ਪੰਜਾਬ ਸਰਕਾਰ ਨੇ ਪੰਜਾਬ ਭਰ ਦੇ ਹਰ ਸ਼ਹਿਰ ’ਚ ਖੁੱਲ੍ਹੇ ਵੱਡੀ ਗਿਣਤੀ ’ਚ ਆਈਲੈਟਸ ਸੈਂਟਰਾਂ ਦਾ ਨੋਟਿਸ ਲੈਂਦਿਆਂ ਫਰਜ਼ੀ ਆਈਲੈਟਸ ਸੈਂਟਰ ਚਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਜਿਸ ਨਾਲ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਰਥਿਕ ਲੁੱਟ ਨੂੰ ਰੋਕਿਆ ਜਾ ਸਕੇਗਾ। ਤੱਕ ਪੰਜਾਬ ਦੇ ਹਰ ਛੋਟੇ ਸ਼ਹਿਰ ਵਿਚ ਵੀ ਆਈਲੈਟਸ ਸੈਂਟਰ 100 ਦਾ ਅੰਕੜਾ ਪਾਰ ਕਰ ਚੁੱਕੇ ਹਨ। ਬਹੁਤ ਘੱਟ ਅਜਿਹੇ ਸੈਂਟਰ ਹਨ ਜੋ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਅਤੇ ਆਈਲੈਟਸ ਸੈਂਟਰ ਚਲਾਉਣ ਦੀ ਇਜਾਜ਼ਤ ਲੈ ਚੁੱਕੇ ਹਨ। ਹੁਣ ਇਹ ਘੁਟਾਲਾ ਹੋਰ ਵੀ ਵੱਡਾ ਹੋ ਗਿਆ ਹੈ ਕਿਉਂਕਿ ਜ਼ਿਆਦਾਤਰ ਦੇ ਫਰਜ਼ੀ ਆਈਲੈਟਸ ਸੈਂਟਰ ਦੇ ਸੰਚਾਲਕਾਂ ਨੇ ਨਾਲ ਇਮੀਗ੍ਰੇਸ਼ਨ ਦੇ ਗੈਰ-ਕਾਨੂੰਨੀ ਕੰਮ ਕਰਨੇ ਸ਼ੁਰੂ ਕਰ ਦਿੱਤੇ ਹਨ। ਜਿਸ ਵਿਚ ਉਹ ਗੈਰ-ਕਾਨੂੰਨੀ ਤਰੀਕੇ ਨਾਲ ਕਰੋੜਾਂ ਰੁਪਏ ਕਮਾ ਰਹੇ ਹਨ। ਪਰ ਹੁਣ ਤੱਕ ਸਰਕਾਰ ਅਤੇ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਬੈਠਾ ਸੀ। ਹੁਣ ਜੇਕਰ ਸਰਕਾਰ ਇਸ ਦਿਸ਼ਾ ਵਿਚ ਕਦਮ ਉਠਾਉਣ ਦਾ ਫੈਸਲਾ ਕੀਤਾ ਹੈ ਤਾਂ ਉਹ ‘‘ ਦੇਰ ਆਏ ਦਰੁੱਸਤ ਆਏ ’’ ਹੀ ਕਿਹਾ ਜਾਵੇਗਾ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਸਰਕਾਰ ਇਸ ਸਬੰਧੀ ਕੀ ਕਦਮ ਚੁੱਕੇਗੀ। ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਪੰਜਾਬ ਦੇ ਨੌਜਵਾਨ ਪੜ੍ਹੇ-ਲਿਖੇ ਹੋ ਕੇ ਪੰਜਾਬ ਵਿਚ ਨਹੀਂ ਰਹਿਣਾ ਚਾਹੁੰਦੇ ਅਤੇ ਵਿਦੇਸ਼ ਜਾਣ ਦੀ ਇੱਛਾ ਹਰ ਪੜ੍ਹੇ-ਲਿਖੇ ਨੌਜਵਾਨ ਵਿਚ ਦਿਖਾਈ ਦਿੰਦੀ ਹੈ। ਜਿਸ ਦਾ ਮੁੱਖ ਕਾਰਨ ਇਹ ਹੈ ਕਿ ਪੰਜਾਬ ਵਿੱਚ ਬੇਰੁਜ਼ਗਾਰੀ ਚਰਮ ਸੀਮਾ ’ਤੇ ਹੈ। ਉੱਚ ਪੱਧਰ ’ਤੇ ਪੜ੍ਹ ਕੇ ਵੀ ਨੌਜਵਾਨ ਬੇਰੋਜ਼ਗਾਰ ਹੋ ਕੇ ਘਰ ਬੈਠੇ ਹਨ। ਨੌਜਵਾਨਾਂ ਦੀ ਵਿਦੇਸ਼ ਜਾਣ ਦੀ ਲਾਲਸਾ ਦਾ ਕੁਝ ਸ਼ਾਤਰ ਦਿਮਾਗ ਲੋਕ ਕਰਕੇ ਵਿਦਿਆਰਥੀਆਂ ਦਾ ਹਰ ਤਰ੍ਹਾਂ ਨਾਲ ਆਰਥਿਕ ਸ਼ੋਸ਼ਣ ਕਰਦੇ ਹਨ। ਜਿਸ ਦੇ ਸਬੰਧ ਵਿੱਚ ਸਰਕਾਰਾਂ ਅਤੇ ਏਜੰਸੀਆਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਹਾਲ ਹੀ ਵਿੱਚ ਕੈਨੇਡਾ ਸਰਕਾਰ ਨੇ 700 ਦੇ ਕਰੀਬ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਫੈਸਲਾ ਕੀਤਾ ਹੈ ਜੋ ਕਿ ਉੱਥੇ ਪੜਾਈ ਕਰਨ ਗਏ ਸਨ। ਇਸ ਫੈਸਲੇ ਨੇ ਹਲਚਲ ਮਚਾ ਦਿੱਤੀ ਹੈ ਕਿਉਂਕਿ ਬੱਚਿਆਂ ਦੇ ਪਰਿਵਾਰਾਂ ਵੱਲੋਂ ਲੱਖਾਂ ਰੁਪਏ ਖਰਚ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਤਾਂ ਕਿ ਉਹ ਉਥੇ ਆਪਣਾ ਭਵਿੱਖ ਬਣਾ ਸਕਣ। ਇਨ੍ਹਾਂ ਵਿਚ ਬਹੁਤ ਸਾਰੇ ਪਰਿਵਾਰ ਅਜਿਹੇ ਹੁੰਦੇ ਹਨ ਕਿ ਜੋ ਆਪਣੇ ਬੱਚੇ ਨੂੰ ਵਿਦੇਸ਼ ਭੇਜਣ ਲਈ ਆਪਣੀ ਪੂਰੀ ਜਿੰਦਗੀ ਦੀ ਜਮ੍ਹਾਂ ਪੂੰਜੀ ਖਰਚ ਕਰ ਦਿੰਦੇ ਹਨ। ਬਹੁਤੇ ਲੋਕ ਅਜਿਹੇ ਹੁੰਦੇ ਹਨ ਜਿੰਨਾਂ ਪਾਸ ਪੈਸੇ ਨਹੀਂ ਹੁੰਦੇ ਤਾਂ ਉਹ ਕਰਜ ਲੈ ਕੇ ਵੀ ਆਪਣੇ ਬੱਚੇ ਤੇ ਖਰਚ ਕਰਦੇ ਹਨ। ਜੇਕਰ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਵਿਦੇਸ਼ ਦੀ ਧਰਤੀ ਤੇ ਬਨਣ ਤੋਂ ਪਹਿਲਾਂ ਹੀ ਖਰਾਬ ਹੁੰਦਾ ਨਜ਼ਰ ਆਏ ਉਹ ਵੀ ਲੱਖਾਂ ਰੁਪਏ ਖਰਚ ਕਰਨ ਦੇ ਬਾਵਜੂਦ ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ, ਇਹ ਸਮਝਣ ਵਾਲੀ ਗੱਲ ਹੈ। ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੁਨਹਿਰੀ ਸੁਪਨੇ ਦਿਖਾਉਣ ਵਾਲੇ ਘੁਟਾਲੇਬਾਜ਼ ਪੰਜਾਬ ਦੇ ਹਰ ਸ਼ਹਿਰ, ਜਿਲੇ ਵਿਚ ਵੱਡੀ ਗਿਣੀ ਵਿਚ ਬੈਠੇ ਹੋਏ ਹਨ। ਜੋ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਪਾਸੋਂ ਵਿਦੇਸ਼ ’ਚ ਸੈਟਲ ਹੋਣ ਦੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਵਸੂਲਦੇ ਹਨ।ਵਿਦੇਸ਼ ਭੇਜਣ ਦੇ ਨਾਂ ’ਤੇ ਪੰਜਾਬ ਭਰ ’ਚ ਰੋਜ਼ਾਨਾ ਕਈ ਠੱਗੀ ਦੇ ਮਾਮਲੇ ਦਰਜ ਹੁੰਦੇ ਹਨ। ਆਮ ਤੌਰ ਤੇ ਫਰਜ਼ੀ ਟਰੈਵਲ ਏਜੰਟਾਂ ਵਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਇਹ ਸਿਲਸਿਲਾ ਆਈਲੈਟਸ ਸੈਂਟਰਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਗੇ ਵਧਦਾ ਹੋਇਆ ਇਹ ਟ੍ਰੈਵਲ ਏਜੰਟੀ ਵੱਲ ਨੂੰ ਵਧ ਜਾਂਦਾ ਹੈ। ਪੰਜਾਬ ਵਿੱਚ ਇਸ ਸਮੇਂ ਵੱਡੀ ਸੰਖਿਆ ਵਿਚ ਥਾਂ ਥਾਂ ਤੇ ਆਈਲੈਟਸ ਸੈਂਟਰ ਖੋਲ੍ਹੇ ਹੋਏ ਹਨ। ਇਨਾਂ ਵਿੱਚੋਂ ਬਹੁਤੇ ਨਾ ਤਾਂ ਸਰਕਾਰ ਦੀਆਂ ਹਦਾਇਤਾਂ ਨੂੰ ਪੂਰਾ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਤਜਰਬੇਕਾਰ ਸਟਾਫ਼ ਹੁੰਦਾ ਹੈ। ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਵਧੇਰੇਤਰ ਆਈਲੈਟਸ ਸੈਂਟਰ ਚਲਾਉਣ ਵਾਲਿਆਂ ਪਾਸ ਉਹ ਸਟਾਫ ਹੁੰਦਾ ਹੈ ਜੋ ਖੁਦ ਆਈਲੈਟਸ ਕਰਨ ਦੇ ਬਾਵਜੂਦ ਵੀ ਵਿਦੇਸ਼ ਜਾਣ ਵਿਚ ਅਸਫਲ ਰਹਿੰਦਾ ਹੈ। ਉਹੀ ਬੱਚੇ ਬਤੌਰ ਅਧਿਆਪਕ ਸੈਂਟਰਾਂ ਵਿਚ ਪੜ੍ਹਾਉਣ ਲੱਗਦੇ ਹਨ। ਇਹ ਲੋਕ ਮਜਬੂਰ ਬੇਰੁਜ਼ਗਾਰ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵੱਡੇ ਪੱਧਰ ਤੇ ਆਰਥਿਕ ਸ਼ੋਸ਼ਣ ਕਰਦੇ ਹਨ। ਇੱਥੋਂ ਤੱਕ ਕਿ ਬਹੁਤੇ ਸੰਚਾਲਕ ਤਾਂ ਵਿਦਿਆਰਥੀਆਂ ਨੂੰ 7 ਤੋਂ 