Home Political ਮੰਡੀਆਂ ’ਚ ਅਨਾਜ ਦੀ ਲਿਫਟਿੰਗ ਦਾ ਮਾਮਲਾ ਗਰਮਾਇਆ, ਸੰਸਦ ਬਿੱਟੂ ਪਹੁੰਚੇ ਜਗਰਾਓਂ

ਮੰਡੀਆਂ ’ਚ ਅਨਾਜ ਦੀ ਲਿਫਟਿੰਗ ਦਾ ਮਾਮਲਾ ਗਰਮਾਇਆ, ਸੰਸਦ ਬਿੱਟੂ ਪਹੁੰਚੇ ਜਗਰਾਓਂ

84
0


ਸਿਆਸੀ ਦਬਾਅ ਹੇਠ ਝੂਠੇ ਕੇਸ ਦਰਜ ਕਰਨ ਵਾਲੇ ਅਫਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ – ਬਿੱਟੂ
ਜਗਰਾਓਂ, 26 ਅਪ੍ਰੈਲ ( ਰਾਜੇਸ਼ ਜੈਨ, ਭਗਵਾਨ ਭੰਗੂ, ਮੋਹਿਤ ਜੈਨ )-ਜਗਰਾਉਂ ਦੀ ਅਨਾਜ ਮੰਡੀਆਂ ’ਚ ਕਣਕ ਦੀ ਲਿਫਟਿੰਗ ਨੂੰ ਲੈ ਕੇ ਠੇਕੇਦਾਰ, ਸਥਾਨਕ ਪ੍ਰਸ਼ਾਸਨ, ਸਥਾਨਕ ਵਿਧਾਇਕ ਸਰਵਜੀਤ ਤੌਰ ਮਾਣੂਕੇ ਅਤੇ ਸਰਕਾਰ ਵਿਰੁੱਧ ਕੀਤੇ ਜਾ ਰਹੇ ਧਰਨੇ ਪ੍ਰਦਰਸ਼ਨ ਦੌਰਾਨ 23 ਅਪ੍ਰੈਲ ਨੂੰ ਥਾਣਾ ਸਿੱਧਵਾਂਬੇਟ ਵਿਖੇ ਕਾਂਗਰਸੀ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਸਮੇਤ 10 ਲੋਕਾਂ ਦੇ ਖਿਲਾਫ ਥਾਣਾ ਸਿੱਧਵਾਂਬੇਟ ਵਿਖੇ ਮਾਮਲਾ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਹੋਰ ਸਿਆਸੀ ਖਲਬਲੀ ਮਚਾ ਦਿੱਤੀ ਹੈ। ਇਸ ਸਬੰਧੀ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਬੁੱਧਵਾਰ ਨੂੰ ਜਗਰਾਉਂ ਪੁੱਜੇ। ਉਨ੍ਹਾਂ ਟਰੱਕ ਯੂਨੀਅਨ ਵਿਚ ਕਾਂਗਰਸ ਪਾਰਟੀ ਦੇ ਆਗੂਆਂ ਟਰੱਕ ਅਪ੍ਰੇਟਰਾਂ ਅਤੇ ਮਜਦੂਰਾਂ ਨਾਲ ਗੱਲਬਾਤ ਦੌਰਾਨ ਸਥਾਨਕ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸਰਕਾਰ ਦੇ ਦਬਾਅ ਹੇਠ ਆ ਕੇ ਅਜਿਹਾ ਕੋਈ ਵੀ ਗਲਤ ਕੰਮ ਨਾ ਕਰਨ, ਜਿਸ ਕਾਰਨ ਉਨ੍ਹਾਂ ਨੂੰ ਬਾਅਦ ’ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਥਾਣਾ ਸਿੱਧਵਾਂਬੇਟ ਵਿਖੇ ਰਮੇਸ਼ ਕੁਮਾਰ ਮੇਸ਼ੀ ਸਹੋਤਾ ਅਤੇ ਹੋਰਨਾਂ ਵਿਰੁੱਧ ਦਰਜ ਕੀਤੇ ਗਏ ਕੇਸ ਨੂੰ ਪੂਰੀ ਤਰ੍ਹਾਂ ਝੂਠਾ ਦੱਸਦਿਆਂ ਇਸ ਕੇਸ ਨੂੰ ਰੱਦ ਕਰਨ ਲਈ ਕਿਹਾ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਕੇਸ ਰੱਦ ਨਾ ਕੀਤਾ ਗਿਆ ਤਾਂ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਘਰ ਤੋਂ ਲੈ ਕੇ ਮੁੱਖ ਮੰਤਰੀ ਦੀ ਕੋਠੀ ਤੱਕ ਧਰਨਾ ਦੇਣ ਵਿੱਚ ਦੇਰ ਨਹੀਂ ਲੱਗੇਗੀ।
ਖੁੱਲ੍ਹੇ ਅਸਮਾਨ ਹੇਠ ਸੱਤ ਲੱਖ ਬੋਰੀ – ਉਨ੍ਹਾਂ ਦੱਸਿਆ ਕਿ ਏਸ਼ੀਆ ਦੀ ਦੂਜੀ ਸਭ ਤੋਂ ਵੱਡੀ ਅਨਾਜ ਮੰਡੀ ਜਗਰਾਉਂ ਵਿੱਚ 24 ਲਿਫਟਿੰਗ ਸੈਂਟਰ ਹਨ। ਇੱਥੇ 18 ਲੱਖ ਬੋਰੀ ਫ਼ਸਲ ਲਈ ਆਈ ਹੈ। ਉਸ ਵਿੱਚੋਂ ਸਿਰਫ਼ ਇੱਕ ਲੱਖ ਬੋਰੀ ਦੀ ਹੀ ਸਿਫਟਿੰਗ ਹੋ ਸਕੀ ਹੈ। ਬਾਕੀ ਸਤਰਾ ਲੱਖ ਬੋਰੀਆਂ ਖੁੱਲ੍ਹੇ ਅਸਮਾਨ ਹੇਠ ਪਈਆਂ ਹਨ। ਆਉਣ ਵਾਲੇ ਦਿਨਾਂ ’ਚ ਮੌਸਮ ਫਿਰ ਤੋਂ ਖਰਾਬ ਹੋਣ ਵਾਲਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਵੇਗੀ? ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਗਲਤ ਜਾਣਕਾਰੀ ਦੇ ਕੇ ਟੈਂਡਰ ਲਏ ਗਏ ਹਨ। ਕੀ ਟੈਂਡਰ ਸਮੇਂ ਉਸ ਵੱਲੋਂ ਦਿਖਾਏ ਗਏ ਵਾਹਨ ਉਤਾਰੇ ਮੰਡੀਆਂ ਵਿਚ ਭੇਜੇ ਜਾ ਰਹੇ ਹਨ ? ਇਸ ਸਭ ਦੀ ਜ਼ਿੰਮੇਵਾਰੀ ਸਥਾਨਕ ਪ੍ਰਸ਼ਾਸਨ ਦੀ ਵੀ ਹੈ। ਸੰਸਦ ਮੈਂਬਰ ਬਿੱਟੂ ਨੇ ਰੇਤ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਰੇਤ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਦੇਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਹ ਸਿਰਫ ਅਖਬਾਰਾਂ ਦੀਆਂ ਸੁਰਖੀਆਂ ਤੱਕ ਹੀ ਸੀਮਤ ਹੈ। ਅਸਲ ਵਿੱਚ ਰੇਤ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਭ੍ਰਿਸ਼ਟਾਚਾਰ ਦਾ ਪਤਾ ਇਸ ਗੱਲ ਤੋਂ ਲੱਗ ਜਾਂਦਾ ਹੈ ਕਿ ਸਰਕਾਰ ਦੀ ਰੇਤ ਪਾਲਿਸੀ ਵਿਚ ਰੇਤ ਨੂੰ ਟਰੱਕਾਂ ਵਿੱਚ ਭਰਨ ਅਤੇ ਲਿਜਾਣ ਦੀ ਬਜਾਏ ਟਰਾਲੀਆਂ ਵਿੱਚ ਰੇਤ ਦੀ ਸਪਲਾਈ ਕਰਨ ਦੀ ਤਜਵੀਜ ਹੈ। ਪਰ ਪੰਜਾਬ ਦੀਆਂ ਸੜਕਾਂ ਤੇ ਰੇਤ ਨਾਲ ਭਰੇ ਵੱਡੇ ਟਰੱਕ ਅਤੇ ਟਰਾਲੇ ਆਮ ਦੇਖੇ ਜਾ ਸਕਦੇ ਹਨ। ਉਹ ਟਰੱਕ ਅਤੇ ਟਰਾਲੇ ਕਿਥੋਂ ਅਤੇ ਕਿਵੇਂ ਭਰੇ ਜਾਂਦੇ ਹਨ, ਉਨ੍ਹਾਂ ਨੂੰ ਕੌਣ ਭਰਵਾ ਰਿਹਾ ਹੈ ?
