ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤੱਕ ਚੱਲਦੀ ਰਹੀ ਜਾਂਚ
ਵਿਦੇਸ਼ਾਂ ਵਿੱਚ ਪੈਸੇ ਦੇ ਲੈਣ-ਦੇਣ ਦੇ ਸਬੰਧ ਵਿੱਚ ਰਿਕਾਰਡ ਲਿਆ ