ਮਾਲੇਰਕੋਟਲਾ 7 ਫਰਵਰੀ ( ਰੋਹਿਤ ਗੋਇਲ, ਮੋਹਿਤ ਜੈਨ)-ਵਿਧਾਨ ਸਭਾ ਚੋਣਾਂ—2022 ਅਤੇ ਲੋਕ ਸਭਾ ਜ਼ਿਮਨੀ ਚੋਣਾਂ—2022 ਦੌਰਾਨ ਵਿਧਾਨ ਸਭਾ ਹਲਕਾ—105,ਮਾਲੇਰਕੋਟਲਾ ਵਿਖੇ ਵਧੀਆ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੇ ਕਰੀਬ 20 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਅੱਜ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ—105,ਮਾਲੇਰਕੋਟਲਾ ਕਮ—ਉਪ ਮੰਡਲ ਮੈਜਿਸਟਰੇਟ ਸ੍ਰੀ ਕਰਨਦੀਪ ਸਿੰਘ ਨੇ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ।ਉਨ੍ਹਾਂ ਫਲਾਇੰਗ ਸਕੂਐਡ,ਸਥਿਰ ਨਿਗਰਾਨ ਟੀਮਾਂ ,ਸ਼ਿਕਾਇਤ ਸੈੱਲ,ਚੋਣ ਸਪੈਸ਼ਲ ਸੈੱਲ ਆਦਿ ਵਿਖੇ ਵਧੀਆ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਣ ਵਾਲੇ ਅਧਿਕਾਰੀਆਂ ਅਤੇ ਸਾਰੇ ਕਰਮਚਾਰੀਆਂ ਨੂੰ ਆਉਣ ਵਾਲੇ ਭਵਿੱਖ ਵਿੱਚ ਵੀ ਸ਼ਲਾਘਾਯੋਗ ਕੰਮ ਕਰਨ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ “ਨਤੀਜਿਆਂ ਦਾ ਕਦ ਹਮੇਸ਼ਾ ਹੀ ਮਿਹਨਤ ਦੀ ਖ਼ੁਰਾਕ ਤੇ ਨਿਰਭਰ ਕਰਦਾ ਹੈ। ਸੋ, ਇਸੇ ਤਰ੍ਹਾਂ ਹੀ ਮਿਹਨਤ ਅਤੇ ਇੱਕਜੁੱਟ ਹੋ ਕੇ ਟੀਮ ਵਰਕ ਕਰਦੇ ਰਹੋ“ । ਇਸ ਮੌਕੇ ਉਨ੍ਹਾਂ ਦਰਜਾ ਚਾਰ ਕਰਮਚਾਰੀਆਂ ਨੂੰ ਸਨਮਾਨਿਤ ਕਰਦਿਆ ਕਿਹਾ ਕਿ ਚੋਣ ਦੌਰਾਨ ਦਰਜਾ ਚਾਰ ਕਰਮਚਾਰੀਆਂ ਦੇ ਸ਼ਲਾਘਾਯੋਗ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ । ਉਨ੍ਹਾਂ ਹੋਰ ਕਿਹਾ ਕਿ ਚੋਣਾਂ ਦਾ ਕੰਮ ਬਹੁਤ ਹੀ ਅਹਿਮ ਅਤੇ ਸਮਾਂਬੱਧ ਹੁੰਦਾ ਹੈ। ਜਿਸ ਨੂੰ ਨੇਪਰੇ ਚੜ੍ਹਾਉਣ ਲਈ ਬਹੁਤ ਹੀ ਕੁਸ਼ਲ ਟੀਮ ਵਰਕ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣੇ ਦਫ਼ਤਰ ਦੀ ਟੀਮ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਆਪਣੇ ਸਮੂਹ ਕਰਮਚਾਰੀਆਂ ਤੇ ਮਾਣ ਮਹਿਸੂਸ ਕਰਦੇ ਹਨ, ਜਿਨ੍ਹਾਂ ਨੇ ਦਿਨ ਰਾਤ ਅਣਥੱਕ ਮਿਹਨਤ ਕਰਕੇ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ ਦੇ ਕੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਿਆ ਹੈ ।