ਜਗਰਾਓਂ, 27 ਸਤੰਬਰ ( ਰਾਜਨ ਜੈਨ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ,ਫਿਲੌਰ ਵਿਖੇ ਸਕਾਲਰਸ਼ਿੱਪ ਜਾਗਰੂਕਤਾ ਹਫ਼ਤੇ ਅਧੀਨ ਜੋ ਕਿ 22 ਸਤੰਬਰ,2823 ਤੋਂ 29 ਸਤੰਬਰ,2023 ਤੱਕ ਮਨਾਇਆ ਜਾ ਰਿਹਾ ਹੈ, ਦੇ ਸੰਬੰਧ ਵਿੱਚ ਵਿਦਿਆਰਥੀਆਂ ਨੂੰ ਵਜ਼ੀਫ਼ੇ ਪ੍ਰਤੀ ਜਾਗਰੂਕ ਕਰਨ ਹਿੱਤ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਤੌਰ ‘ਤੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਫਾਰ ਐਸ. ਸੀ.ਸਟੂਡੈਂਟਸ ਸਕੀਮ ਸੰਬੰਧੀ ਜਾਗਰੂਕ ਕੀਤਾ ਗਿਆ ਤਾਂ ਜੋ ਇਸ ਸਕੀਮ ਦਾ ਵਿਦਿਆਰਥੀ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਮੌਕੇ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਦੇ ਮਹੱਤਵ ਬਾਰੇ ਸਮਝਾਇਆ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਸਕੀਮ ਦਾ ਵੱਧ ਤੋਂ ਵੱਧ ਲਾਭ ਲੈ ਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਸਕਾਲਰਸ਼ਿਪ ਅਧੀਨ ਬਣੇ ਨੋਡਲ ਅਫ਼ਸਰ ਪ੍ਰੋਫ਼ੈਸਰ ਜਗਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਸਕੀਮ ਲਈ ਅਪਲਾਈ ਕਰਨਾ , ਜਰੂਰੀ ਦਸਤਾਵੇਜ਼ਾਂ, ਆਨ-ਲਾਈਨ ਪੋਰਟਲ ਆਦਿ ਵਿਸ਼ਿਆਂ ਦੀ ਵਿਸਥਾਰ ਸਹਿਤ ਜਾਣਕਾਰੀ ਮੁੱਹਈਆ ਕਰਵਾਈ। ਇਸ ਮੌਕੇ ਪ੍ਰੋਫ਼ੈਸਰ ਪਰਮਜੀਤ ਕੌਰ (ਪੰਜਾਬੀ ਵਿਭਾਗ) ਨੇ ਸਕਾਲਰਸ਼ਿਪ ਅਪਲਾਈ ਕਰਨ ਵੇਲੇ ਆਉਣ ਵਾਲੀਆਂ ਮੁਸ਼ਕਲਾਂ ਦਾ ਜ਼ਿਕਰ ਕਰਦੇ ਹੋਏ ਵਿਦਿਆਰਥੀਆਂ ਨੂੰ ਫ਼ਾਰਮ ਭਰਨ ਵੇਲੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ‘ਤੇ ਚਾਨਣਾ ਪਾਇਆ ਗਿਆ। ਇਸੇ ਤਰ੍ਹਾਂ ਪ੍ਰੋਫ਼ੈਸਰ ਰੁਪਿੰਦਰ ਸਿੰਘ ਨੇ ਮੌਕੇ ‘ਤੇ ਹੀ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਸਮੂਹ ਸੰਬੰਧਿਤ ਤੇ ਵਿਦਿਆਰਥੀ ਹਾਜ਼ਰ ਸਨ।