ਜਗਰਾਉਂ, 31 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਇੱਕ ਸਾਲ ਤੋਂ ਸੱਤਾਧਾਰੀ ਧਿਰ ਵੱਲੋਂ ਨਗਰ ਕੌੰਸਲ ਦੇ ਕਾਂਗਰਸ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਕੁਰਸੀ ਤੋਂ ਹਟਾਉਣ ਲਈ ਚੱਲੀ ਆ ਰਹੀ ਜਦੋਜਹਿਜ ਦੌਰਾਨ ਇੱਕ ਵਾਰ ਫਿਰ ਪ੍ਰਧਾਨ ਰਾਣਾ ਦਾ ਧੜਾ ਦੂਜੇ ਧੜੇ ਨੂੰ ਉਸਦੇ ਮਕਸਦ ਵਿਚ ਫੇਲ ਕਰਨ ਵਿਚ ਪੂਰੀ ਤਰ੍ਹਾਂ ਨਾਲ ਸਫਲ ਰਿਹਾ। ਨਗਰ ਕੌੰਸਲ ਦੀ ਸੋਮਵਾਰ ਨੂੰ ਹੋਣ ਵਾਲੀ ਮੀਟਿੰਗ ਤੇ ਪੂਰੇ ਸ਼ਹਿਰ ਦੀਆਂ ਨਜਰਾ ੰਟਿਕੀਆਂ ਹੋਈਆਂ ਸਨ ਅਤੇ ਮੀਟਿੰਗ ਪ੍ਰਧਾਨ ਦੀ ਕੁਰਸੀ ਲਈ ਅਹਿਮ ਮੰਨੀ ਜਾ ਰਹੀ ਸੀ। ਨਗਰ ਕੌਂਸਲ ਜਗਰਾਉਂ ਵਿੱਚ 23 ਕੌਂਸਲਰ ਅਤੇ ਇੱਕ ਵਿਧਾਇਕ ਸਮੇਤ 24 ਮੈਂਬਰ ਹਨ। ਰਾਜਿੰਦਰ ਕੌਰ ਠੁਕਰਾਲ, ਦਰਸ਼ਨਾ ਰਾਣੀ ਧੀਰ, ਅਨੀਤਾ ਸੱਭਰਵਾਲ ਅਤੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਸੋਮਵਾਰ ਦੀ ਮੀਟਿੰਗ ਤੋਂ ਗੈਰ ਹਾਜ਼ਰ ਰਹੇ। ਮੀਟਿੰਗ ਵਿੱਚ ਪ੍ਰਧਾਨ ਜਤਿੰਦਰ ਪਾਲ ਰਾਣਾ ਦੇ ਹੱਕ ਵਿੱਚ 11 ਕੌਂਸਲਰ ਅਤੇ ਵਿਰੋਧੀ ਧੜੇ ਦੇ 9 ਕੌਂਸਲਰ ਸ਼ਾਮਲ ਹੋਏ ਅਤੇ ਜਤਿੰਦਰ ਪਾਲ ਰਾਣਾ ਆਪਣੇ 11 ਕੌਂਸਲਰਾਂ ਸਮੇਤ ਮੀਟਿੰਗ ਨੂੰ ਬਹੁਮਤ ਨਾਲ ਪਾਸ ਕਰਵਾਉਣ ਵਿੱਚ ਸਫਲ ਰਹੇ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵਿਰੋਧੀ ਧਿਰ ਅਹਿਮ ਬਜਟ ਮੀਟਿੰਗ ਸਮੇਤ ਸਦਨ ਦੀਆਂ 4 ਮੀਟਿੰਗਾਂ ਨੂੰ ਅਸਫ਼ਲ ਕਰਨ ਵਿੱਚ ਸਫ਼ਲ ਹੋ ਗਈ ਸੀ ਅਤੇ ਦੋ ਤਿਹਾਈ ਬਹੁਮਤ ਨਾ ਹੋਣ ਕਾਰਨ ਵਿਰੋਧੀ ਪੂਰਾ ਜ਼ੋਰ ਲਗਾ ਕੇ ਵੀ ਪ੍ਰਧਾਨ ਜਤਿੰਦਰ ਪਾਲ ਰਾਣਾ ਨੂੰ ਪ੍ਰਧਾਨਗੀ ਤੋਂ ਨਹੀਂ ਸੀ ਹਟਾ ਸਕੇ। ਵਿਰੋਧੀ ਖੇਮੇ ਪਾਸ ਦੋ ਤਿਹਾਈ ਬਹੁਮਤ ਨਾ ਹੋਣ ਕਾਰਨ ਉਨ੍ਹਾਂ ਵਲੋਂ ਲਗਾਤਾਰ ਹਾਊਸ ਦੀਆਂ ਮੀਟਿੰਗਾਂ ਨੂੰ ਫੇਲ ਕਰਕੇ ਕਾਨੂੰਨੀ ਤੌਰ ’ਤੇ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਜਿਸ ਵਿੱਚ ਉਹ ਅੱਜ ਦੀ ਮੀਟਿੰਗ ਵਿੱਚ ਪੂਰੀ ਤਰ੍ਹਾਂ ਫੇਲ ਰਹੇ।
ਸੋਨੀ ਗ਼ਾਲਿਬ ਬਣਿਆ ਗੇਮ ਚੇਂਜਰ –
ਸੋਮਵਾਰ ਦੀ ਮੀਟਿੰਗ ਤੋਂ ਪਹਿਲਾਂ ਹੀ ਵਿਰੋਧੀ ਧਿਰ ਅਤੇ ਸੱਤਾਧਾਰੀ ਧਿਰ ਵਿਚਕਾਰ ਖੂਬ ਜੋਰ ਅਜਮਾਇਸ਼ ਹੋ ਰਹੀ ਸੀ। ਦੋਵੇਂ ਅਪਣਾ ਪੱਖ ਭਾਰੀ ਕਰਨ ਵਿਚ ਲੱਗੇ ਹੋਏ ਸਨ। ਅੱਜ ਦੀ ਮੀਟਿੰਗ ਨੂੰ ਪਹਿਲੀਆਂ ਚਾਰ ਮੀਟਿੰਗਾਂ ਵਾਂਗ ਫੇਲ੍ਹ ਕਰਨ ਦੀ ਵਿਰੋਧੀ ਧੜ੍ਹੇ ਵਲੋਂ ਪੂਰੀ ਕੋਸ਼ਿਸ਼ ਕੀਤੀ ਤਾਂ ਜੋ ਪ੍ਰਧਾਨ ਨੂੰ ਕਾਨੂੰਨੀ ਦਾਇਰੇ ’ਚ ਲਿਆ ਕੇ ਹਟਾਇਆ ਜਾ ਸਕੇ ਪਰ ਲੁਧਿਆਣਾ ਦਿਹਾਤੀ ਕਾਂਗਰਸ ਦੇ ਸਾਬਕਾ ਪ੍ਰਧਾਨ ਕਾਰਨ ਵਿਰੋਧੀ ਧੜ੍ਹਾ ਆਪਣੇ ਮਕਸਦ ਵਿਚ ਨਾਕਾਮ ਸਾਬਿਕ ਹੋਇਆ। ਸਾਬਕਾ ਜਿਲਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗ਼ਾਲਿਬ ਨੇ ਵਿਰੋਧੀ ਧਿਰ ਵਿੱਚੋਂ ਮੰਨੇ ਜਾਂਦੇ ਕੌਂਸਲਰ ਡਿੰਪਲ ਗੋਇਲ ਨੂੰ ਸਵੇਰੇ ਮੀਟਿੰਗ ਤੋਂ ਪਹਿਲਾਂ ਪ੍ਰਧਾਨ ਦੇ ਨਾਲ ਖੜ੍ਹਾ ਕਰ ਦਿੱਤਾ, ਜਿਸ ਨਾਲ ਸਾਰੀ ਖੇਡ ਹੀ ਬਦਲ ਗਈ ਅਤੇ ਵਿਰੋਧੀ ਦੇਖਦੇ ਹੀ ਰਹਿ ਗਏ।
ਵਿਰੋਧੀ ਐਤਵਾਰ ਦੇਰ ਰਾਤ ਤੱਕ ਸੀ ਭਾਰੂ
ਮੀਟਿੰਗ ਦਾ ਏਜੰਡਾ ਜਾਰੀ ਹੋਣ ਤੋਂ ਪਹਿਲਾਂ ਹੀ ਕਾਫੀ ਸਿਆਸੀ ਉਥਲ-ਪੁਥਲ ਸ਼ੁਰੂ ਹੋ ਗਈ। ਐਤਵਾਰ ਦੇਰ ਰਾਤ ਤੱਕ ਦੋਵਾਂ ਧਿਰਾਂ ਵਿਚਾਲੇ ਕਾਫੀ ਜੋਰ ਅਜਮਾਇਸ਼ ਹੋਈ ਅਤੇ ਦੋਵੇਂ ਧੜੇ ਬਹੁਮਤ ਹੋਣ ਦਾ ਦਾਅਵਾ ਕਰ ਰਹੇ ਸਨ। ਪਰ ਸੂਤਰਾਂ ਅਨੁਸਾਰ ਵਿਰੋਧੀ ਪਾਰਟੀ ਕੋਲ 12 ਕੌਂਸਲਰ ਅਤੇ ਪ੍ਰਧਾਨ ਧੜ੍ਹੇ ਪਾਸ 11 ਕੌਂਸਲਰ ਮੰਨੇ ਜਾਂਦੇ ਹਨ। ਪਰ ਸਵੇਰ ਹੋਣ ਤੱਕ ਸਾਰੇ ਰਾਜਨੀਤਿਕ ਸਮੀਕਰਣ ਬਦਲ ਗਏ ਅਤੇ ਵਿਰੋਧੀ ਚਾਰੋਂ ਖਾਨੇ ਚਿੱਤ ਹੋ ਕੇ ਰਹਿ ਗਏ।
ਅਨੀਤਾ ਸੱਭਰਵਾਲ ਦੇ ਨਾ ਆਉਣ ’ਤੇ ਹਰ ਕੋਈ ਹੈਰਾਨ –
ਕੌਂਸਲਰ ਅਨੀਤਾ ਸੱਭਰਵਾਲ ਹੁਣ ਤੱਕ ਵਿਰੋਧੀ ਧਿਰ ਦੇ ਨਾਲ ਹੀ ਮੰਨੀ ਜਾਂਦੀ ਸੀ। ਉਨ੍ਹਾਂ ਦੇ ਪਤੀ ਸਾਬਕਾ ਕੌਂਸਲਰ ਅਤੇ ਸਾਬਕਾ ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸੱਭਰਵਾਲ ਆਪਣੀ ਹੀ ਪਾਰਟੀ ਦੇ ਕਾਂਗਰਸ ਪ੍ਰਧਾਨ ਰਾਣਾ ਨੂੰ ਕੁਰਸੀ ਤੋਂ ਹਟਾਉਣ ਵਾਲੇ ਧੜ੍ਹੇ ਦੀ ਅਗਵਾਈ ਕਰ ਰਹੇ ਸਨ। ਸੰਸਦ ਮੈਂਬਰ ਰਵਨੀਤ ਬਿੱਟੂ ਅਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਜਦੋਂ ਉਨ੍ਹਾਂ ਦੇ ਘਰ ਆਏ ਤਾਂ ਉਨ੍ਹਾਂ ਰਵਿੰਦਰ ਕੁਮਾਰ ਸੱਭਰਵਾਲ ਨੂੰ ਪ੍ਰਧਾਨ ਰਾਣਾ ਦੇ ਨਾਲ ਖੜ੍ਹਾ ਕਰ ਦਿੱਤਾ। ਪਰ ਉਨ੍ਹਾਂ ਦੀ ਪਤਨੀ ਅਨੀਤਾ ਸੱਭਰਵਾਲ ਦਾ ਅੱਜ ਦੀ ਮੀਟਿੰਗ ਵਿੱਚ ਨਾ ਪੁੱਜਣਾ ਫਿਰ ਚਰਚਾ ਦਾ ਵਿਸ਼ਾ ਬਣ ਗਿਆ। ਸੋਨੀ ਗਾਲਿਬ ਵੱਲੋਂ ਕੌਂਸਲਰ ਡਿੰਪਲ ਗੋਇਲ ਨੂੰ ਪ੍ਰਧਾਨ ਦੇ ਹੱਕ ਵਿੱਚ ਭੁਗਤਾਉਣ ਤੋਂ ਬਾਅਦ ਵਿਰੋਧੀ ਧਿਰ ਕੋਲ 9 ਕੌਂਸਲਰ ਰਹਿ ਗਏ ਸਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਵਿਰੋਧੀ ਧਿਰ ਲਗਾਤਾਰ ਪੰਜਵੀਂ ਵਾਰ ਇਸ ਮੀਟਿੰਗ ਨੂੰ ਫੇਲ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਨਗਰ ਕੌਂਸਲ ਦੇ ਪ੍ਰਧਾਨ ਜਤਿੰਦਰਪਾਲ ਰਾਣਾ ਦੀ ਕੁਰਸੀ ਖਤਰੇ ਵਿੱਚ ਪੈ ਸਕਦੀ ਸੀ ਅਤੇ ਉਨ੍ਹਾਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆ ਜਾਣਾ ਸੀ। ਵਿਰੋਧੀ ਧਿਰ ਉਸ ਦੀ ਕੁਰਸੀ ਖੋਹਣ ਵਿੱਚ ਕਾਮਯਾਬ ਹੋ ਜਾਂਦੀ ਸੀ ਪਰ ਇਸ ਜੰਗ ਦੀ ਖੇਡ ਨੇ ਸਾਰੇ ਸਿਆਸੀ ਸਮੀਕਰਨ ਉਲਟਾ ਦਿੱਤੇ ਅਤੇ ਵਿਰੋਧੀ ਧਿਰ ਆਪਣੇ ਮਕਸਦ ਵਿੱਚ ਨਾਕਾਮ ਰਹੀ।