ਪਿਛਲੇ ਦਿਨਾਂ ਤੋਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਸ-ਪਾਸ ਹੋਏ ਲਗਾਤਾਰ 3 ਬੰਬ ਧਮਾਕੇ ਕਿਸੇ ਡੂੰਘੀ ਸਾਜਿਸ਼ ਵੱਲ ਇਸ਼ਾਰਾ ਕਰ ਰਹੇ ਹਨ। ਇਸ ਸਾਜਿਸ਼ ਲਈ ਪੁਲਿਸ ਵਲੋਂ ਪੰਜ ਵਿਅਕਤੀ ਅਜ਼ਾਦ ਵੀਰ ਸਿੰਘ ਵਾਸੀ ਪਿੰਡ ਬਡਾਲਾ ਕਲਾ ਗੁਰਦਾਸਪੁਰ, ਅਮਰੀਕ ਸਿੰਘ ਵਾਸੀ ਪਿੰਡ ਦੁੱਗਰੀ ਗੁਰਦਾਸਪੁਰ, ਸਾਹਿਬ ਸਿੰਘ ਉਰਫ ਬਾਬਾ ਵਾਸੀ ਅਮਨ ਐਵੀਨਿਊ ਗੇਟ ਹਕੀਮਾ ( ਜੋ ਕਿ ਪਟਾਕਾ ਵਪਾਰੀ ਹੈ ), ਧਰਮਿੰਦਰ ਸਿੰਘ ਅਤੇ ਹਰਜੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ। ਹੁਣ ਕਿੱਥੇ ਇਹ ਵੱਡਾ ਸਵਾਲ ਇਹ ਹੈ ਕਿ ਇਹ ਸਾਰੇ ਲੋਕ ਸਿੱਖ ਕਿਸ ਤਰ੍ਹਾਂ ਹੋ ਸਕਦੇ ਹਨ ਕਿਉਂਕਿ ਇਕ ਸਿੱਖ ਤਾਂ ਸ੍ਰੀ ਅਮਿ੍ਰਤਸਰ ਦਰਬਾਰ ਸਾਹਿਬ ਲਈ ਆਪਣੀ ਜਾਨ ਤੱਕ ਹੱਸ ਕੇ ਕੁਰਬਾਨ ਕਰਨ ਲਈ ਤਿਆਰ ਹੁੰਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਤੋਂ ਇਲਾਵਾ ਹੋਰ ਧਰਮਾਂ ਦੇ ਲੋਕਾਂ ਦੀ ਵੀ ਬਹੁਤ ਸ਼ਰਧਾ ਦਾ ਕੇਂਦਰ ਹੈ। ਜਿਥੇ ਲੱਖਾਂ ਲੋਕ ਸਭ ਧਰਮਾਂ ਦੇ ਨਤਮਸਿਤਕ ਹੋਣ ਲਈ ਪਹੁੰਚਦੇ ਹਨ ਅਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਹਰ ਖੁਸ਼ੀ ਲੈ ਕੇ ਘਰਾਂ ਨੂੰ ਪਰਤਦੇ ਹਨ। ਇਸ ਲਈ ਕੋਈ ਵੀ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਵੀ ਕੋਸ਼ਿਸ਼ ਤਾਂ ਕੀ ਸਗੋਂ ਸੋਚ ਵੀ ਨਹੀਂ ਸਕਦਾ। ਉਸ ਇਲਾਕੇ ਵਿਚ ਇੱਕ-ਇੱਕ ਕਰਕੇ ਤਿੰਨ ਵਾਰ ਬੰਬ ਧਮਾਕੇ ਕਰਨ ਵਾਲੇ ਕੀ ਸਹੀ ਸਿੱਖ ਹੋ ਸਕਦੇ ਹਨ ? ਇਸ ਸਵਾਲ ਦਾ ਜਵਾਬ ਨਾਂਹ ਵਿਚ ਹੀ ਮਿਲੇਗਾ। ਅਜਿਹੇ ਲੋਕ ਸਮੁੱਚੀ ਸਿੱਖ ਕੌਮ ਲਈ ਬਦਨਾਮੀ ਦਾ ਕਾਰਨ ਬਣਦੇ ਹਨ। ਅਜਿਹੇ ਲੋਕਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਨਾ ਚਾਹੀਦਾ। ਇਨ੍ਹਾਂ ਲੋਕਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਇਹ ਪਤਾ ਲਗਾਉਣ ਲਈ ਡੂੰਘਾਈ ਨਾਲ ਜਾਂਚ ਦੀ ਲੋੜ ਹੈ ਕਿ ਸਿੱਖੀ ਦੇ ਭੇਸ ਵਿੱਚ ਇਹ ਲੋਕ ਕੌਣ ਹਨ ? ਅਜਿਹੇ ਲੋਕਾਂ ਦੇ ਪਿੱਛੇ ਯਕੀਨੀ ਤੌਰ ’ਤੇ ਕੋਈ ਏਜੰਸੀ ਜਾਂ ਸ਼ਕਤੀ ਕੰਮ ਕਰ ਰਹੀ ਹੈ। ਇਹ ਲੋਕ ਕਿਸ ਦੇ ਇਸ਼ਾਰੇ ਜਾਂ ਕਿਸ ਲਾਲਚ ਵਿਚ ਆਪਣੇ ਹੀ ਘਰ ਨੂੰ ਲਾਂਬੂ ਲਗਾਉਣ ਜਾ ਰਹੇ ਸਨ ? ਇਸ ਸਾਜਿਸ਼ ਦਾ ਪਰਦਾਫਾਸ਼ ਕੀਤਾ ਜਾਣਾ ਬੇਹੱਦ ਜਰੂਰੀ ਹੈ ਅਤੇ ਸਾਰੀ ਅਸਲੀਅਤ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਹੈ। ਜਦੋਂ ਦਰਬਾਰ ਸਾਹਿਬ ਦੇ ਨੇੜੇ ਇੱਕ-ਇੱਕ ਕਰਕੇ ਬੰਬ ਧਮਾਕੇ ਹੋ ਰਹੇ ਸਨ, ਤਾਂ ਦੁਨੀਆਂ ਭਰ ਵਿੱਚ ਵਸਦੇ ਸ਼ੇਖਾਂ ਨੂੰ ਇਸ ਦੀ ਚਿੰਤਾ ਸੀ। ਹੁਣ ਜੇਕਰ ਬੰਬ ਧਮਾਕੇ ਕਰਨ ਵਾਲੇ ਗ੍ਰਿਫਤਾਰ ਹੋ ਗਏ ਹਨ ਤਾਂ ਇਹ ਸਿੱਖੀ ਸਰੂਪ ਵਿਚ ਸਾਬਤ ਸੂਰਤ ਦਿਖਣ ਵਾਲੇ ਲੋਕ ਕਿਸ ਲਈ ਇਹ ਕੰਮ ਕਰ ਰਹੇ ਸਨ ਇਹ ਵੱਡੀ ਜਾਂਚ ਦਾ ਵਿਸ਼ਾ ਹੈ। ਬੰਬ ਧਮਾਕੇ ਕਰਨ ਵਾਲੇ ਇਨ੍ਹਾਂ ਲੋਕਤਾਂ ਦੀ ਗਿ੍ਰਫਤਾਰੀ ਤੋਂ ਬਾਅਦ ਦੇਸ਼ ਵਿਦੇਸ਼ ਵਿਚ ਅਖਬਾਰਾਂ ਅਤੇ ਇਲੈਕਟ੍ਰੋਨਿਕ ਮੀਡੀਆ ’ਤੇ ਇਨ੍ਹਾਂ ਦੀਆਂ ਤਸਵੀਰਾਂ ਪ੍ਰਕਾਸ਼ਤ ਹੋ ਰਹੀਆਂ ਹਨ। ਕੀ ਦੁਨੀਆਂ ਭਰ ਵਿਚ ਸਿੱਖਾਂ ਪ੍ਰਤੀ ਇਸ ਨਾਲ ਕੀ ਸੰਦੇਸ਼ ਜਾਏਗਾ । ਸਿੱਖ ਕੌਮ ਨੂੰ ਪਹਿਲਾਂ ਤੋਂ ਹੀ ਬਦਵਾਨ ਕਰਨ ਲਈ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ। ਇਹ ਲੋਕ ਵੀ ਉਨ੍ਹਾਂ ਹੀ ਲੋਕਾਂ ਦਾ ਮੋਹਰਾ ਹੋ ਸਕਦੇ ਹਨ। ਇਸ ਲਈ ਇਸ ਸਾਰੇ ਭੇਦ ਤੋਂ ਪਰਦਾ ਉੱਠਣਾ ਬੇਹੱਦ ਜਰੂਰੀ ਹੈ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਖੁਦ ਅੱਗੇ ਲੱਗ ਕੇ ਸਮੁੱਚੇ ਮਾਮਲੇ ਤੋਂ ਪਰਦਾ ਉਠਾਉਣਾ ਚਾਹੀਦਾ ਹੈ। ਅਜਿਹੇ ਲੋਕ ਨਾ ਤਾਂ ਕਿਸੇ ਧਰਮ ਨਾਲ ਸਬੰਧਤ ਹੁੰਦੇ ਹਨ ਅਤੇ ਨਾ ਹੀ ਉਨ੍ਹਾਂ ਦਾ ਕੋਈ ਦੀਨ ਅਮਾਨ ਹੁੰਦਾ ਹੈ। ਅਜਿਹੇ ਲੋਕ ਸਿਰਫ ਪੈਸੇ ਦੇ ਲਾਲਚ ’ਚ ਕਈ ਵਾਰ ਅਜਿਹੇ ਕੰਮ ਕਰ ਜਾਂਦੇ ਹਨ, ਜੋ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਲਈ ਇੱਕ ਕਾਲਾ ਧੱਬਾ ਬਣ ਜਾਂਦੇ ਹਨ। ਇਸ ਲਈ ਅੰਮ੍ਰਿਤਸਰ ਬੰਬ ਧਮਾਕਿਆਂ ਨੂੰ ਅੰਜਾਮ ਦੇਣ ਵਾਲੇ ਇਹਨਾਂ ਸਾਰੇ ਲੋਕਾਂ ਦੀ ਅਸਲੀਅਤ ਨੂੰ ਪੂਰੀ ਦੁਨੀਆਂ ਸਾਹਮਣੇ ਲਿਆ ਕੇ ਇਨਾਂ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ।
ਹਰਵਿੰਦਰ ਸਿੰਘ ਸੱਗੂ ।