ਮੋਗਾ, 23 ਨਵੰਬਰ (ਰਾਜੇਸ਼ ਜੈਨ – ਲਿਕੇਸ਼ ਸ਼ਰਮਾ) – ਜ਼ਿਲ੍ਹਾ ਮੋਗਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜ਼ਿਲ੍ਹਾ ਫੂਡ ਸੇਫਟੀ ਅਧਿਕਾਰੀ ਨੂੰ ਹਦਾਇਤ ਕੀਤੀ ਹੈ ਕਿ ਹਰੇਕ ਜ਼ਿਲ੍ਹਾ ਵਾਸੀ ਨੂੰ ਸੇਫ਼ ਫੂਡ ਅਤੇ ਹੈਲਥੀ ਡਾਈਟ ਮਿਲਣੀ ਯਕੀਨੀ ਬਣਾਉਣ ਲਈ ਸਕੂਲਾਂ, ਸ਼ਰਾਬ ਦੇ ਠੇਕਿਆਂ ਅਤੇ ਖਾਧ ਪਦਾਰਥ ਵਿਕਰੇਤਾਵਾਂ ਦੀ ਸਮੇਂ – ਸਮੇਂ ਉੱਤੇ ਰੈਗੂਲਰ ਚੈਕਿੰਗ ਕਰਨੀ ਯਕੀਨੀ ਬਣਾਈ ਜਾਵੇ। ਉਹ ਅੱਜ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।ਉਹਨਾਂ ਕਿਹਾ ਕਿ ਇਹ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਡਿਊਟੀ ਬਣਦੀ ਹੈ ਕਿ ਹਰੇਕ ਜ਼ਿਲ੍ਹਾ ਵਾਸੀ ਨੂੰ ਘਰ ਤੋਂ ਬਾਹਰ ਸੇਫ਼ ਫੂਡ ਅਤੇ ਹੈਲਥੀ ਡਾਈਟ ਵਾਲਾ ਭੋਜਨ ਮਿਲੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਖਾਧ ਪਦਾਰਥ ਵਿਕਰੇਤਾ ਖਾਣ ਪੀਣ ਵਾਲੀਆਂ ਵਸਤਾਂ ਵਿੱਚ ਮਿਲਾਵਟਖੋਰੀ ਬੰਦ ਕਰ ਦੇਣ। ਮਿਲਾਵਟਖੋਰੀ ਨੂੰ ਰੋਕਣ ਲਈ ਜਰੂਰੀ ਹੈ ਕਿ ਰੈਗੂਲਰ ਚੈਕਿੰਗ ਕੀਤੀ ਜਾਵੇ।ਉਹਨਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਹਦਾਇਤ ਕੀਤੀ ਕਿ ਸਾਰੇ ਸਕੂਲਾਂ ਦੀ ਜਾਣਕਾਰੀ ਫੂਡ ਸੇਫਟੀ ਟੀਮ ਨੂੰ ਦਿੱਤੀ ਜਾਵੇ ਤਾਂ ਜੋ ਇੱਥੇ ਮਿਡ ਡੇਅ ਮੀਲ ਅਤੇ ਪੀਣ ਵਾਲੇ ਪਾਣੀ ਦੀ ਸੈਂਪਲਿੰਗ ਕਰਵਾਈ ਜਾ ਸਕੇ। ਇਸੇ ਤਰ੍ਹਾਂ ਤਿੰਨ ਮਹੀਨੇ ਵਿੱਚ ਇੱਕ ਵਾਰ ਜਰੂਰੀ ਤੌਰ ਉੱਤੇ ਮੋਗਾ ਜੇਲ੍ਹ ਦਾ ਖਾਣਾ ਅਤੇ ਪਾਣੀ ਵੀ ਚੈੱਕ ਕਰਨ ਬਾਰੇ ਕਿਹਾ ਗਿਆ। ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਫੂਡ ਸੇਫਟੀ ਟੀਮ ਨੂੰ ਸ਼ਰਾਬ ਦੇ ਠੇਕਿਆਂ, ਸ਼ੈਲਰਾਂ ਅਤੇ ਗੋਦਾਮਾਂ ਦੀ ਵੀ ਚੈਕਿੰਗ ਕਰਨੀ ਚਾਹੀਦੀ ਹੈ। ਜੇਕਰ ਜ਼ਰੂਰਤ ਪੈਂਦੀ ਹੈ ਤਾਂ ਪੁਲਿਸ ਸਹਾਇਤਾ ਦੀ ਮੰਗ ਕਰਨੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੋ ਵਪਾਰੀ ਜਾਂ ਕਾਰੋਬਾਰੀ ਵਾਰ – ਵਾਰ ਮਿਲਾਵਟਖੋਰੀ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਜਿਆਦਾ ਚੈਕਿੰਗ ਹੋਣੀ ਚਾਹੀਦੀ ਹੈ। ਇਸ ਗੋਰਖਧੰਦੇ ਵਿੱਚ ਲੱਗੀਆਂ ਵੱਡੀਆਂ ਮੱਛੀਆਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਵਿੱਖ ਵਿੱਚ ਕੋਈ ਵੀ ਰੇਡ ਕਰਨ ਵੇਲੇ ਪੂਰੀ ਟੀਮ ਜਾਣੀ ਚਾਹੀਦੀ ਹੈ। ਰੇਡ ਵੇਲੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦਾ ਨੁਮਾਇੰਦਾ ਵੀ ਨਾਲ ਹੋਣਾ ਲਾਜ਼ਮੀ ਹੈ।