ਨੌਸਰਬਾਜਾਂ ਨੇ ਅਪਣਾਇਆ ਠੱਗੀ ਦਾ ਨਵਾਂ ਤਰੀਕਾ, ਬਲੈਕਮੇਲ ਕਰਕੇ ਠੱਗੇ 50 ਹਜ਼ਾਰ
2 ਔਰਤਾਂ ਸਮੇਤ 4 ਖਿਲਾਫ ਮਾਮਲਾ ਦਰਜ, 2 ਗ੍ਰਿਫਤਾਰ
ਜਗਰਾਓਂ, 4 ਜੁਲਾਈ ( ਭਗਵਾਨ ਭੰਗੂ, ਮੋਹਿਤ ਜੈਨ )-ਸਮੇਂ-ਸਮੇਂ ’ਤੇ ਨੌਸਰਬਾਜਾਂ ਵੱਲੋਂ ਠੱਗੀ ਮਾਰਨ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਜਦੋਂ ਕੋਈ ਧੋਖਾਧੜੀ ਦਾ ਮਾਮਲਾ ਸਾਹਮਣੇ ਆਉਣ ’ਤੇ ਲੋਕ ਸੁਚੇਤ ਹੋ ਜਾਂਦੇ ਹਨ ਤਾਂ ਨੌਸਰਬਾਜ ਠੱਗੀ ਮਾਰਨ ਦਾ ਨਵਾਂ ਤਰੀਕਾ ਅਪਣਾ ਲੈਂਦੇ ਹਨ। ਕਈ ਤਰੀਕੇ ਅਜਿਹੇ ਵੀ ਸਾਹਮਣੇ ਆਉਂਦੇ ਹਨ ਹਨ ਕਿ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਕਿ ਇਸ ਤਰੀਕੇ ਨਾਲ ਵੀ ਠੱਗੀ ਕੀਤੀ ਜਾ ਸਕਦੀ ਹੈ। ਅਜਿਹੀ ਹੀ ਅਨੋਖੀ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਜਗਰਾਓਂ ਨਜਦੀਕ ਪਿੰਡ ਡਾਂਗੀਆਂ ਦਾ ਕਿਸਾਨ ਬਲਵੀਰ ਸਿੰਘ। ਅਨੋਖੇ ਤਰੀਕੇ ਨਾਲ ਪਤੀ ਪਤਨੀ ( ਦੋ ਜੋੜੇ ) ਨੇ ਮਿਲ ਕੇ ਹਨੀਟਰੈਪ ਦਾ ਸਹਾਰਾ ਲੈ ਕੇ ਬਲੈਕਮੇਲ ਕੀਤਾ ਅਤੇ ਠੱਗੀ ਮਾਰੀ। ਜਿਸ ਨੂੰ ਸੁਣ ਕੇ ਹਰ ਕੋਈ ਆਪਣੇ ਦੰਦ ਹੇਠ ਜੀਭ ਦਬਾ ਲਏਗਾ। ਠੱਗੀ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਡੀਐਸਪੀ ਦਲਬੀਰ ਸਿੰਘ ਅਤੇ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਬਲਵੀਰ ਸਿੰਘ ਵਾਸੀ ਪਿੰਡ ਡਾਂਗੀਆ ਨੇ ਦੱਸਿਆ ਕਿ ਜੂਨ 2023 ਦੀ ਦੁਪਹਿਰ ਨੂੰ ਉਸ ਦੇ ਮੋਬਾਈਲ ’ਤੇ ਇੱਕ ਔਰਤ ਨੇ ਫੋਨ ਕੀਤਾ ਅਤੇ ਗੱਲਬਾਤ ਸ਼ੁਰੂ ਕੀਤੀ ਅਤੇ ਵਾਰ-ਵਾਰ ਮਿਲਣ ਲਈ ਦਬਾਅ ਬਨਾਉਣਾ ਸ਼ੁਰੂ ਕਰ ਦਿੱਤਾ। ਜਦੋਂ ਬਲਵੀਰ ਸਿੰਘ ਨੇ ਉਸ ਦਾ ਨਾਂ ਤੇ ਪਤਾ ਪੁੱਛਿਆ ਤਾਂ ਉਸ ਨੇ ਦੱਸਣ ਤੋਂ ਇਨਕਾਰ ਕਰ ਦਿੱਤਾ ਤਾਂ ਬਲਵੀਰ ਸਿੰਘ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਹੁਣ ਉਸ ਦਾ ਪਰਿਵਾਰ ਉਸ ਦੇ ਨਾਲ ਹੈ ਅਤੇ ਉਹ ਗੱਲ ਨਹੀਂ ਕਰ ਸਕਦਾ। ਅਗਲੇ ਦਿਨ ਫਿਰ ਉਸ ਨੂੰ ਉਸੇ ਔਰਤ ਦਾ ਤਿੰਨ ਤੋਂ ਚਾਰ ਵਾਰ ਫੋਨ ਆਇਆ ਅਤੇ ਉਸ ਨਾਲ ਅਸ਼ਲੀਲ ਗੱਲਾਂ ਕਰਨ ਲੱਗ ਪਈ। ਉਸੇ ਸਮੇਂ ਔਰਤ ਨੇ ਉਸ ਨੂੰ ਦੱਸਿਆ ਕਿ ਉਹ ਮੋਗਾ ਨੇੜੇ ਪਿੰਡ ਕੋਕਰੀ ਕਲਾ ਦੀ ਰਹਿਣ ਵਾਲੀ ਹੈ। ਉਸਦੇ ਬੱਚੇ ਬਾਹਰ ਹਨ ਅਤੇ ਉਹ ਘਰ ਵਿਚ ਇਕੱਲੀ ਹੀ ਰਹਿੰਦੀ ਹੈ। ਉਸ ਨੇ ਮੈਨੂੰ ਮਿਲਣ ਲਈ ਮੋਗਾ ਜ਼ਿਲ੍ਹੇ ਦੇ ਪਿੰਡ ਅਜੀਤਵਾਲ ਬੁਲਾਇਆ। ਜਦੋਂ ਬਲਵੀਰ ਸਿੰਘ ਅਜੀਤਵਾਲ ਪੁੱਜਾ ਤਾਂ ਉਸਨੇ ਉਕਤ ਔਰਤ ਦੇ ਫੋਨ ਤੇ ਫੋਨ ਕੀਤਾ ਪਰ ਉਸਨੇ ਨਾ ਚੁੱਕਿਆ ਤਾਂ ਉਹ ਵਾਪਸ ਆਪਣੇ ਪਿੰਡ ਡਾਂਗੀਆਂ ਆ ਗਿਆ। ਫਿਰ 1 ਜੁਲਾਈ 2023 ਨੂੰ ਸਵੇਰੇ 8 ਵਜੇ ਜਦੋਂ ਉਹ ਆਪਣੇ ਖੇਤ ’ਚ ਸੀ ਤਾਂ ਦੋ ਅਣਪਛਾਤੇ ਵਿਅਕਤੀ ਐਕਟਿਵਾ ਸਕੂਟੀ ’ਤੇ ਸਵਾਰ ਹੋ ਕੇ ਉਸਦੇ ਖੇਤ ਡਾਂਗੀਆ ਆ ਗਏ ਅਤੇ ਕਿਹਾ ਕਿ ਤੁਸੀਂ ਕੋਕਰੀ ਕਲਾਂ ਦੀ ਰਹਿਣ ਵਾਲੀ ਇੱਕ ਔਰਤ ਨਾਲ ਫ਼ੋਨ ’ਤੇ ਗੱਲ ਕਰਦੇ ਹੋ। ਬੀਤੇ ਦਿਨ ਜਦੋਂ ਤੁਸੀਂ ਉਸ ਨੂੰ ਅਜੀਤਵਾਲ ਮਿਲਣ ਗਏ ਸੀ ਤਾਂ ਉਸ ਦੇ ਪਤੀ ਨੂੰ ਇਸ ਗੱਲ ਦਾ ਪਤਾ ਲੱਗਾ। ਜਿਸ ਕਾਰਨ ਉਸ ਦੇ ਪਤੀ ਨੇ ਉਕਤ ਔਰਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਔਰਤ ਨੇ ਜ਼ਹਿਰੀਲੀ ਦਵਾਈ ਨਿਗਲ ਲਈ। ਉਸ ਦੀ ਹਾਲਤ ਕਾਫੀ ਖਰਾਬ ਹੈ, ਉਸ ਨੂੰ ਮੋਗਾ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਉਸ ਦੇ ਇਲਾਜ ’ਤੇ ਕਾਫੀ ਪੈਸਾ ਖਰਚ ਹੋ ਚੁੱਕਾ ਹੈ। ਜੇਕਰ ਉਸ ਨੂੰ ਕੁਝ ਹੋਇਆ ਤਾਂ ਤੁਹਾਡੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇਗਾ। ਇਸ ਲਈ ਤੁਸੀਂ ਸਾਨੂੰ ਉਸ ਦੇ ਇਲਾਜ ਲਈ ਡੇਢ ਲੱਖ ਰੁਪਏ ਦੇ ਦਿਓ। ਪੁਲੀਸ ਅਤੇ ਅਦਾਲਤੀ ਕਾਰਵਾਈ ਦੇ ਚੱਕਰਾਂ ਤੋਂ ਡਰਦਿਆਂ ਮੈਂ ਸਮਾਜ ਵਿੱਚ ਆਪਣੀ ਇੱਜ਼ਤ ਬਚਾਉਣ ਲਈ ਉਸ ਨਾਲ 1.20 ਲੱਖ ਰੁਪਏ ਲੈ ਕੇ ਗੱਲਬਾਤ ਖ਼ਤਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਪੰਜਾਹ ਹਜ਼ਾਰ ਰੁਪਏ ਦਾ ਪ੍ਰਬੰਧ ਕਰੋ, ਫਿਰ ਅਸੀਂ ਉਨ੍ਹਾਂ ਲੋਕਾਂ ਨਾਲ ਤੁਹਾਡਾ ਸਮਝੌਤਾ ਕਰਵਾ ਦਿਆਂਗੇ ਅਤੇ ਬਾਕੀ 70 ਹਜ਼ਾਰ ਰੁਪਏ 3 ਜੁਲਾਈ ਨੂੰ ਦੇ ਦੇ ਦੇਣਾ। ਮੈਂ 50000 ਰੁਪਏ ਇਕੱਠੇ ਕਰਕੇ ਉਨ੍ਹਾਂ ਨੂੰ ਦੇ ਦਿੱਤੇ ਅਤੇ ਅਗਲੇ ਦਿਨ ਸ਼ਾਮ ਨੂੰ ਉਸ ਦੇ ਫ਼ੋਨ ’ਤੇ ਦੁਬਾਰਾ ਫ਼ੋਨ ਆਇਆ ਕਿ ਅਸੀਂ ਐਗਰੀਮੈਂਟ ਸਾਈਨ ਕਰਵਾ ਲਿਆ ਹੈ। ਜੇਕਰ ਤੁਸੀਂ ਬਾਕੀ ਦੇ ਪੈਸਿਆਂ ਨਾਲ ਕੱਲ੍ਹ ਸਾਨੂੰ ਮਿਲਦੇ ਹੋ, ਤਾਂ ਅਸੀਂ ਤੁਹਾਨੂੰ ਸਮਝੌਤੇ ਦੀ ਇੱਕ ਕਾਪੀ ਦੇਵਾਂਗੇ। ਇਨ੍ਹਾਂ ਵਿਅਕਤੀਆਂ ਸੰਬੰਧੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਵਿਅਕਤੀ ਨਿਰਮਲ ਸਿੰਘ ਉਰਫ ਮੋਨੂੰ, ਉਸਦੀ ਪਤਨੀ ਮਨਜੀਤ ਕੌਰ ਵਾਸੀ ਪਿੰਡ ਕਮਾਲਪੁਰਾ, ਇਕਬਾਲ ਸਿੰਘ ਉਰਫ ਬੰਟੀ ਅਤੇ ਉਸਦੀ ਪਤਨੀ ਕੁਲਵਿੰਦਰ ਕੌਰ ਵਾਸੀ ਮੁੱਲਾਂਪੁਰ ਹਨ। ਮੈਂ ਨਿਰਮਲ ਸਿੰਘ ਉਰਫ ਮੋਨੂੰ ਅਤੇ ਇਕਬਾਲ ਸਿੰਘ ਉਰਫ ਬੰਟੀ ਦੇ ਸਾਹਮਣੇ ਆਉਣ ’ਤੇ ਉਨ੍ਹਾਂ ਨੂੰ ਪਛਾਣ ਸਕਦਾ ਹਾਂ। ਉਨ੍ਹਾਂ ਨੇ ਇੱਕ ਸਾਜ਼ਿਸ਼ ਤਹਿਤ ਮੈਨੂੰ ਬਲੈਕਮੇਲ ਕਰਕੇ ਪੰਜਾਹ ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ ਅਤੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਹੋਰ ਪੈਸਿਆਂ ਦੀ ਮੰਗ ਕਰ ਰਹੇ ਹਨ। ਬਲਵੀਰ ਸਿੰਘ ਦੀ ਸ਼ਿਕਾਇਤ ’ਤੇ ਨਿਰਮਲ ਸਿੰਘ, ਉਸ ਦੀ ਪਤਨੀ ਮਨਜੀਤ ਕੌਰ ਵਾਸੀ ਪਿੰਡ ਕਮਾਲਪੁਰਾ, ਇਕਬਾਲ ਸਿੰਘ ਅਤੇ ਉਸ ਦੀ ਪਤਨੀ ਕੁਲਵਿੰਦਰ ਕੌਰ ਵਾਸੀ ਮੁੱਲਾਂਪੁਰ ਖ਼ਿਲਾਫ਼ ਧੋਖਾਧੜੀ ਤੇ ਸਾਜ਼ਿਸ਼ ਤਹਿਤ ਕੇਸ ਦਰਜ ਕਰਕੇ ਨਿਰਮਲ ਸਿੰਘ ਤੇ ਇਕਬਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਕੋਲੋਂ ਐਕਟਿਵਾ ਸਕੂਟੀ ਅਤੇ 15 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।