ਸਿੱਧਵਾਂਬੇਟ, 20 ਮਈ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ )-ਥਾਣਾ ਸਿੱਧਵਾਂਬੇਟ ਦੀ ਪੁਲਸ ਪਾਰਟੀ ਨੇ ਸੂਚਨਾ ਮਿਲਣ ’ਤੇ ਛਾਪਾਮਾਰੀ ਕਰ ਕੇ 250 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 10 ਹਜ਼ਾਰ ਲੀਟਰ ਲਾਹਣ, ਦੋ ਡਰੰਮ, ਚਾਰ ਤਰਪਾਲਾਂ ਅਤੇ ਇਕ ਗੈਸ ਚੁੱਲ੍ਹਾ ਬਰਾਮਦ ਕੀਤਾ ਹੈ। ਏ.ਐਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਕਿਸ਼ਨਪੁਰਾ ਚੌਂਕ ਸਿੱਧਵਾਂਬੇਟ ਤੋਂ ਹਾਈਟੇਕ ਨਾਕਾ ਸਾਈਡ ਵੱਲ ਜਾ ਰਹੇ ਸਨ। ਜਦੋਂ ਪੁਲਸ ਪਾਰਟੀ ਖੁਰਸ਼ੈਦਪੁਰਾ ਕੋਲ ਪਹੁੰਚੀ ਤਾਂ ਸੂਚਨਾ ਮਿਲੀ ਕਿ ਮਲਕੀਤ ਸਿੰਘ ਪਿੰਡ ਮਧੇਪੁਰ ਦਾ ਰਹਿਣ ਵਾਲਾ ਹੈ, ਜੋ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਉਸ ਦੇ ਘਰ ’ਚ ਅਜੇ ਵੀ ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਰੱਖੀ ਹੋਈ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਮਲਕੀਤ ਸਿੰਘ ਦੇ ਘਰੋਂ 250 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 10 ਹਜ਼ਾਰ ਲੀਟਰ ਲਾਹਣ ਬਰਾਮਦ ਕੀਤੀ ਗਈ। ਮਲਕੀਤ ਸਿੰਘ ਮੌਕੇ ਤੋਂ ਫਰਾਰ ਹੋਣ ਵਿੱਚ ਸਫਲ ਹੋ ਗਿਆ। ਇਸ ਸਬੰਧੀ ਮਲਕੀਤ ਸਿੰਘ ਖ਼ਿਲਾਫ਼ ਥਾਣਾ ਸਿੱਧਵਾਂਬੇਟ ਵਿਖੇ ਐਕਸਾਈਜ਼ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।