8 ਬੈੱਡ ਤੱਕ ਸ਼ਰਤੀਆ ਦਵਾਉਣ ਦਾ ਸੁਪਨਾ ਦਿਖਾਉਂਦੇ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਅਜਿਹੇ ਦਾਅਵੇ ਅਕਸਰ ਮਸ਼ਹੂਰੀ ਕਰਦੇ ਵੀ ਨਜਰ ਆਉਂਦੇ ਹਨ। ਇਹ ਕਾਫੀ ਨਹੀਂ ਹੈ ਕਿ ਆਮ ਚਰਚਾ ਹੁੰਦੀ ਰਹਿੰਦੀ ਹੈ ਕਿ ਕੁਝ ਆਈਲੈਟਸ ਸੈਂਟਰਾਂ ਵਾਲੇ ਤਾਂ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਨੂੰ ਸ਼ਰਤੀਆ ਯੋਗ ਬੈਂਡ ਦਵਾ ਕੇ ਪਾਸ ਕਰਵਾਉਣ ਦੀ ਸੌਦੇਬਾਜੀ ਵੀ ਕਰਦੇ ਹਨ ਅਤੇ ਇਹ ਕਿਹਾ ਜਾਂਦਾ ਹੈ ਕਿ ਬੱਸ ਤੁਸੀਂ ਸਿਰਫ ਪੇਪਰ ਵਿਚ ਪਾਰਟੀਸਪੇਟ ਕਰਨਾ ਹੈ ਬਾਕੀ ਕੰਮ ਸਾਡਾ। ਇਸ ਲਈ ਲੱਖਾਂ ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ। ਪੰਜਾਬ ਭਰ ਵਿਚ ਅਜਿਹਾ ਫਰਜੀਵਾੜਾ ਵੀ ਸ਼ਰੇਆਮ ਚੱਲ ਰਿਹਾ ਹੈ। ਆਈਲੈਟਸ ਸੈਂਟਰ ਚਲਾ ਕੇ ਕਮਾਈ ਕਰਨ ਦੇ ਨਾਲ ਨਾਲ ਬਹੁਤੇ ਲੋਕ ਵਿਦੇਸ਼ ਜਾਣ ਲਈ ਵੀਜਾ ਵੀ ਲਗਵਾਉਣ ਦਾ ਧੰਦਾ ਸ਼ੁਰੂ ਕਰਦੇ ਹਨ। ਪੰਜਾਬ ਸਰਕਾਰ ਇਸ ਵੱਡੇ ਰੈਕੇਟ ’ਤੇ ਗੰਭੀਰਤਾ ਨਾਲ ਧਿਆਨ ਦੇਵੇ ਅਤੇ ਹਰ ਗਲੀ-ਮੁਹੱਲੇ ’ਚ ਖੋਲੇ ਗਏ ਆਈਲੈਟਸ ਸੈਂਟਰਾਂ ਦੀ ਜਾਂਚ ਕਰਕੇ ਸਰਕਾਰੀ ਸ਼ਰਤਾਂ ਪੂਰੀਆਂ ਕਰਨ ਵਾਲਿਆਂ ਅਤੇ ਯੋਗ ਸਟਾਫ ਅਤੇ ਸਹੂਲਤਾਂ ਦੇਣ ਵਾਲਿਆਂ ਨੂੰ ਹੀ ਚੱਲਣ ਦਿਤਾ ਜਾਵੇ। ਬਾਕੀ ਜੋ ਫਰਜ਼ੀ ਸੰਚਾਲਕ ਹਨ ਉਨ੍ਹਾਂ ਨੂੰ ਸਖਤੀ ਨਾਲ ਬੰਦ ਕਰਵਾਇਆ ਜਾਵੇ। ਪੂਰੇ ਪੰਜਾਬ ਵਿੱਚ ਇਸ ਦੀ ਸਮੀਖਿਆ ਕੀਤੀ ਜਾਵੇ ਤਾਂ ਜੋ ਉੱਚ ਪੜ੍ਹਾਈ ਤੇ ਲੱਖਾਂ ਰੁਪਏ ਖਰਚ ਕਰਕੇ ਪਹਿਲਾਂ ਹੀ ਆਰਥਿਕ ਤੌਰ ’ਤੇ ਬਰਬਾਦ ਹੋ ਚੁੱਕੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰ ਹੋਰ ਲੁੱਟ ਦਾ ਸ਼ਿਕਾਰ ਨਾ ਹੋ ਸਕਣ।
ਹਰਵਿੰਦਰ ਸਿੰਘ ਸੱਗੂ।