ਦੇਸ਼ ਦੀ ਆਜ਼ਾਦੀ ਦੇ ਸਮੇਂ ਸਿਆਸਤ ਦੇ ਖੇਤਰ ਨੂੰ ਦੇਸ਼ ਦੀ ਸੇਵਾ ਦੀ ਭਾਵਨਾ ਨਾਲ ਜੋੜਿਆ ਜਾਂਦਾ ਸੀ ਅਤੇ ਲੋਕ ਰਾਜਨੀਤੀ ਵਿਚ ਸਿਰਫ਼ ਸੇਵਾ ਭਾਵਨਾ ਨਾਲ ਹੀ ਪ੍ਰਵੇਸ਼ ਕਰਦੇ ਸਨ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਰਾਜਨੀਤੀ ਵਿਚੋਂ ਸੇਵਾ ਭਾਵਨਾ ਵਾਲਾ ਤੋਤਾ ਗਾਇਬ ਹੋ ਗਿਆ ਹੈ। ਹੁਣ ਰਾਜਨੀਤੀ ਨੂੰ ਇੱਕ ਸਫਲ ਕਾਰੋਬਾਰ ਵਜੋਂ ਦੇਖਿਆ ਜਾਂਦਾ ਹੈ। ਜਿਸ ਵਿੱਚ ਇੱਕ ਵਾਰ ਕਾਮਯਾਬੀ ਮਿਲ ਜਾਂਦੀ ਹੈ ਤਾਂ ਉਸ ਦੀਆਂ ਅਗਲੀਆਂ ਸੱਤ ਪੁਸ਼ਤਾਂ ਦੀ ਰੋਟੀ ਦਾ ਪੱਕਾ ਜੁਗਾੜ ਹੋ ਜਾਂਦਾ ਹੈ। ਰਾਜਨੀਤੀ ਵਿੱਚ ਆਉਣ ਵਾਲੇ ਪਿੰਡਾਂ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਸ਼ਹਿਰ ਦੇ ਕੌਂਸਲਰ ਤੱਕ ਰਸਤੇ ਵਿਚ ਕਈ ਹੋਰ ਵੱਡੇ ਅਹੁਦਿਆਂ ਤੇ ਹੁੰਦੇ ਹੋਏ ਵਿਧਾਇਕ ਤੋਂ ਮੈਂਬਰ ਪਾਰਲੀਮੈਂਟ ਤੱਕ ਦਾ ਲੰਬਾ ਰਾਜਨੀਤਿਕ ਸਫਰ ਹੁੰਦਾ ਹੈ। ਸਾਰੇ ਰਾਜਨੀਤੀ ਇੱਕ ਸਫਲ ਨੇਤਾ ਬਨਣ ਲਈ ਪੂਰਕੀ ਜੋਰ ਲਗਾਉਂਦੇ ਹਨ। ਜਿਸ ਵਿੱਚ ਬਹੁਤ ਸਾਰੇ ਲੋਕ ਸਫਲ ਵੀ ਹੋ ਜਾਂਦੇ ਹਨ, ਜੋ ਉੱਚੇ ਰੁਤਬੇ ਨੂੰ ਪ੍ਰਾਪਤ ਕਰਦੇ ਹਨ। ਪਰ ਜੋ ਕਿਸੇ ਪੱਧਰ ’ਤੇ ਨਹੀਂ ਵੀ ਪਹੁੰਚਦੇ ਪਰ ਉਹ ਪੈਸਾ ਖੂਬ ਕਮਾ ਲੈਂਦੇ ਹਨ। ਜੇਕਰ ਅਸੀਂ ਆਪਣੇ ਆਪਣੇ ਖੇਤਰ ਵੱਲ ਨਜਰ ਦੌੜਾਈਏ ਤਾਂ ਸਾਨੂੰ ਅਜਿਹੇ ਕਈ ਚਿਹਰੇ ਮਿਲਣਗੇ ਜਿਹੜੇ ਲੋਕ ਸਿਆਸਤ ਵਿਚ ਆਉਣ ਤੋਂ ਪਹਿਲਾਂ ਗੁਰਬਤ ਦੀ ਜ਼ਿੰਦਗੀ ਬਤੀਤ ਕਰਦੇ ਸਨ ਅਤੇ ਸਿਆਸਤ ਵਿਚ ਆਉਣ ਤੋਂ ਬਾਅਦ ਲੱਖਾਂ ਤੋਂ ਕਰੋੜਾਂ ਰੁਪਏ ਦੇ ਮਾਲਕ ਬਣ ਜਾਂਦੇ ਹਨ। ਇਸੇ ਲਈ ਚੋਣਾਂ ਦੇ ਸਮੇਂ ਉਹ ਸੇਵਾ ਕਰਨ ਦਾ ਭਰੋਸਾ ਦੇ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਜਾਂਦੇ ਹਨ ਅਤੇ ਨੇਤਾ ਬਨਣ ਤੋਂ ਬਾਅਦ ਸੇਵਾ ਭਾਵਨਾ ਇਕ ਪਾਸੇ ਰੱਖ ਕੇ ਪੈਸੇ ਵੱਲ ਨੂੰ ਹੋ ਜਾਂਦੇ ਹਨ। ਜਿਸ ਲਈ ਹਰ ਨੇਤਾ ਦੇ ਵੱਡੇ ਪੱਧਰ ਤੇ ਦਲਾਲ ਆਪਣੇ ਆਪ ਹੀ ਸਰਗਰਮ ਹੋ ਜਾਂਦੇ ਹਨ ਭਾਵੇਂ ਉਹ ਪਹਿਲਾਂ ਕਿਸੇ ਵੀ ਪਾਰਟੀ ਨਾਲ ਸੰਬੰਧਤ ਕਿਉ ਨਾ ਰਹੇ ਹੋਣ ਪਰ ਪੈਸੇ ਦਵਾਉਣ ਵਾਲੇ ਦਲਾਲ ਸਭ ਨੇਤਾਵਾਂ ਨੂੰ ਪਸੰਦ ਹੁੰਦੇ ਹਨ। ਇਸ ਲਈ ਉਨ੍ਹਾਂ ਤੋਂ ਕੋਈ ਵੀ ਪਰਹੇਜ ਨਹੀਂ ਕਰਦਾ। ਅਜਿਹੇ ਛੁੱਟਭਈਏ ਲੀਡਰ ਤੁਹਾਨੂੰ ਹਰ ਸ਼ਹਿਰ ਵਿਚ ਨਜਰ ਆਉਣਗੇ। ਇਹੀ ਵਜਹ ਹੈ ਕਿ ਚੋਣ ਲੜਣ ਦੀ ਇੱਛਾ ਰੱਖਣ ਵਾਲਾ ਹਰ ਨੇਤਾ ਟਿਕਚ ਲੈਣ ਤੋਂ ਚੋਣ ਲੜਣ ਤੱਕ ਲੱਖਾਂ ਕਰੋੜਾਂ ਰੁਪਏ ਆਸਾਨੀ ਨਾਲ ਖਰਚ ਕਰ ਦਿੰਦਾ ਹੈ। ਜਿਸਦਾ ਕਿ ਉਹ ਸਰਕਾਰੀ ਤੌਰ ਤੇ ਹਿਸਾਬ ਵੀ ਨਹੀਂ ਦਿੰਦਾ। ਜਦੋਂ ਚੋਣਾਂ ਜਿੱਤੀਆਂ ਜਾਂਦੀਆਂ ਹਨ ਤਾਂ ਖਰਚੇ ਗਏ ਪੈਸੇ ਦੀ ਭਰਪਾਈ ਕਰਨ ਲਈ ਪੈਸੇ ਇਕੱਠੇ ਕਰਦੇ ਹਨ, ਨਾਲ ਹੀ ਦੁਬਾਰਾ ਟਿਕਟ ਹਾਸਿਲ ਕਰਨ ਲਈ ਅਤੇ ਚੋਣ ਲੜਨ ਲਈ ਪੈਸੇ ਇਕੱਠੇ ਕਰਦੇ ਹਨ। ਇਥੇ ਹੀ ਬੱਸ ਨਹੀਾਂ ਹੁੰਦੀ ਬਲਕਿ ਨੇਤਾ ਲੋਕ ਆਪਣੀਆਂ ਅਗਲੀਆਂ ਪੀਡੀਆਂ ਦੇ ਭਵਿੱਖ ਨੂੰ ਸੁਨਿਹਰੀ ਬਨਾਉਣ ਲਈ ਅੱਗੇ ਹੋਰ ਜੁਗਾੜ ਕਰਦੇ ਅਥਾਹ ਧਨ ਇਕੱਠਾ ਕਰ ਲੈਂਦੇ ਹਨ। ਇਸ ਸਮੇਂ ਵਿਜੀਲੈਂਸ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਲਈ ਪੁੱਛਗਿੱਛ ਕਰ ਰਹੀ ਹੈ। ਚੰਨੀ ਸਾਹਿਬ ਅਤੇ ਉਨ੍ਹਾਂ ਦੀ ਕਾਂਗਰਸ ਪਾਰਟੀ ਉਨ੍ਹਾਂ ਨੂੰ ਗਰੀਬ ਦਲਿਤ ਮੁੱਖ ਮੰਤਰੀ ਵਜੋਂ ਪ੍ਰਚਾਰਦੀ ਰਹੀ ਹੈ। ਤੁਹਾਨੂੰ ਯਾਦ ਹੋਵੇਗਾ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਸਨ ਤਾਂ ਉਹ ਅਕਸਰ ਸਿਆਸੀ ਮੰਚ ’ਤੇ ਆਪਣੀ ਜਵਾਨੀ ਵਿੱਚ ਕੀਤੇ ਸੰਘਰਸ਼ ਦੀਆਂ ਉਦਾਹਰਨਾਂ ਦਿੰਦੇ ਸਨ। ਜਿਸ ਵਿੱਚ ਉਹ ਕਹਿੰਦੇ ਸਨ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨਾਲ ਮਜ਼ਦੂਰੀ ਕਰਕੇ ਸਮਾਂ ਕੱਢਿਆ ਹੈ। ਭਾਰਤ ਦੇ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਅਤੇ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਦਾ ਸੁਪਨਾ ਸੀ ਕਿ ਆਜ਼ਾਦ ਭਾਰਤ ਵਿੱਚ ਹਰ ਕੋਈ ਖੁਸ਼ਹਾਲੀ ਵਾਲਾ ਜੀਵਨ ਬਤੀਤ ਕਰੇ ਅਤੇ ਦੇਸ਼ ਦਾ ਦੱਬਿਆ-ਕੁਚਲਿਆ ਮਜ਼ਦੂਰ ਵਰਗ ਬਹੁਤ ਤਰੱਕੀ ਕਰੇ। ਉਨ੍ਹਾਂ ਦਾ ਸੁਪਨਾ ਦੇਸ਼ ਦੇ 90% ਦੱਬੇ-ਕੁਚਲੇ ਗਰੀਬ ਲੋਕ ਸਾਕਾਰ ਨਾ ਕਰ ਸਕੇ ਪਰ ਚਰਨਜੀਤ ਸਿੰਘ ਵਰਗੇ ਆਗੂ ਜਰੂਰ ਉਸ ਮੁਕਾਮ ਤੇ ਖੜੇ ਹੋਏ ਹਨ। ਭਾਵੇਂ ਉਨ੍ਹੰ ਗਰੀਬੀ ਵਾਲੇ ਜੀਵਨ ਤੋਂ ਕਰੋੜਾਂ ਰੁਪਏ ਦੇ ਮਾਲਕ ਬਨਣ ਤੱਕ ਦਾ ਸਫਰ ਕਿਵੇਂ ਵੀ ਹਾਸਿਲ ਕਿਉਂ ਨਾ ਕੀਤਾ ਹੋਵੇ। ਜੇਕਰ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਪਾਰਟੀ ਉਨ੍ਹਾਂ ਨੂੰ ਗਰੀਬ ਸਮਝਦੀ ਹੈ ਤਾਂ ਮੈਂ ਕਹਿੰਦਾ ਹਾਂ ਕਿ ਦੇਸ਼ ਦੇ ਹਰ ਵਿਅਕਤੀ ਨੂੰ ਅਜਿਹਾ ਗਰੀਬ ਹੋਣਾ ਚਾਹੀਦਾ ਹੈ। ਜੇਕਰ ਚੰਨੀ ਸਾਹਿਬ ਮੁੱਖ ਮੰਤਰੀ ਰਹਿੰਦੇ ਹੋਏ ਗਰੀਬਾਂ ਅਤੇ ਦਲਿਤ ਭਰਾਵਾਂ ਦਾ ਕੋਈ ਭਲਾ ਨਹੀਂ ਕਰ ਸਕੇ ਤਾਂ ਉਹ ਹੁਣ ਵੀ ਕਰ ਸਕਦੇ ਹਨ। ਆਪਣਾ ਉਹ ਗੁਰਮੰਤਰ ਗਰੀਬਾਂ ਨੂੰ ਦੱਸ ਦੇਣ ਜਿਸਨੇ ਉਨ੍ਹਾਂ ਨੂੰ ਇਕ ਗਰੀਬ ਮਜਦੂਰ ਤੋਂ ਕਰੋੜਾ ਦਾ ਮਾਲਕ ਬਣਾ ਦਿਤਾ। ਇਨੇ ਥੋੜੇ ਸਮੇਂ ਵਿਚ ਕਤਰੋੜਾਂ ਰੁਪਏ ਕਤਮਾਉਣ ਦਾ ਗੁਰਮੰਤਰ ਜੇਕਰ ਗਰੀਬਾਂ ਪਾਸ ਆ ਜਾਏ ਤਾਂ ਸੋਚੋ ਗਰੀਬਾਂ ਦਾ ਭਲਾ ਕਿਸ ਕਦਰ ਹੋ ਜਾਵੇਗਾ। ਇੱਥੇ ਗੱਲ ਸਿਰਫ ਚਰਨਜੀਤ ਸਿੰਘ ਚੰਨੀ ਵਰਗੇ ਸਿਆਸੀ ਚਿਹਰੇ ਦੀ ਨਹੀਂ ਹੈ ਬਲਕਿ ਇਥੇ ਤਾਂ ਹਰ ਸ਼ਹਿਰ ਵਿਚ ਚੰਨੀ ਵਾਂਗ ਗਰੀਬ ਤੋਂ ਕਰੋੜਾਂ ਦੇ ਮਾਲਕ ਬਣੇ ਹੋਏ ਨੇਤਾ ਬੈਠੇ ਹਨ। ਇਸ ਲਈ ਇਸ ਤਰ੍ਹਾਂ ਦੀ ਕਾਰਵਾਈ ਸਿਰਫ਼ ਸਿਆਸੀ ਵਿਤਕਰੇ ਕਾਰਨ ਨਹੀਂ ਹੋਣੀ ਚਾਹੀਦੀ, ਸਗੋਂ ਇਕ ਸਿਰੇ ਤੋਂ ਸ਼ੁਰੂ ਹੋ ਕੇ ਅੱਗੇ ਵਧਣੀ ਚਾਹੀਦੀ ਹੈ ਅਤੇ ਸਾਰੇ ਨੇਤਾਵਾਂ ਦੀ ਆਮਦਨ ਜੋ ਬਿਨਾਂ ਕੋਈ ਕੰਮ ਕੀਤੇ ਦਿਨ-ਰਾਤ ਵਧਦੀ ਜਾਂਦੀ ਹੈ ਉਸਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਜੇਕਰ ਅਜਿਹਾ ਸੰਭਵ ਹੋ ਜਾਂਦਾ ਹੈ ਤਾਂ ਦੇਸ਼ ਦਾ ਕੋਈ ਵੀ ਸੂਬਾ ਕਰਜੇ ਦੀ ਮਾਰ ਹੇਠ ਨਹੀਂ ਰਹੇਗਾ।
ਹਰਵਿੰਦਰ ਸਿੰਘ ਸੱਗੂ।