ਜਗਰਾਓਂ, 5 ਫਰਵਰੀ ( ਭਗਵਾਨ ਭੰਗੂ, ਮੋਹਿਤ ਜੈਨ )-ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਲੁਧਿਆਣਾ ਜੀਟੀ ਰੋਡ ’ਤੇ ਗੱਤੇ ਦੇ ਕਾਰਟੂਨਾਂ ਨਾਲ ਭਰਿਆ ਇੱਕ ਟਰੱਕ ਬੇਕਾਬੂ ਹੋ ਕੇ ਇੱਕ ਸੇਮ ਵਿੱਚ ਜਾ ਡਿੱਗਿਆ। ਜਿਸ ਕਾਰਨ ਟਰੱਕ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਲੀਡੰਰ ਵਾਲ-ਵਾਲ ਬਚ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਸ ਅੱਡਾ ਪੁਲਿਸ ਚੌਕੀ ਦੇ ਇੰਚਾਰਜ ਏ.ਐਸ.ਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਵਾਸੀ ਪਿੰਡ ਭੱਟੀਵਾਲਾ, ਜ਼ਿਲ੍ਹਾ ਗੁਰਦਾਸਪੁਰ ਆਪਣੇ ਕਲੀਡੰਰ ਸਰਵਣ ਸਿੰਘ ਨਾਲ ਬੰਬੇ ਤੋਂ ਗੱਤੇ ਦੇ ਕਾਰਟੂਨ ਭਰ ਕੇ ਟਰੱਕ ਵਿੱਚ ਲੈ ਕੇ ਆਇਆ ਸੀ। ਜੋ ਕਿ ਮੋਗਾ ਤੋਂ ਹੁੰਦੇ ਹੋਏ ਲੁਧਿਆਣਾ ਵੱਲ ਜਾ ਰਿਹਾ ਸੀ। ਸ਼ਨੀਵਾਰ ਰਾਤ ਕਰੀਬ 1.30 ਵਜੇ ਡਰਾਇਵਰ ਦੀ ਅੱਖ ਲੱਗਣ ਕਾਰਨ ਗੱਡੀ ਬੇਕਾਬੂ ਹੋ ਗਈ ਅਤੇ ਬੈਰੀਕੇਡਿੰਗ ਨੂੰ ਤੋੜਦੀ ਹੋਈ ਸੇਮ ਵਿਚ ਜਾ ਡਿੱਗੀ। ਜਦੋਂ ਟਰੱਕ ਸੇਮ ਵਿੱਚ ਡਿੱਗ ਗਿਆ ਤਾਂ ਡਰਾਈਵਰ ਮੰਗਲ ਸਿੰਘ ਟਰੱਕ ਵਿੱਚੋਂ ਬਾਹਰ ਡਿੱਗ ਗਿਆ ਅਤੇ ਹੇਠਾਂ ਪਾਣੀ ਵਿੱਚ ਡੁੱਬ ਕੇ ਉਸਦੀ ਮੌਤ ਹੋ ਗਈ। ਜਦਕਿ ਕਲੀਡੰਰ ਸਰਵਣ ਸਿੰਘ ਗੱਡੀ ਵਿੱਚ ਹੀ ਫਸ ਗਿਆ ਅਤੇ ਉਹ ਵਾਲ-ਵਾਲ ਬਚ ਗਿਆ। ਮ੍ਰਿਤਕ ਮੰਗਲ ਸਿੰਘ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਮੰਗਲ ਸਿੰਘ ਦੀ ਲਾਸ਼ ਪੋਸਟਮਾਰਟਮ ਉਪਰੰਤ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਗਈ।
