ਜਗਰਾਉਂ, 22 ਅਕਤੂਬਰ ( ਸਤੀਸ਼ ਕੋਹਲੀ, ਮਿਅੰਕ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਸਾਰੇ ਹੀ ਬੱਚਿਆਂ ਨੇ ਦੀਵਾਲੀ ਦੇ ਤਿਉਹਾਰ ਨੂੰ ਪਟਾਖਿਆਂ ਅਤੇ ਆਤਿਸ਼ਬਾਜ਼ੀਆਂ ਤੋਂ ਦੂਰ ਰਹਿੰਦੇ ਹੋਏ ਨਵੇਕਲੇ ਢੰਗ ਨਾਲ ਦੀਵਾਲੀ ਮਨਾਈ। ਬੱਚਿਆਂ ਨੇ ਆਪਣੇ ਅੰਦਰਲੀ ਕਲਾ ਦੀ ਨੁਮਾਇਸ਼ ਕਰਦੇ ਹੋਏ ਜਮਾਤਾਂ ਵਿਚ ਲੱਗੇ ਹੋਏ ਬੋਰਡ ਉਹਨਾਂ ਨੂੰ ਵੱਖਰਾ ਰੂਪ ਦਿੱਤਾ ਉਹਨਾਂ ਨੇ ਫੁੱਲ ਤੇ ਹੋਰ ਕਈ ਤਰ੍ਹਾਂ ਦਾ ਸਾਮਾਨ ਬਣਾਇਆ ਤੇ ਰੰਗੋਲੀ ਬਣਾ ਕੇ ਸਮਾਜ ਨੂੰ ਸੋਹਣੇ ਸੁਨੇਹੇ ਦਿੱਤੇ। ਇਸ ਮੌਕੇ ਬੱਚਿਆਂ ਨੇ ਤੋਹਫ਼ਿਆਂ ਦੇ ਤੌਰ ਤੇ ਇੱਕ ਦੂਜੇ ਨੂੰ ਬੂਟੇ ਦੇ ਕੇ ਈਕੋ ਫਰੈਂਡਲੀ ਦੀਵਾਲੀ ਮਨਾ ਕੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਆਪਣਾ ਯੋਗਦਾਨ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਇਸ ਤਿਉਹਾਰ ਦੀ ਵਧਾਈ ਦੀ ਸਾਂਝ ਪਾਉਂਦੇ ਹੋਏ ਕਿਹਾ ਕਿ ਬੱਚਿਆਂ ਦਾ ਅੱਜ ਦੀਵਾਲੀ ਮਨਾਉਣ ਦਾ ਵੱਖਰਾ ਰੂਪ ਕਾਬਲ-ਏ-ਤਾਰੀਫ਼ ਹੈ। ਮੌਕਾ ਮਿਲਣ ਤੇ ਇਹ ਬੱਚੇ ਆਪਣੇ ਅੰਦਰ ਦੀ ਕਲਾ ਨੁੰ ਬਾਹਰ ਕੱਢ ਕੇ ਜੋ ਨਜ਼ਾਰਾ ਪੇਸ਼ ਕੀਤਾ ਹੈ ਉਸ ਨਾਲ ਮਨ ਗਦ-ਗਦ ਹੋ ਉਠਿਆ। ਬੱਚਿਆਂ ਦੀ ਇਸ ਦੀਵਾਲੀ ਨੂੰ ਘੱਟੋ-ਘੱਟ ਇੱਕ ਲੋੜਵੰਦ ਦੀ ਸਰਦੀਆਂ ਦੇ ਮੌਸਮ ਵਿਚ ਉਹਨਾਂ ਨੂੰ ਗਰਮ ਕੋਟੀ, ਸ਼ਾਲ ਲੈ ਕੇ ਦੇਣ ਦੀ ਪਹਿਲ ਕਦਮੀ ਨੇ ਮਨ ਨੂੰ ਤਸੱਲੀ ਦਵਾਈ ਕਿ ਅਸੀਂ ਆਉਣ ਵਾਲੇ ਭਵਿੱਖ ਨੂੰ ਸੂਝਵਾਨ ਨਾਗਰਿਕ ਦੇਣ ਵਿਚ ਕਾਮਯਾਬੀ ਦੇ ਰਾਹ ਉੱਤੇ ਤੁਰ ਰਹੇ ਹਾਂ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।