ਸੰਯੁਕਤ ਕਿਸਾਨ ਮੋਰਚਾ ਦੀਆਂ ਹਦਾਇਤਾਂ ’ਤੇ ਸਾਰੇ ਜ਼ਿਲਿ੍ਹਆਂ ਦੇ ਸੰਸਦ ਮੈਂਬਰਾਂ ਨੂੰ ਸੌਂਪੇ ਜਾਣਗੇ ਪੱਤਰ
ਜਗਰਾਉਂ, 26 ਮਈ ( ਜਗਰੂਪ ਸੋਹੀ, ਧਰਮਿੰਦਰ )-ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਗਰਾਉਂ ਬਲਾਕ ਦੀ ਅਹਿਮ ਮੀਟਿੰਗ ਬਲਾਕ ਪ੍ਰਧਾਨ ਹਰਦੇਵ ਸਿੰਘ ਅਖਾੜਾ ਦੀ ਅਗਵਾਈ ਹੇਠ ਪਿੰਡ ਕਾਉਂਕੇ ਕਲਾਂ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਨੇ ਕਿਹਾ ਕਿ ਸਾਂਝੇ ਮੋਰਚੇ ਵੱਲੋਂ ਸਮੂਹ ਸੰਸਦ ਮੈਂਬਰਾਂ ਨੂੰ ਮੰਗ ਪੱਤਰ ਸੌਂਪ ਕੇ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਲਈ ਸੰਸਦ ਵਿਚ ਆਵਾਜ਼ ਬੁਲੰਦ ਕਰਨ ਲਈ ਕਿਹਾ ਜਾਵੇਗਾ। ਜਿਸ ਤਹਿਤ ਜ਼ਿਲ੍ਹਾ ਲੁਧਿਆਣਾ ਦੀ ਜਥੇਬੰਦੀ ਦੇ ਮੈਂਬਰ ਹਲਕਾ ਰਾਏਕੋਟ ਦੇ ਰਾਏਕੋਟ ਵਿਖੇ ਜਾਣਗੇ ਅਤੇ ਜਗਰਾਉਂ ਦੇ ਮੈਂਬਰ ਲੁਧਿਆਣਾ ਵਿਖੇ ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਨੂੰ ਉਨ੍ਹੰ ਦੇ ਘਰ ਪਹੁੰਚ ਕੇ ਚੇਤਾਵਨੀ ਪੱਤਰ ਵਜੋਂ ਮੰਗ ਪੱਤਰ ਦੇਣਗੇ। ਇਸ ਮੌਕੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਉਸ ਤੋਂ ਬਾਅਦ ਸਰਕਾਰ ਆਪਣੇ ਵਾਅਦੇ ਤੋਂ ਭੱਜ ਗਈ ਹੈ। ਉਨ੍ਹਾਂ ਕਿਹਾ ਕਿ ਲਖੀਮਪੁਰ ਖੇੜੀ ਕਤਲੇਆਮ ਨਾਲ ਸਬੰਧਤ ਸਾਰੀਆਂ ਮੰਗਾਂ, ਐਮ.ਐਸ.ਪੀ ਅਤੇ ਬਿਜਲੀ ਬਿੱਲ ਦੀ ਗਾਰੰਟੀ ਲਈ ਕਾਨੂੰਨ ਬਣਾਇਆ ਜਾਵੇ, ਕਿਸਾਨ ਮਜ਼ਦੂਰਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ, ਫ਼ਸਲਾਂ ਦੇ ਨੁਕਸਾਨ ਦਾ ਪੂਰਾ ਮੁਆਵਜ਼ਾ ਦੇਣ ਲਈ ਕਾਨੂੰਨ ਬਣਾਇਆ ਜਾਵੇ, ਬੁਢਾਪਾ ਪੈਨਸ਼ਨ ਆਦਿ ਅਹਿਮ ਮੰਗਾਂ ਹਨ। ਉਨ੍ਹਾਂ ਕਿਹਾ ਕਿ ਜਿਹੜੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਨੂੰ ਲੈ ਕੇ ਆਵਾਜ਼ ਨਹੀਂ ਉਠਾਉਣਗੇ ਉਨ੍ਹਾਂ ਦਾ ਪਹਿਲਾਂ ਭਾਜਪਾ ਦੇ ਸੰਸਦ ਮੈਂਬਰਾਂ ਅਤੇ ਆਗੂਆਂ ਵਾਂਗ ਹਰ ਥਾਂ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਵੇਂ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਵਾਅਦਿਆਂ ’ਤੇ ਵਿਸ਼ਵਾਸ ਕਰਦਿਆਂ ਉਨ੍ਹਾਂ ਨੂੰ ਭਾਰੀ ਬਹੁਮਤ ਦੇ ਕੇ ਜਿਤਾਇਆ ਸੀ ਪਰ ਮੌਜੂਦਾ ਸਰਕਾਰ ਦੇ ਰਾਜ ਦੌਰਾਨ ਹਰ ਤਰ੍ਹਾਂ ਦੇ ਪ੍ਰਬੰਧ ਨਿਰਾਸ਼ਾਜਨਕ ਹਨ। ਪੁਰਾਣੀਆਂ ਰਿਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਾਂਗ ਹੀ ਮੌਜੂਦਾ ਸਰਕਾਰ ਵੀ ਉਨ੍ਹਾਂ ਦੇ ਨਕਸ਼ੇਕਦਮ ਤੇ ਹੀ ਚੱਲ ਰਹੀ ਹੈ। ਪੰਜਾਬ ਨਿਵਾਸੀ ਨਿਰਸਵਾਰਥ ਸੇਵਾ ਭਾਵਨਾ ਵਾਲੇ ਨੇਤਾਵਾਂ ਦੀ ਸਰਕਾਰ ਚਾਹੁੰਦੇ ਸਨ ਪਰ ਮੌਜੂਦਾ ਸਰਕਾਰ ਵੀ ਦੂਜੀਆਂ ਸਰਕਾਰਾਂ ਦੇ ਨਕਸ਼ੇ ਕਦਮ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਜਥੇਬੰਦਤ ਸ਼ਕਤੀ ਹੀ ਲੋਕਾਂ ਦਾ ਸਹਾਰਾ ਬਣ ਸਕਦੀ ਹੈ। ਇਸ ਲਈ ਸੰਗਠਨ ਨੂੰ ਹੀ ਮਜ਼ਬੂਤ ਕਰਨਾ ਚਾਹੀਦਾ ਹੈ। ਇਸ ਮੀਟਿੰਗ ਨੂੰ ਮਾਸਟਰ ਸੁਰਜੀਤ ਸਿੰਘ ਦੌਧਰ ਨੇ ਵੀ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ।