ਮਾਲੇਰਕੋਟਲਾ 27 ਅਪ੍ਰੈਲ ( ਰਾਜਨ ਜੈਨ)-ਜ਼ਿਲ੍ਹੇ ਦੀਆਂ ਨਗਰ ਕੌਸ਼ਲ/ਨਗਰ ਪੰਚਾਇਤਾਂ ਨੇ ਪ੍ਰਾਪਰਟੀ ਟੈਕਸ ਅਧੀਨ 02 ਕਰੋੜ 73 ਲੱਖ 48 ਹਜ਼ਾਰ ਰੁਪਏ ਦਾ ਰੈਵੀਨਿਊ ਇਕੱਤਰ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਇਸ ਤਰਾਂ ਕਰਨ ਨਾਲ ਸ਼ਹਿਰ ਦੇ ਵਿਕਾਸ ਲਈ ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀ ਵਾਧੂ ਆਮਦਨ ਹੋਈ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰਾਜਦੀਪ ਕੌਰ ਨੇ ਦਿੱਤੀ ਹੈ ।ਉਨ੍ਹਾਂ ਦੱਸਿਆ ਕਿ ਪਿਛਲੇ ਵਿੱਤੀ ਸਾਲ 2021-22 ਦਰਮਿਆਨ ਨਗਰ ਕੌਸ਼ਲ ਮਾਲੇਰਕੋਟਲਾ,ਅਹਿਮਦਗੜ੍ਹ ਅਤੇ ਨਗਰ ਪੰਚਾਇਤ ਅਮਰਗੜ੍ਹ ਵਿਖੇ ਕੇਵਲ 01 ਕਰੋੜ 80 ਲੱਖ ਰੁਪਏ ਪ੍ਰਾਪਰਟੀ ਟੈਕਸ ਅਧੀਨ ਇਕੱਤਰ ਕੀਤੇ ਗਏ ਸਨ ।ਵਧੀਕ ਡਿਪਟੀ ਕਮਿਸ਼ਨਰ ਰਾਜਦੀਪ ਕੌਰ ਨੇ ਦੱਸਿਆ ਕਿ ਵਿੱਤੀ ਸਾਲ 2022—23 ਦੌਰਾਨ ਨਗਰ ਕੌਸ਼ਲ ਮਾਲੇਰਕੋਟਲਾ ਨੇ ਪ੍ਰਾਪਰਟੀ ਟੈਕਸ ਤੋਂ 01 ਕਰੋੜ 92 ਲੱਖ 41 ਹਜ਼ਾਰ ਰੁਪਏ ਦਾ ਰੈਵੀਨਿਊ ਇਕੱਤਰ ਕੀਤਾ ਹੈ ਜਦੋਂ ਕਿ ਪਿਛਲੇ ਵਿੱਤੀ ਸਾਲ 2021-22 ਦੌਰਾਨ ਕੇਵਲ 01 ਕਰੋੜ 26 ਲੱਖ ਰੁਪਏ ਸੀ । ਨਗਰ ਕੌਸ਼ਲ ਅਹਿਮਦਗੜ੍ਹ ਨੇ ਕਰੀਬ 57 ਲੱਖ 37 ਹਜ਼ਾਰ ਰੁਪਏ ਅਤੇ ਨਗਰ ਪੰਚਾਇਤ ਅਮਰਗੜ੍ਹ ਨੇ 23 ਲੱਖ 70 ਹਜ਼ਾਰ ਰੁਪਏ ,ਪਿਛਲੇ ਵਿੱਤੀ ਸਾਲ ਕੇਵਲ 07 ਲੱਖ 3 ਹਜ਼ਾਰ ਰੁਪਏ ਬਤੌਰ ਪ੍ਰਾਪਰਟੀ ਟੈਕਸ ਵਿੱਚ ਇਕੱਤਰ ਕੀਤੇ ਸਨ ।ਇਸੇ ਤਰਾਂ ਨਗਰ ਕੌਂਸਲਾਂ /ਪੰਚਾਇਤ ਨੇ ਵਿੱਤੀ ਸਾਲ 2022—23 ਦੌਰਾਨ ਨਿਰਧਾਰਿਤ ਟੀਚੇ ਤੋਂ ਕਰੀਬ 51.48 ਫ਼ੀਸਦੀ ਵਧੇਰੇ ਪ੍ਰਾਪਰਟੀ ਟੈਕਸ ਇਕੱਠਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ/ਹਾਊਸ ਟੈਕਸ ਦਾ ਸਗ੍ਰਿਹ ਬਿਹਤਰ ਪ੍ਰਬੰਧਨ ਕਾਰਨ ਸੰਭਵ ਹੋਇਆ ਹੈ।ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰੀ ਵਿਕਾਸ ਦੇ ਕੰਮ ਕਾਜ ਨੂੰ ਅੱਗੇ ਲੈ ਕੇ ਆਉਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ । ਜਿਲ੍ਹਾ ਪ੍ਰਸਾਸ਼ਨ ਵਲੋਂ ਨਿਯਮਤ ਤੌਰ ਤੇ ਉਹ ਨਗਰ ਕੌਂਸਲਾਂ ਅਤੇ ਪੰਚਾਇਤਾਂ ਦੇ ਦਫ਼ਤਰ ਪਹੁੰਚ ਕੇ ਉੱਥੇ ਦਾ ਕੰਮਕਾਜ ਵੀ ਜਾਚ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹੇ ਦਾ ਸਰਵਪੱਖੀ ਵਿਕਾਸ਼ ਸੰਭਵ ਹੋ ਸਕੇ। ਉਨ੍ਹਾਂ ਹੋਰ ਕਿਹਾ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਜ਼ਿਲ੍ਹੇ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਕੇ ਹੇਠਲੇ ਪੱਧਰ ਦੇ ਢੁਕਵੇਂ ਪ੍ਰਬੰਧ ਕਰ ਰਹੇ ਹਨ । ਇਸ ਪ੍ਰਕਾਰ ਵਧੀ ਆਮਦਨ ਦਾ ਹੀ ਨਤੀਜਾ ਹੈ ਕਿ ਸ਼ਹਿਰ ਦੇ ਵਿਕਾਸ ਲਈ ਚਾਲੂ ਵਿੱਤੀ ਸਾਲ ਦੌਰਾਨ ਨਿਗਮ ਨੇ ਬਜਟ ਵਿਚ ਵਾਧੂ ਖ਼ਰਚ ਦੀ ਯੋਜਨਾਬੰਦੀ ਕੀਤੀ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਪ੍ਰਾਪਰਟੀ ਟੈਕਸ ਬਗੈਰ ਜੁਰਮਾਨੇ ਤੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਮ੍ਹਾ ਕਰਵਾਉਣ ਅਤੇ ਛੋਟ ਦਾ ਲਾਭ ਉਠਾਉਣ । ਉਨ੍ਹਾਂ ਟਰੈਫ਼ਿਕ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਦੁਕਾਨਦਾਰਾਂ ਅਤੇ ਰੇਹੜੀ ਵਾਲੀਆਂ ਨੂੰ ਅਪੀਲ ਕੀਤੀ ਉਹ ਆਪਣਾ ਸਮਾਨ ਦੁਕਾਨਾਂ ਤੇ ਬਹਾਰ ਨਾ ਰੱਖਣ । ਜੇਕਰ ਕੋਈ ਵੀ ਦੁਕਾਨਦਾਰ ਆਪਣਾ ਸਮਾਨ ਦੁਕਾਨ ਤੋਂ ਬਾਹਰ ਗੈਰ ਕਾਨੂੰਨੀ ਢੰਗ ਨਾਲ ਰੱਖਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨੀ ਉਪਬਧਾਂ ਤਹਿਤ ਕਾਰਵਾਈ ਕਰਨ ਦੇ ਨਿਰਦੇਸ਼ ਨਗਰ ਕੌਂਸਲਾਂ/ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਨੂੰ ਦਿੱਤੇ। ਉਨ੍ਹਾਂ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਕਿਹਾ ਕਿ ਉਹ ਗੈਰ ਅਧਿਕਾਰਤ ਤਰੀਕੇ ਨਾਲ ਰਿਹਾਇਸ਼ੀ ਅਤੇ ਗੈਰ ਰਿਹਾਇਸ਼ੀ ਉਸਾਰੀਆਂ ਕਰਨ ਤੋਂ ਗੁਰੇਜ਼ ਕਰਨ । ਆਪਣੀਆਂ ਉਸਾਰੀਆਂ ਨਕਸ਼ੇ ਪਾਸ ਕਰਵਾ ਕੇ ਕਰਨ ਨੂੰ ਯਕੀਨੀ ਬਣਾਉਣ । ਉਨ੍ਹਾਂ ਕਿਹਾ ਕਿ ਜੇਕਰ ਕੋਈ ਬਗੈਰ ਨਕਸ਼ਾ ਪਾਸ ਕਰਵਾਏ ਉਸਾਰੀ ਕਰਦਾ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਤਹਿਤ ਸਖ਼ਤ ਕਾਰਵਾਈ ਨੂੰ ਅਮਲੀ ਰੂਪ ਦਿੱਤਾ ਜਾਵੇਗਾ ।