ਜਗਰਾਉਂ, 22 ਅਕਤੂਬਰ ( ਭਗਵਾਨ ਭੰਗੂ)-ਦੀਵਾਲੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸ਼੍ਰੀ ਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀ. ਸੈ. ਸਕੂਲ ਜਗਰਾਉਂ ਵਿਖੇ ਪ੍ਰਿੰ. ਸ਼੍ਰੀਮਤੀ ਨੀਲੂ ਨਰੂਲਾ ਜੀ ਦੀ ਅਗਵਾਈ ਅਧੀਨ ਪੋਸਟਰ, ਸਲੋਗਨ ਅਤੇ ਰੰਗੋਲੀ ਗਤੀਵਿਧੀ ਕਰਵਾਈ ਗਈ।
ਦਿਨ ਦੀ ਸ਼ੁਰੂਆਤ ਵੰਦਨਾ ਦੁਆਰਾ ਕੀਤੀ ਗਈ। ਇਸ ਉਪਰੰਤ ਅਧਿਆਪਕ ਤਾਨੀਆ ਨੇ ਨਰਕ ਚਤੁਰਦਸ਼ੀ ਬਾਰੇ ਦੱਸਿਆ ਕਿ ਨਰਕ ਚਤੁਰਦਸ਼ੀ ਨੂੰ ਛੋਟੀ ਦੀਵਾਲੀ ਵੀ ਕਿਹਾ ਜਾਂਦਾ ਹੈ, ਇਸ ਰਾਤ ਦੀਵੇ ਜਲਾਉਣ ਪਿੱਛੇ ਪੌਰਾਣਿਕ ਕਥਾ ਇਹ ਹੈ ਕਿ ਇਸ ਦਿਨ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਦੁਰਾਚਾਰੀ ਨਰਕਾਸੁਰ ਨੂੰ ਮਾਰਿਆ ਸੀ। ਇਸ ਸੰਦਰਭ ਵਿੱਚ ਹੀ ਦੀਵਿਆਂ ਦੀ ਕਤਾਰ ਸਜਾਈ ਜਾਂਦੀ ਹੈ।
ਅਧਿਆਪਕਾ ਰਾਜਦੀਪ ਕੌਰ ਨੇ ਧਨਤੇਰਸ ਬਾਰੇ ਦੱਸਿਆ ਕਿ ਇਸ ਦਿਨ ਘਰ ਵਿਚ ਕੋਈ ਵਸਤੂ ਜਿਵੇਂ ਸੋਨਾ, ਚਾਂਦੀ, ਬਰਤਨ ਆਦਿ ਖਰੀਦਿਆਂ ਜਾਂਦਾ ਹੈ ਕਿਉਂਕਿ ਇਸ ਦਿਨ ਕੁੱਝ ਵੀ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।
ਅਧਿਆਪਕਾ ਨਰੇਸ਼ ਨੇ ਦੀਵਾਲੀ ਮਨਾਉਣ ਦੇ ਇਤਿਹਾਸਿਕ ਪਿਛੋਕੜ ਪਿੱਛੇ ਜਾਣਕਾਰੀ ਦਿੰਦਿਆਂ ਬੱਚਿਆਂ ਤੋਂ ਤਿਉਹਾਰ ਸਬੰਧੀ ਪ੍ਰਸ਼ਨ ਪੁੱਛ ਕੇ ਉਨ੍ਹਾਂ ਦੇ ਗਿਆਨ ਵਿਚ ਵਾਧਾ ਕੀਤਾ ਤੇ ਅਧਿਆਪਕਾ ਹਰਵਿੰਦਰ ਕੌਰ ਨੇ ਵਿਸ਼ਵਕਰਮਾ ਤਿਉਹਾਰ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗਵਾਨ ਵਿਸ਼ਵਕਰਮਾ ਜੀ ਨੂੰ ਸੰਸਾਰ ਦਾ ਆਰਕੀਟੈਕਟ ਵਜੋਂ ਸਥਾਨ ਪ੍ਰਾਪਤ ਹੈ।
ਇਸ ਦਿਨ ਲੋਕ ਆਪਣੇ ਕੰਮਾਂ ਵਿੱਚ ਵਰਤੇ ਜਾਣ ਵਾਲੇ ਸੰਦਾਂ ਨੂੰ ਧੋਂਦੇ ਹਨ ਤੇ ਉਨ੍ਹਾਂ ਦੀ ਪੂਜਾ ਵੀ ਕਰਦੇ ਹਨ ਤੇ ਨਾਲ ਹੀ ਗੁਰਦੁਆਰੇ ਜਾ ਕੇ ਭਗਵਾਨ ਵਿਸ਼ਵਕਰਮਾ ਜੀ ਦੇ ਸਾਹਮਣੇ ਨਤਮਸਤਕ ਹੁੰਦੇ ਹਨ। ਭਾਈ ਦੂਜ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕਾ ਕਰਮਜੀਤ ਕੌਰ ਨੇ ਦੱਸਿਆ ਕਿ ਭਾਈ ਦੂਜ ਭਰਾ ਭੈਣ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਇਸ ਦਿਨ ਭੈਣਾਂ-ਭਰਾਵਾਂ ਦੇ ਮੱਥੇ ਤੇ ਤਿਲਕ ਲਗਾਉਂਦੀਆਂ ਹਨ ਤੇ ਭਰਾ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ।
ਪ੍ਰਿੰਸੀਪਲ ਸ੍ਰੀਮਤੀ ਨੀਲੂ ਨਰੂਲਾ ਜੀ ਨੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਬੱਚਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਾਨੂੰ ਗਰੀਨ ਦੀਵਾਲੀ ਮਨਾਉਣ ਦੀ ਪਿਰਤ ਪਾਉਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੋਵੇਗਾ ਤੇ ਨਾਲ ਹੀ ਸਾਨੂੰ ਆਪਣੇ ਅੰਦਰ ਦੀ ਬੁਰਾਈ ਨੂੰ ਵੀ ਖਤਮ ਕਰਨਾ ਚਾਹੀਦਾ ਹੈ ਕਿਉਂਕਿ ਇਹ ਤਿਉਹਾਰ ਬੁਰਾਈ ਉੱਪਰ ਅੱਛਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਅੰਤ ਵਿੱਚ ਪ੍ਰਿੰਸੀਪਲ ਨੀਲੂ ਨਰੂਲਾ ਜੀ ਨੇ ਸਮੂਹ ਸਟਾਫ਼ ਤੇ ਬੱਚਿਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ।
ਵਿਸ਼ੇਸ਼:- ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਓਂ ਵਿਖੇ ਦੀਵਾਲੀ ਦੇ ਸ਼ੁਭ ਦਿਹਾੜੇ ਤੇ ਅਧਿਆਪਕ ਸਾਹਿਬਾਨਾਂ ਨੂੰ ਪ੍ਰਬੰਧਕ ਐਡਵੋਕੇਟ ਵਿਵੇਕ ਭਾਰਦਵਾਜ , ਵਿਭਾਗ ਸਚਿਵ ਦੀਪਕ ਗੋਇਲ , ਮੈਂਬਰ ਸ਼੍ਰੀਮਤੀ ਸੁਮਨ ਅਰੋੜਾ ਅਤੇ ਮੈਂਬਰ ਕੁਨਾਲ ਬੱਬ ਰ ਵੱਲੋਂ ਤੋਹਫੇ ਭੇਟ ਕਰਨ ਦੇ ਨਾਲ-ਨਾਲ ਦਿਵਾਲੀ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਖੇੜੇ ਅਤੇ ਤੰਦਰੁਸਤੀ ਲੈ ਕੇ ਆਵੇ ਇਹੋ ਸਾਡੀ ਦਿਲੀਂ ਕਾਮਨਾ ਹੈ।