Home Political ਸਪੀਕਰ, ਪੰਜਾਬ ਵਿਧਾਨ ਸਭਾ ਵੈਟਨਰੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ...

ਸਪੀਕਰ, ਪੰਜਾਬ ਵਿਧਾਨ ਸਭਾ ਵੈਟਨਰੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿਚ ਬਤੌਰ ਮੁੱਖ ਮਹਿਮਾਨ ਪਧਾਰੇ

31
0


ਲੁਧਿਆਣਾ 06 ਮਈ (ਲਿਕੇਸ਼ ਸ਼ਰਮਾ) : ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਤੀਸਰੀ ਕਨਵੋਕੇਸ਼ਨ ਵਿਚ ਸ. ਕੁਲਤਾਰ ਸਿੰਘ ਸੰਧਵਾਂ, ਸਪੀਕਰ, ਪੰਜਾਬ ਵਿਧਾਨ ਸਭਾ ਬਤੌਰ ਮੁੱਖ ਮਹਿਮਾਨ ਅਤੇ ਸ. ਲਾਲਜੀਤ ਸਿੰਘ ਭੁੱਲਰ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ, ਪੰਜਾਬ ਬਤੌਰ ਪਤਵੰਤੇ ਮਹਿਮਾਨ ਪਧਾਰੇ। ਕਨਵੋਕੇਸ਼ਨ ਵਿਚ ਸ. ਰੁਪਿੰਦਰ ਸਿੰਘ ਸੋਢੀ, ਪ੍ਰਧਾਨ, ਇੰਡੀਅਨ ਡੇਅਰੀ ਐਸੋਸੀਏਸ਼ਨ ਅਤੇ ਸਾਬਕਾ ਪ੍ਰਬੰਧਕੀ ਨਿਰਦੇਸ਼ਕ, ਅਮੁਲ ਨੂੰ ਸਹਿਕਾਰਤਾ ਅਤੇ ਡੇਅਰੀ ਉਦਯੋਗ ਵਿਚ ਉਨ੍ਹਾਂ ਦੇ ਜ਼ਿਕਰਯੋਗ ਯੋਗਦਾਨ ਲਈ ਪੀਐਚ.ਡੀ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।ਸੰਧਵਾਂ ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਕਿ ਇਨ੍ਹਾਂ ਬੱਚਿਆਂ ਨੇ ਬਹੁਤ ਮਿਹਨਤ ਨਾਲ ਯੂਨੀਵਰਸਿਟੀ ਦੀ ਸਿੱਖਿਆ ਗ੍ਰਹਿਣ ਕੀਤੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੱਤੀ ਕਿ ਉਹ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਆਪਣਾ ਕਾਰਜ ਕਰਨ ਇਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਵਿਚ ਉੱਚੇ ਨਤੀਜੇ ਮਿਲਣਗੇ। ਉਨ੍ਹਾਂ ਇਹ ਵੀ ਕਿਹਾ ਕਿ ਪੇਸ਼ੇਵਰ ਜੀਵਨ ਵਿਚ ਕਈ ਚੁਣੌਤੀਆਂ ਆਉਣਗੀਆਂ ਪਰ ਉਹ ਆਪਣੇ ਸਿਧਾਂਤਾਂ ’ਤੇ ਟਿਕੇ ਰਹਿਣ।ਉਨ੍ਹਾਂ ਮਾਤ-ਭਾਸ਼ਾ ਦੀ ਮਹੱਤਤਾ ਸੰਬੰਧੀ ਵਿਸ਼ੇਸ਼ ਜ਼ਿਕਰ ਕੀਤਾ ਕਿ ਆਪਣੀ ਭਾਸ਼ਾ ਦੀ ਸੁਚੱਜੀ ਵਰਤੋਂ ਨਾਲ ਅਸੀਂ ਵੱਡੇ ਟੀਚੇ ਪ੍ਰਾਪਤ ਕਰ ਸਕਦੇ ਹਾਂ।ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਕਨਵੋਕੇਸ਼ਨ ਰਿਪੋਰਟ ਵਿਚ ਯੂਨੀਵਰਸਿਟੀ ਦੀਆਂ ਜ਼ਿਕਰਯੋਗ ਪ੍ਰਾਪਤੀਆਂ ਦਾ ਵਰਣਨ ਕੀਤਾ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਅਧਿਆਪਕ ਅਤੇ ਕਰਮਚਾਰੀ ਅਧਿਆਪਨ, ਖੋਜ ਅਤੇ ਪਸਾਰ ਗਤੀਵਿਧੀਆਂ ਲਈ ਉੱਘਾ ਯੋਗਦਾਨ ਪਾ ਰਹੇ ਹਨ। ਯੂਨੀਵਰਸਿਟੀ ਦੇ ਵੱਖੋ-ਵੱਖਰੇ ਛੋਟੇ-ਵੱਡੇ ਕੋਰਸਾਂ ਵਿਚ 2200 ਤੋਂ ਵਧੇਰੇ ਵਿਦਿਆਰਥੀਆਂ ਸਿੱਖਿਆ ਹਾਸਿਲ ਕਰ ਰਹੇ ਹਨ। ਯੂਨੀਵਰਸਿਟੀ ਰਾਸ਼ਟਰੀ ਪੱਧਰ ’ਤੇ 74 ਖੋਜ ਪ੍ਰਾਜੈਕਟਾਂ ’ਤੇ ਕੰਮ ਕਰ ਰਹੀ ਹੈ। ਆਧੁਨਿਕ ਸੂਚਨਾ-ਸੰਚਾਰ ਸੰਦਾਂ ਰਾਹੀਂ ਸੰਸਥਾ ਵੱਲੋਂ ਹਰੇਕ ਪੱਧਰ ’ਤੇ ਕਿਸਾਨਾਂ ਅਤੇ ਸਮਾਜ ਤੱਕ ਪਹੁੰਚ ਕੀਤੀ ਜਾ ਰਹੀ ਹੈ।ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਯੂਨੀਵਰਸਿਟੀ ਆਪਣੀ ਗੁਣਵੱਤਾ ਭਰਪੂਰ ਵਿਦਿਆ ਰਾਹੀਂ ਬਹੁਤ ਉੱਚ ਪੱਧਰ ਦੇ ਪੇਸ਼ੇਵਰ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਦੇ ਯੋਗਦਾਨ ਨਾਲ ਪਸ਼ੂ ਪਾਲਣ ਖੇਤਰ ਹੋਰ ਬੁਲੰਦੀਆਂ ਨੂੰ ਛੁਹੇਗਾ ਅਤੇ ਸਮਾਜਿਕ ਆਰਥਿਕ ਵਿਕਾਸ ਵਿਚ ਨਵਾਂ ਯੋਗਦਾਨ ਪਾਏਗਾ। ਉਨ੍ਹਾਂ ਇਹ ਵੀ ਕਿਹਾ ਕਿ ਲੜਕੀਆਂ ਵਿਦਿਅਕ ਖੇਤਰ ਵਿਚ ਬਹੁਤ ਮਾਅਰਕੇ ਭਰਪੂਰ ਕੰਮ ਕਰ ਰਹੀਆਂ ਹਨ।ਰੁਪਿੰਦਰ ਸਿੰਘ ਸੋਢੀ ਨੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਧੰਨਵਾਦ ਕਰਦਿਆਂ ਕਿਹਾ ਕਿ ਉਦਮ ਕੀਤਿਆਂ ਜ਼ਿੰਦਗੀ ਵਿਚ ਹਰੇਕ ਮੰਜਿਲ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਈ ਤਜਰਬੇ ਅਤੇ ਯਾਦਾਂ ਵੀ ਸਾਂਝੀਆਂ ਕੀਤੀਆਂ।
ਡਾ. ਹਰਮਨਜੀਤ ਸਿੰਘ ਬਾਂਗਾ, ਰਜਿਸਟਰਾਰ ਨੇ ਜਾਣਕਾਰੀ ਦਿੱਤੀ ਕਿ ਵਿਦਿਆਰਥੀਆਂ ਨੂੰ ਕੁੱਲ 315 ਡਿਗਰੀਆਂ, 102 ਮੈਰਿਟ ਸਰਟੀਫਿਕੇਟ ਅਤੇ 17 ਸੋਨੇ ਦੇ ਤਗਮੇ ਦਿੱਤੇ ਗਏ। ਵਿਦਿਆਰਥੀਆਂ ਨੂੰ ਡਾਕਟਰ ਆਫ਼ ਫ਼ਿਲਾਸਫ਼ੀ, ਮਾਸਟਰ ਆਫ ਵੈਟਨਰੀ ਸਾਇੰਸ, ਮਾਸਟਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਮਾਸਟਰ ਆਫ਼ ਫ਼ਿਸ਼ਰੀਜ਼ ਸਾਇੰਸ, ਮਾਸਟਰ ਆਫ਼ ਵੈਟਨਰੀ ਸਾਇੰਸ/ਮਾਸਟਰ ਆਫ਼ ਸਾਇੰਸ (ਬਾਇਓਟੈਕਨਾਲੋਜੀ), ਬੈਚਲਰ ਆਫ਼ ਵੈਟਨਰੀ ਸਾਇੰਸ ਅਤੇ ਐਨੀਮਲ ਹਸਬੈਂਡਰੀ, ਬੈਚਲਰ ਆਫ਼ ਡੇਅਰੀ ਸਾਇੰਸ ਐਂਡ ਟੈਕਨਾਲੋਜੀ, ਬੈਚਲਰ ਆਫ਼ ਫ਼ਿਸ਼ਰੀਜ਼ ਸਾਇੰਸ ਅਤੇ ਬੈਚਲਰ ਆਫ਼ ਬਾਇਓਟੈਕਨਾਲੋਜੀ ਦੀਆਂ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰਾਂ, ਯੂਨੀਵਰਸਿਟੀ ਅਧਿਕਾਰੀਆਂ, ਮੋਹਤਬਰ ਸ਼ਖ਼ਸੀਅਤਾਂ ਅਤੇ ਅਧਿਆਪਕਾਂ ਨੇ ਭਰਵੇਂ ਰੂਪ ਵਿਚ ਕਨਵੋਕੇਸ਼ਨ ਵਿਚ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here