ਕੇਜਰੀਵਾਲ ਆਮ ਆਦਮੀ ਨਹੀਂ ਬਲਕਿ ਬਹੁਤ ਖਾਸ ਵਿਅਕਤੀ-ਕਾਂਗਰਸ ਨੇਤਾ ਰਵਨੀਤ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ ਆਮ ਆਦਮੀ ਨਹੀਂ ਸਗੋਂ ਬਹੁਤ ਖਾਸ ਹਨ। ਆਮ ਆਦਮੀ ਸਰਕਾਰੀ ਰਿਹਾਇਸ਼ ਦੇ ਸੁੰਦਰੀਕਰਨ ’ਤੇ 45 ਕਰੋੜ ਰੁਪਏ ਖਰਚ ਨਹੀਂ ਕਰ ਸਕਦਾ। ਉਨ੍ਹਾਂ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਕਸ਼ੇ-ਕਦਮਾਂ ’ਤੇ ਚੱਲਣ ਵਾਲਾ ਵਿਸ਼ੇਸ਼ ਵਿਅਕਤੀ ਦੱਸਦਿਆਂ ਕਿਹਾ ਕਿ ਪੰਜਾਬ ਦੇ ਤੁਹਾਡੇ ਆਗੂ, ਮੰਤਰੀ ਅਤੇ ਵਿਧਾਇਕ ਹੁਣ ਉਸੇ ਰਸਤੇ ’ਤੇ ਚੱਲ ਰਹੇ ਹਨ।
ਜੇ ਮੈਨੂੰ ਖਰੀਦ ਨਹੀਂ ਸਕੇ ਤਾਂ ਮੇਰੇ ਖ਼ਿਲਾਫ਼ ਝੂਠੇ ਪਰਚੇ ਦਰਜ -ਇਸ ਮੌਕੇ ਜਗਰਾਉਂ ਦੇ ਕਾਂਗਰਸੀ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਨੇ ਦੋਸ਼ ਲਾਇਆ ਕਿ ਉਹ ਕਾਂਗਰਸ ਪਾਰਟੀ ਦਾ ਵਫ਼ਾਦਾਰ ਸਿਪਾਹੀ ਹੈ। ਪਿਛਲੇ ਸਮੇਂ ਵਿਚ ਸੱਤਾਧਾਰੀ ਧਿਰ ਵੱਲੋਂ ਕੁਝ ਬਾਗੀ ਅਤੇ ਵਿਰੋਧੀ ਧਿਰ ਦੇ ਕੌਂਸਲਰਾਂ ਨਾਲ ਮਿਲ ਕੇ ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਅਹੁਦੇ ਤੋਂ ਹਟਾਉਣ ਲਈ ਕਾਫੀ ਦਬਾਅ ਪਾਇਆ ਗਿਆ ਸੀ। ਜਦੋਂ ਉਸ ਨੇ ਕਿਸੇ ਦਬਾਅ ਵਿਚ ਨਹੀਂ ਆਏ ਤਾਂ ਉਨ੍ਹਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਲਈ ਦੋ ਕੌਂਸਲਰ ਭੇਜੇ ਗਏ ਜਿਨ੍ਹਾਂ ਨੇ ਉਸ ਨੂੰ 8 ਲੱਖ ਰੁਪਏ ਦੀ ਪੇਸ਼ਕਸ਼ ਕੀਤੀ। ਜਦੋਂ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ ਗਈ ਤਾਂ ਉਸ ਵਿਰੁੱਧ ਧੋਖਾਧੜੀ ਦਾ ਝੂਠਾ ਕੇਸ ਦਰਜ ਕੀਤਾ ਗਿਆ। ਜਿਸ ’ਤੇ ਉਨ੍ਹਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਗਰੀਬ ਮਜ਼ਦੂਰ ਭਰਾਵਾਂ ਅਤੇ ਟਰੱਕ ਡਰਾਈਵਰਾਂ ਦੇ ਨਾਲ ਖੜ੍ਹੇ ਹੋ ਗਏ ਹਨ, ਇਸ ਲਈ ਮੁੜ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਹ ਪਿੱਛੇ ਨਹੀਂ ਹਟਿਆ ਤਾਂ ਉਸ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿੱਚ ਇਰਾਦਾ ਕਤਲ ਦਾ ਝੂਠਾ ਮੁਕਦਮਾ ਦਰਜ ਕਰਵਾ ਦਿਤਾ ਗਿਆ। ਸਹੋਤਾ ਨੇ ਕਿਹਾ ਕਿ ਉਸ ਨੂੰ ਕਿਸੇ ਵੀ ਹਾਲਤ ਵਿੱਚ ਦਬਾਇਆ ਨਹੀਂ ਜਾ ਸਕੇਗਾ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਮੁੱਲਾਂਪੁਰ, ਸਾਬਕਾ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਦਿਹਾਤੀ ਪ੍ਰਧਾਨ ਨਵਦੀਪ ਗਰੇਵਾਲ, ਸ਼ਹਿਰੀ ਪ੍ਰਧਾਨ ਹਰਪ੍ਰੀਤ ਸਿੰਘ ਧਾਲੀਵਾਲ, ਕੌਂਸਲਰ ਰਵਿੰਦਰਪਾਲ ਰਾਜੂ, ਪ੍ਰਸ਼ੋਤਮ ਖਲੀਫਾ, ਗੁਰਸਿਮਰਨ ਸਿੰਘ ਰਸੂਲਪੁਰ ਅਤੇ ਹੋਰ ਕਾਂਗਰਸੀ ਮੈਂਬਰ ਹਾਜ਼ਰ ਸਨ।
ਐਸਐਸਪੀ ਨੇ ਦੋ ਦਿਨਾਂ ਦਾ ਸਮਾਂ ਮੰਗਿਆ-ਸੰਸਦ ਰਵਨੀਤ ਸਿੰਘ ਬਿੱਟੂ ਥਾਣਾ ਸਿੱਧਵਾਂਬੇਟ ਵਿਖੇ ਦਰਜ ਕੀਤੇ ਗਏ ਝੂਠੇ ਮੁਰਦਮੇ ਦੇ ਸੰਬੰਧ ਵਿਚ ਐਸ ਐਸ ਪੀ ਨਵਨੀਤ ਸਿੰਘ ਬੈਂਸ ਨੂੰ ਮਿਲੇ। ਉਨ੍ਹਾਂ ਦੱਸਿਆ ਕਿ ਸਿੱਧਵਾਂਬੇਟ ਵਿੱਚ ਕੌਂਸਲਰ ਰਮੇਸ਼ ਕੁਮਾਰ ਮੇਸ਼ੀ ਸਹੋਤਾ ਤੇ ਹੋਰਨਾਂ ਖ਼ਿਲਾਫ਼ ਦਰਜ ਕੇਸ ਦੇ ਸਬੰਧ ਵਿੱਚ ਦੋ ਦਿਨ ਦਾ ਸਮਾਂ ਲੈ ਕੇ ਜਾਂਚ ਕਰਨ ਦੀ ਗੱਲ ਕਹੀ ਹੈ।

LEAVE A REPLY

Please enter your comment!
Please enter your name here