ਪੁਲਿਸ ਦੇ ਨੱਕ ਹੇਠਾਂ ਰੋਜ਼ਾਨਾ ਹੁੰਦੇ ਹਨ ਬਾਇਕ ਚੋਰੀ
ਜਗਰਾਓਂ, 10 ਜੂਨ ( ਜਗਰੂਪ ਸੋਹੀ ) – ਪੁਲਿਸ ਵਲੋਂ ਚੌਕਸੀ ਦੇ ਲੱਖ ਦਾਅਵਿਆਂ ਦੇ ਬਾਵਜੂਦ ਚੋਰ ਦਿਨ ਦਿਹਾੜੇ ਬੇਖੌਫ਼ ਹੋ ਕੇ ਲੋਕਾਂ ਦੇ ਮੋਟਰਸਾਇਕਲ ਚੋਰੀ ਕਰ ਰਹੇ ਹਨ। ਜਿਸ ਦੀ ਮਿਸਾਲ ਸ਼ੁੱਕਰਵਾਰ ਨੂੰ ਐੱਸਐੱਸਪੀ ਦਫ਼ਤਰ ਦੇ ਸਾਹਮਣੇ ਨੈਸ਼ਨਲ ਬੈਂਕ ‘ਚ ਆਏ ਵਿਅਕਤੀ ਦਾ 5 ਮਿੰਟਾਂ ‘ਚ ਹੀ ਮੋਟਰਸਾਈਕਲ ਚੋਰੀ ਹੋ ਗਿਆ, ਉਸ ਤੋਂ ਬਾਅਦ ਸਿੱਧੂ ਗੈਸ ਸਰਵਿਸ ਦੇ ਸਾਹਮਣੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ, ਫਿਰ ਤਹਿਸੀਲ ਕੰਪਲੈਕਸ ‘ਚੋਂ ਮੋਟਰਸਾਈਕਲ ਚੋਰੀ ਹੋ ਗਿਆ। ਇਹ ਚੋਰੀ ਦੀਆਂ ਉਹ ਘਟਨਾਵਾਂ ਹਨ ਜੋ ਕਿ ਮੀਡੀਆ ਦੀਆਂ ਨਜ਼ਰਾਂ ‘ਚ ਹੈ, ਇਸ ਤੋਂ ਇਲਾਵਾ ਹੋਰ ਥਾਵਾਂ ‘ਤੇ ਚੋਰੀ ਹੋਣ ਦਾ ਕੋਈ ਹਿਸਾਬ-ਕਿਤਾਬ ਨਹੀਂ ਹੈ। ਇਸੇ ਤਰ੍ਹਾਂ ਸ਼ਨੀਵਾਰ ਸ਼ਾਮ ਨੂੰ ਵੀ ਕੱਚਾ ਮਾਲ ਰੋਡ ‘ਤੇ ਰੇਲਵੇ ਫਾਟਕ ਦੇ ਕੋਲ 5 ਮਿੰਟਾਂ ਵਿੱਚ ਹੀ ਨੌਜਵਾਨ ਦਾ ਮੋਟਰਸਾਇਕਲ ਚੋਰੀ ਹੋ ਗਿਆ। ਇਹ ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਨਜ਼ਰ ਆ ਰਹੀ ਹੈ। ਜਿਸ ਵਿੱਚ ਇੱਕ ਲੜਕਾ ਮੂੰਹ ਬੰਨ੍ਹ ਕੇ ਮੋਟਰਸਾਈਕਲ ਚੋਰੀ ਕਰ ਰਿਹਾ ਹੈ। ਪੁਲਿਸ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਚੋਰਾਂ ਲਈ ਚੁਰਾਏ ਹੋਏ ਮੋਟਰਸਾਇਕਲ ਦਾ ਵੀ ਕੋਈ ਮੁੱਲ ਕੁਝ ਵੀ ਨਹੀਂ। ਜਿਸ ਕਿਸੇ ਦਾ ਮੋਟਰਸਾਈਕਲ ਚੋਰੀ ਹੋ ਜਾਂਦਾ ਹੈ ਉਸਦਾ ਭਾਰੀ ਆਰਥਿਕ ਨੁਕਸਾਨ ਹੁੰਦਾ ਹੈ। ਪੁਲਿਸ ਨੂੰ ਚੋਰੀ ਦੇ ਮੋਟਰਸਾਇਕਲ ਖਰੀਦ ਕਰਨ ਵਾਲੇ ਦੁਕਾਨਦਾਰਾਂ ਅਤੇ ਹੋਰ ਲੋਕਾਂ ਖਿਲਾਫ ਵੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।