ਇਸ ਮੌਕੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਵਿਧਾਨ ਸਭਾ ਹਲਕਾ—105,ਮਾਲੇਰਕੋਟਲਾ ਨੇ ਕਿਹਾ ਕਿ ਆਧਾਰ ਕਾਰਡ ਨੂੰ ਫ਼ੋਟੋ ਵੋਟਰ ਸ਼ਨਾਖ਼ਤੀ ਕਾਰਡਾਂ ਨਾਲ ਲਿੰਕ ਕਰਵਾਉਣ ਲਈ ਵਿਧਾਨ ਸਭਾ ਹਲਕਾ—105 ਦੇ ਸਮੂਹ ਪੋਲਿੰਗ ਸਟੇਸ਼ਨਾਂ ਤੇ 12 ਫਰਵਰੀ 2023 ਨੂੰ ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਜੋ ਸਮੁੱਚੇ ਵੋਟਰਾਂ ਦੇ ਫ਼ੋਟੋ ਸ਼ਨਾਖ਼ਤੀ ਵੋਟਰ ਕਾਰਡਾਂ ਨੂੰ ਆਧਾਰ ਕਾਰਡਾਂ ਨਾਲ ਲਿੰਕ ਕੀਤਾ ਜਾ ਸਕੇ । ਉਨ੍ਹਾਂ ਹੋਰ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਆਪਣਾ ਅਧਾਰ ਕਾਰਡ ਵੋਟਰ ਸੂਚੀ ਨਾਲ ਲਿੰਕ ਕਰਨ ਲਈ ਫਾਰਮ ਨੰਬਰ 6-ਬੀ ਭਰ ਕੇ ਬੀ.ਐਲ.ਓ. ਨੂੰ ਨਹੀਂ ਦਿੱਤਾ ਉਹ ਆਪਣਾ ਆਧਾਰ ਕਾਰਡ ਜਲਦ ਤੋਂ ਜਲਦ ਵੋਟਰ ਸੂਚੀ ਨਾਲ ਲਿੰਕ ਕਰਵਾਉਣ ਲਈ ਬੀ.ਐਲ.ਓ ਜਾ ਚੋਣ ਦਫ਼ਤਰ ਵਿਖੇ ਦੇ ਸਕਦੇ ਹਨ । ਇਸ ਤੋਂ ਇਲਾਵਾ ਚੋਣ ਕਮਿਸ਼ਨ ਵੱਲੋਂ ਆਨਲਾਈਨ ਪੋਰਟਲ ਤੇ ਘਰ ਬੈਠੇ ਹੀ ਵੋਟਰ ਕਾਰਡ ਨਾਲ ਰਜਿਸਟਰ ਕਰ ਸਕਦੇ ਹਨ । ਉਨ੍ਹਾਂ ਕਿਹਾ ਕਿ ਨਵੇਂ ਵੋਟਰ ਆਪਣੀ ਵੋਟ ਰਜਿਸਟਰ ਕਰਨ ਲਈ ਅਧਾਰ ਕਾਰਡ ਦਾ ਨੰਬਰ ਜ਼ਰੂਰ ਭਰਨ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 12 ਫਰਵਰੀ ਨੂੰ ਜ਼ਿਲ੍ਹੇ ਦੇ ਸਮੂਹ ਬੀ.ਐਲ.ਓਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਰਾਂ ਤੋਂ ਫਾਰਮ ਨੰਬਰ 6-ਬੀ ਪ੍ਰਾਪਤ ਕਰਨਗੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵੋਟਰ ਕਾਰਡਾਂ ਨੂੰ ਆਧਾਰ ਕਾਰਡ ਨਾਲ ਜੋੜਿਆ ਜਾ ਸਕੇ। ਇਸ ਲਈ ਵੱਧ ਤੋਂ ਵੱਧ ਵੋਟਰ ਇਸ ਕੈਂਪ ਦਾ ਲਾਭ ਉਠਾਉਣ ਅਤੇ ਆਪਣੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਵਾਉਣ।
