAVE A REPLY

Please enter your comment!
Please enter your name here