ਜਗਰਾਉ, 30 ਮਈ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਦੁਬਈ ਵਿੱਚ ਵਰਕ ਪਰਮਿਟ ਦਿਵਾਉਣ ਦੇ ਬਹਾਨੇ ਉਥੋਂ ਦੇ ਇੱਕ ਅਰਬੀ ਪਰਿਵਾਰ ਨਾਲ ਨੌਕਰੀ ਦਿਵਾਉਣ ਅਤੇ ਓਮਾਨ ਵਿਚ 15 ਦਿਨਾਂ ਤੱਕ ਬੰਦੀ ਬਣਾ ਕੇ ਰੱਖੀ ਪੀੜਤਾ ਨੂੰ ਉਸ ਦੇ ਦਸਤਾਵੇਜ਼ ਅਤੇ ਪਾਸਪੋਰਟ ਵਾਪਸ ਕਰਨ ਬਦਲੇ ਇੱਕ ਲੱਖ ਰੁਪਏ ਲੈਣ ਦੇ ਦੋਸ਼ ਵਿਚ ਨਕਲੀ ਟਰੈਵਲ ਏਜੰਟ ਸਮੇਤ ਤਿੰਨ ਵਿਅਕਤੀਆਂ ਖਿਲਾਫ ਥਾਣਾ ਸਦਰ ਜਗਰਾਉਂ ਵਿਖੇ ਧੋਖਾਧੜੀ, ਸਾਜ਼ਿਸ਼ ਅਤੇ ਟਰੈਵਲ ਪ੍ਰੋਫੈਸ਼ਨਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਕੇ ਜਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਢੋਲਣ ਦੀ ਰਹਿਣ ਵਾਲੀ ਵੀਰਪਾਲ ਕੌਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਵਿਦੇਸ਼ ’ਚ ਕੰਮ ਕਰਨਾ ਚਾਹੁੰਦੀ ਸੀ। ਵਿੱਕੀ ਨਿਵਾਸੀ ਪਿੰਡ ਬੱਸੀਆਂ ਮੇਰੀ ਮਾਂ ਗੁਰਪ੍ਰੀਤ ਕੌਰ ਨੂੰ ਆਪਣੀ ਭੈਣ ਸਮਝਦਾ ਸੀ। ਜਿਸ ਨੇ ਸਾਡੇ ਘਰ ਆ ਕੇ ਮੈਨੂੰ ਅਤੇ ਮੇਰੀ ਮਾਂ ਨੂੰ ਦੁਬਈ ਦੇ ਵਰਕ ਪਰਮਿਟ ’ਤੇ ਭੇਜਣ ਦੀ ਗੱਲ ਕੀਤੀ। ਜਿਸ ਤੋਂ ਬਾਅਦ ਉਸਨੇ ਮੈਨੂੰ ਮਾਰਚ 2023 ਵਿੱਚ ਅੰਮ੍ਰਿਤਸਰ ਏਅਰਪੋਰਟ ਤੋਂ ਟੂਰਿਸਟ ਵਿਜੇ ’ਤੇ ਦੁਬਈ ਭੇਜ ਦਿੱਤਾ। ਉੱਥੇ ਇੱਕ ਅਰਬ ਪਰਿਵਾਰ ਦੇ ਮੈਨੂੰ ਘਰੇਲੂ ਕੰਮ ਲਈ ਨੌਕਰੀ ਲਗਵਾ ਦਿਤੀ। ਪਰ ਉਸ ਪਰਿਵਾਰ ਦੇ ਬਹੁਤ ਜਿਆਦਾ ਕੰਮ ਹੋਣ ਕਰਕੇ ਮੈਂ ਉੱਥੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਵਿੱਕੀ ਦੀ ਪਹਿਚਾਣ ਵਾਲੀ ਇੱਕ ਮੈਡਮ ਨੇ ਮੈਨੂੰ ਓਮਾਨ ਭੇਜ ਦਿੱਤਾ। ਉਥੇ ਮੈਨੂੰ 10-15 ਦਿਨ ਬੰਦੀ ਬਣਾ ਕੇ ਰੱਖਿਆ ਗਿਆ। ਮੈਡਮ ਕੋਲ ਮੇਰਾ ਪਾਸਪੋਰਟ ਅਤੇ ਕੱਪੜੇ, ਮੋਬਾਈਲ ਫ਼ੋਨ ਅਤੇ ਹੋਰ ਸਾਮਾਨ ਸੀ, ਜਦੋਂ ਮੈਂ ਆਪਣਾ ਮੋਬਾਈਲ ਫ਼ੋਨ ਮੰਗਿਆ ਤਾਂ ਉਸ ਨੇ ਮੈਨੂੰ ਫ਼ੋਨ ਨਹੀਂ ਦਿੱਤਾ ਅਤੇ ਕਿਹਾ ਕਿ ਜੇਕਰ ਤੁਸੀਂ ਆਪਣਾ ਪਾਸਪੋਰਟ ਅਤੇ ਸਮਾਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਮੈਨੂੰ 2 ਲੱਖ 15 ਹਜ਼ਾਰ ਰੁਪਏ ਦਿਉ। ਜਿਸ ’ਤੇ ਮਜਬੂਰੀ ’ਚ ਮੈਨੂੰ ਆਪਣੇ ਘਰੋਂ ਏਜੰਟ ਵਿੱਕੀ ਦੇ ਕਹਿਣ ’ਤੇ ਮੈਡਮ ਨੂੰ ਇਕ ਲੱਖ ਰੁਪਏ ਦਾ ਮੰਗਵਾ ਕੇ ਦਿਤੇ। ਮੈਨੂੰ ਪਤਾ ਲੱਗਾ ਕਿ ਵਿੱਕੀ ਕੋਈ ਟਰੈਵਲ ਏਜੰਟ ਨਹੀਂ ਹੈ ਪਰ ਉਸ ਨੇ ਦੁਬਈ ਸਥਿਤ ਏਜੰਟ ਕ੍ਰਿਸ਼ਨ ਲਾਲ ਨਾਲ ਮਿਲ ਕੇ ਮੇਰੇ ਨਾਲ ਠੱਗੀ ਮਾਰੀ ਹੈ। ਵੀਰਪਾਲ ਦੀ ਸ਼ਿਕਾਇਤ ’ਤੇ ਵਿੱਕੀ ਵਾਸੀ ਬੱਸੀਆਂ, ਕ੍ਰਿਸ਼ਨ ਲਾਲ ਵਾਸੀ ਦੁਬਈ ਅਤੇ ਨਾਮ ਮਲੂਮ ਮੈਡਮ ਵਾਸੀ ਓਮਾਨ ਦੇ ਖਿਲਾਫ ਵੱਖ-ਵੱਖ ਧਾਰਾਵਾਂ ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਭਾਰਤੀ ਦੂਤਾਵਾਸ ਨੇ ਕੀਤੀ ਮਦਦ-ਵੀਰਪਾਲ ਕੌਰ ਨੇ ਦੱਸਿਆ ਕਿ ਉਸ ਤੋਂ ਪੈਸੇ ਲੈਣ ਦੇ ਬਾਵਜੂਦ ਜਦੋਂ ਉਨ੍ਹਾਂ ਨੇ ਉਸ ਨੂੰ ਆਪਣਾ ਪਾਸਪੋਰਟ ਅਤੇ ਹੋਰ ਦਸਤਾਵੇਜ਼ ਨਹੀਂ ਦਿੱਤੇ ਤਾਂ ਉਹ ਕਿਸੇ ਤਰ੍ਹਾਂ ਉਥੋਂ ਭੱਜ ਕੇ ਭਾਰਤੀ ਦੂਤਘਰ ਜਾ ਕੇ ਉਥੋਂ ਦੇ ਅਧਿਕਾਰੀਆਂ ਨੂੰ ਆਪਣੇ ਬਾਰੇ ਪੂਰੀ ਜਾਣਕਾਰੀ ਦਿੱਤੀ। ਮੈਨੂੰ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਆਰਜੀ ਪਾਸਪੋਰਟ ਜਾਰੀ ਕੀਤਾ ਅਤੇ ਟਿਕਟ ਵੀ ਲੈ ਕੇ ਦਿਤੀ। ਜਿਸ ਤੋਂ ਬਾਅਦ ਵਾਪਸ ਪੰਜਾਬ ਆ ਗਏ। ਹੁਣ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।