ਜਗਰਾਉਂ, 14 ਜੁਲਾਈ ( ਲਿਕੇਸ਼ ਸ਼ਰਮਾਂ )-ਸੀ.ਆਈ.ਏ ਸਟਾਫ਼ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ ਕਾਬੂ ਕੀਤੇ ਚਾਰ ਵਿਅਕਤੀਆਂ ਕੋਲੋਂ ਦੋ ਦੇਸੀ ਪਿਸਤੌਲ ਅਤੇ ਕਾਰਤੂਸ ਬਰਾਮਦ ਕੀਤੇ ਗਏ ਹਨ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਤਹਿਸੀਲ ਚੌਕ ਜਗਰਾਉਂ ਵਿੱਚ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਅਜੇ ਅਤੇ ਰਜਿੰਦਰ ਸਿੰਘ ਵਾਸੀ ਮੁਹੱਲਾ ਰਾਣੀਵਾਲਾ ਖੂਹ, ਅਗਵਾੜ ਲਧਾਈ ਜਗਰਾਉਂ ਕੋਲ ਨਾਜਾਇਜ਼ ਅਸਲਾ ਅਤੇ ਕਾਰਤੂਸ ਹਨ। ਜਿਸ ਨਾਲ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹੈ। ਦੋਵੇਂ ਰਾਏਕੋਟ ਰੋਡ ’ਤੇ ਸਾਇੰਸ ਕਾਲਜ ਨੇੜੇ ਸ਼ਮਸ਼ਾਨਘਾਟ ਕੋਲ ਬੈਠੇ ਹਨ। ਇਸ ਸੂਚਨਾ ’ਤੇ ਛਾਪੇਮਾਰੀ ਕਰਦੇ ਹੋਏ ਪੁਲਸ ਪਾਰਟੀ ਨੇ ਅਜੇ ਅਤੇ ਰਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ 12 ਬੋਰ ਦਾ ਦੇਸੀ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ। ਇਸੇ ਤਰ੍ਹਾਂ ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਬੱਸ ਸਟੈਂਡ ਬਸੀਆਂ ਵਿਖੇ ਮੌਜੂਦ ਸਨ। ਉਥੇ ਇਤਲਾਹ ਮਿਲੀ ਸੀ ਕਿ ਜਗਦੀਪ ਸਿੰਘ ਉਰਫ ਫੈਂਟਾ ਵਾਸੀ ਪਿੰਡ ਬੋਪਾਰਾਏ ਖੁਰਦ ਅਤੇ ਜਸਪ੍ਰੀਤ ਸਿੰਘ ਉਰਫ ਜੱਸਾ ਵਾਸੀ ਕੱਚਾ ਕਿਲਾ ਰਾਏਕੋਟ ਕੋਲ ਨਾਜਾਇਜ਼ ਅਸਲਾ ਹੈ। ਜਿਸ ਨਾਲ ਉਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਇਹ ਦੋਵੇਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਬੋਪਾਰਾਏ ਖੁਰਦ ਤੋਂ ਬੱਸੀਆਂ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਜਗਦੀਪ ਸਿੰਘ ਉਰਫ ਫੈਂਟਾ ਅਤੇ ਜਸਪ੍ਰੀਤ ਸਿੰਘ ਅਤੇ ਜੈਸਾ ਵਾਸੀ ਬੱਸੀਆਂ ਤੋਂ ਪਿੰਡ ਰਾਮਗੜ੍ਹ ਸਿਵੀਆ ਨੂੰ ਜਾਂਦੀ ਸੜਕ ’ਤੇ ਸੇਮ ਪੁਲ ਕੋਲ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਾਂਦੇ ਸਮੇਂ ਕਾਬੂ ਕਰਕੇ ਇਨ੍ਹਾਂ ਪਾਸੋਂ ਇਕ ਦੇਸੀ ਪਿਸਤੌਲ .32 ਬੋਰ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਏਐਸਆਈ ਲਖਬੀਰ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਮੱਧ ਪ੍ਰਦੇਸ਼ ਤੋਂ ਪਿਸਤੌਲ ਲੈ ਕੇ ਆਏ ਸਨ। ਹੋਰ ਪੁੱਛਗਿੱਛ ਲਈ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।