ਪਿਛਲਾ ਲੰਬਾ ਸਮਾਂ ਪੰਜਾਬ ਵਿਚ ਕਾਲਾ ਦੌਰ ਰਿਹਾ। ਜਿਸ ਵਚ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਜਿਸ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿੰਨਾਂ ਨੇ ਆਪਸੀ ਦੁਸ਼ਮਣੀ ਜਾਂ ਰੰਜਿਸ਼ ਨੂੰ ਲੈ ਕੇ ਖੂਬ ਫਾਇਦਾ ਉਠਾਇਆ ਹੈ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਕਿਸੇ ਵੀ ਮਾਤਾ-ਪਿਤਾ ਨੂੰ ਇਹ ਨਹੀਂ ਪਤਾ ਸੀ ਹੁੰਦਾ ਕਿ ਉਨ੍ਹਾਂ ਦਾ ਬੱਚਾ ਸ਼ਾਮ ਨੂੰ ਘਰ ਵਾਪਸ ਆਵੇਗਾ ਜਾਂ ਨਹੀਂ। ਉਹ ਸਮਾਂ ਅੱਜ ਵੀ ਯਾਦ ਆਉਂਦਾ ਹੈ ਤਾਂ ਰੌਂਗਟੇ ਖੜੇ ਹੋ ਜਾਂਦੇ ਹਨ। ਉਸ ਸਮੇਂ ਵਿਦੇਸ਼ ਜਾਣਾ ਏਨਾ ਸੌਖਾ ਨਹੀਂ ਸੀ। ਉਸ ਕਾਲੇ ਦੌਰ ਦੇ ਸਮੇਂ ਵਿਚ ਖਾਲਿਸਤਾਨ ਦੇ ਕੱਟੜ ਸਮਰਥਕ ਵਜੋਂ ਜਾਣੇ ਜਾਂਦੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦਾ ਦਬਦਬਾ ਸੀ। ਉਸ ਸਮੇਂ ਕਾਲੇ ਦੌਰ ਦੀ ਲਹਿਰ ਵਿਚ ਸ਼ਾਮਲ ਵਧੇਰੇਤਰ ਨੌਜਵਾਨ ਪੁਲਿਸ ਵਲੋਂ ਮੁਕਾਬਲਿਆਂ ਵਿਚ ਮਾਰ ਦਿਤੇ ਗਏ ਅਤੇ ਕੁਝ ਵਿਦੇਸ਼ਾਂ ਵਿਚ ਚਲੇ ਗਏ। ਵਿਦੇਸ਼ਾਂ ਵਿਚ ਪਹੁੰਚੇ ਨੌਜਵਾਨਾਂ ਨੂੰ ਸਿਮਰਨਜੀਤ ਸਿੰਘ ਮਾਨ ਵੱਲੋਂ ਜਾਰੀ ਕੀਤਾ ਗਿਆ ਪੱਤਰ ਅਨੇਕਾਂ ਨੌਜਵਾਨਾਂ ਨੂੰ ਵਿਦੇਸ਼ਾਂ ਵਿਚ ਰਾਜਨੀਤਿਕ ਸ਼ਰਨ ਦਵਾਉਣ ਵਿਚ ਕਾਰਗਾਰ ਸਾਬਿਤ ਹੋਇਆ। ਉਸ ਤੋਂ ਬਾਅਦ ਜਦੋਂ ਕਾਲਾ ਦੌਰ ਖਤਮ ਹੋ ਗਿਆ ਤਾਂ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਨੇ ਸਿਮਰਨਜੀਤ ਸਿੰਘ ਮਾਨ ਦੇ ਪੱਤਰ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ। ਭਾਵੇਂ ਉਹ ਖਾਲਿਸਤਾਨ ਦੀ ਲਹਿਰ ਵਿਚ ਸ਼ਾਮਲ ਹੋਣ ਭਾਵੇਂ ਨਾ ਹੋਣ। ਪਰ ਉਨ੍ਹਾਂ ਦੇ ਮਨ ਵਿਚ ਇਕ ਗੱਲ ਘਰ ਕਰ ਚੁੱਕੀ ਸੀ ਕਿ ਉਹ ਸਿਮਰਨਜੀਤ ਸਿੰਘ ਮਾਨ ਵਾਲਾ ਪੱਤਰ ਲੈ ਤੇ ਕਿਸੇ ਵੀ ਜਾਇਜ ਨਜਾਇਜ ਢੰਗ ਨਾਲ ਇਕ ਵਾਰ ਵਿਦੇਸ਼ ਦੀ ਧਰਤੀ ਤੇ ਪਹੁੰਚ ਗਏ ਤਾਂ ਉਨ੍ਹਾਂ ਨੂੰ ਰਾਜਨੀਤਿਕ ਸ਼ਰਨ ਮਿਲ ਹੀ ਜਾਏਗੀ। ਹੁਣ ਅਚਾਨ 30-35 ਸਾਲ ਦੇ ਇੰਨੇ ਲੰਬੇ ਸਮੇਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਇਸ ਸਮੇਂ ਸੁਰਖੀਆਂ ਵਿਚ ਆ ਗਿਆ ਜਦੋਂ ਸਿਮਰਨਜੀਤ ਸਿੰਘ ਮਾਨ ਵੱਲੋਂ ਨੌਜਵਾਨਾਂ ਨੂੰ ਵਿਦੇਸ਼ਾਂ ਭੇਜ ਕੇ ਉਨ੍ਹਾਂ ਵਲੋਂ ਜਾਰੀ ਪੱਤਰ ਜਿਸਨੂੰ ਉਹ ਪੈਸੇ ਲੈ ਕੇ ਦਿੰਦੇ ਸਨ, ਦੇ ਸਹਾਰੇ 50 ਹਜਾਰ ਦੇ ਕਰੀਬ ਨੌਜਵਾਨ ਵਿਦੇਸ਼ਾਂ ਵਿਚ ਸੈਟ ਹੋਏ ਹਨ। ਭਾਵੇਂ ਮਾਨ ਵੱਲੋਂ ਪੱਤਰ ਜਾਰੀ ਕਰਕੇ ਇਕ ਇਕ ਨੌਜਵਾਨ ਤੋਂ 35 ਤੋਂ 70 ਹਜਾਰ ਰੁਪਏ ਵਸੂਲੇ ਗਏ ਪਰ ਉਹ ਇਸ ਵਸੂਲੀ ਨੂੰ ਪਾਰਟੀ ਫੰਡ ਦਾ ਨਾਮ ਦਿੰਦੇ ਹਨ। ਚਲੋ ! ਖੈਰ ਇਹ ਉਨ੍ਹਾਂ ਦਾ ਨਿੱਜੀ ਮਾਮਲਾ ਹੈ। ਪਰ ਮਾਨ ਵਲੋਂ ਕੀਤੇ ਗਏ ਕਬੂਲਨਾਮੇ ਤੋਂ ਬਾਅਦ ਕੇਂਦਰ ਸਰਕਾਰ ਅਤੇ ਅਜੰਸੀਆਂ ਜਰੂਰ ਚੌਕਸ ਹੋ ਗਈਆਂ ਹਨ। ਏਜੰਸੀਆਂ ਵਲੋਂ ਹੁਣ ਸਿਮਰਨਜੀਤ ਸਿੰਘ ਮਾਨ ਦੇ ਪੱਤਰ ’ਤੇ ਸਿਆਸੀ ਸ਼ਰਨ ਲੈਣ ਵਾਲੇ ਸਾਰੇ ਨੌਜਵਾਨਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਦੀ ਪੜਚੋਲ ਕੀਤੀ ਜਾ ਸਕੇ ਅਤੇ ਇਹਨਾਂ ਨੌਜਵਾਨਾਂ ਦੀ ਡਿਪੋਟ ਕਰਵਾਉਣ ਦੀ ਕਾਰਵਾਈ ਵੀ ਆਰੰਭ ਕੀਤੀ ਜਾ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਪੰਜਾਬ ਲਈ ਬਹੁਤ ਖਤਰਨਾਕ ਹੋਵੇਗਾ ਕਿਉਂਕਿ ਮਾਨ ਦੇ ਪੱਤਰ ਤੇ ਰਾਜਸੀ ਸ਼ਰਨ ਲੈਣ ਵਾਲਿਆਂ ਵਿਚ ਬਹੁਤੇ ਲੋਕਾਂ ਦਾ ਖਾਲਿਸਤਾਨ ਲਹਿਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਜਿਸ ਤਰ੍ਹਾਂ ਹੁਣ ਨੌਜਵਾਨਾਂ ਵਿਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ ਉਸ ਸਮੇਂ ਵੀ ਹਾਲਾਤਾਂ ਨੂੰ ਦੇਖਦੇ ਹੋਏ ਕੋਈ ਵੀ ਮਾਂ ਬਾਪ ਇਹ ਨਹੀਂ ਸੀ ਚਾਹੁੰਦਾ ਕਿ ਉਨ੍ਹਾਂ ਦਾ ਬੱਚਾ ਇਥੇ ਪਹੇ। ਸਭ ਕਿਸੇ ਵੀ ਢੰਗ ਤਰੀਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਵਿਚ ਲੱਗੇ ਹੋਏ ਸਨ। ਹੁਣ ਇੰਨੇਂ ਸਾਲਾਂ ਤੋਂ ਉਹ ਸਭ ਲੋਕ ਵਿਦੇਸ਼ਾਂ ਵਿਚ ਪੂਰੀ ਤਰ੍ਹਾਂ ਨਾਲ ਸੈਟ ਹਨ ਅਤੇ ਖੁਸ਼ ਹਨ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿੱਚ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਜਿਹੜੇ ਬੱਚੇ ਉੱਥੇ ਵੱਸ ਗਏ ਹਨ, ਉਨ੍ਹਾਂ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ। ਕੇਂਦਰ ਸਰਕਾਰ ਕੋਲ ਬਹੁਤ ਅਧਿਕਾਰ ਹਨ। ਸਿਰਫ ਉਹੀ ਲੋਕ ਜੋ ਵਿਦੇਸ਼ਾਂ ਵਿੱਚ ਬੈਠ ਕੇ ਖਾਲਿਸਤਾਨ ਦੀ ਗੱਲ ਕਰਦੇ ਹਨ ਜਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਬਾਰੇ ਸੋਚਦੇ ਹਨ ਸਿਰਫ ਉਨ੍ਹਾਂ ਦੀ ਹੀ ਪੜਤਾਲ ਹੋਣੀ ਚਾਹੀਦੀ ਹੈ। ਬਾਕੀਆਂ ਨੂੰ ਇਸੇ ਤਰ੍ਹਾਂ ਮੁਸੀਬਤ ਵਿੱਚ ਨਾ ਪਾਇਆ ਜਾਵੇ। ਹੁਣ ਪੰਜਾਬ ਵਿੱਚ ਅਜਿਹਾ ਕੋਈ ਮਾਹੌਲ ਨਹੀਂ ਹੈ। ਜਿਸ ਨਾਲ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਤਰ੍ਹਾਂ ਭੰਗ ਕੀਤਾ ਜਾ ਸਕੇ ਅਤੇ ਖਾਲਿਸਤਾਨ ਲਹਿਰ ਪੂਰੀ ਤਰ੍ਹਾਂ ਨਾਲ ਸਮਾਪਤ ਹੋ ਚੁੱਕੀ ਹੈ । ਹੁਣ ਵੀ ਪੜ੍ਹੇ ਲਿਖੇ ਸਭ ਬੱਚੇ ਵਿਦੇਸ਼ਾਂ ਨੂੰ ਆਈਲਿਟਸ ਕਰਕੇ ਆਪਣੇ ਬਲਬੂਤੇ ਤੇ ਭੱਦ ਰਹੇ ਹਨ। ਉਸਦਾ ਕਾਰਨ ਪੰਜਾਬ ਵਿਚ ਨਸ਼ੇ ਦਾ ਬੋਲਬਾਲਾ ਅਤੇ ਬੇਰੁਜਗਾਰੀ ਚਰਮ ਸੀਮਾ ਤੇ ਹੋਣਾ ਹੈ। ਜਿਸ ਤਰ੍ਹਾਂ ਉਸ ਸਮੇਂ ਲੋਕ ਕਾਲੇ ਦੌਰ ਕਾਰਨ ਮਾਂ ਬਾਪ ਆਪਣੇ ਬੱਚਿਆਂ ਨੂੰ ਇੁਥੇ ਨਹੀਂ ਰੱਖਣਾ ਚਾਹੁੰਦੇ ਸਨ ਅਤੇ ਹੁਣ ਵੀ ਉਹੀ ਮਾਗੌਲ ਹੈ। ਇਸ ਲਈ ਹੁਣ 30-35 ਸਾਲਾਂ ਬਾਅਦ ਦੜੇ ਮੁਰਦੇ ਨਾ ਉਖਾੜੇ ਜਾਣ ਇਸ ਨਾਲ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ। ਪਰ ਪੰਜਾਬ ’ਚ ਅਮਨ-ਸ਼ਾਂਤੀ ਦੇ ਮਾਹੌਲ ਨੂੰ ਇਕ ਵਾਰ ਫਿਰ ਤੋਂ ਲਾਂਬੂ ਜਰੂਰ ਲੱਗ ਸਕਦਾ ਹੈ। ਇਸ ਲਈ ਅਜਿਹੇ ਮਾਮਲਿਆਂ ਨੂੰ ਬਿਨ੍ਹਾਂ ਵਜਹ ਉਭਾਰਿਆ ਨਹੀਂ ਜਾਣਾ ਚਾਹੀਦਾ।
ਹਰਵਿੰਦਰ ਸਿੰਘ ਸੱਗੂ।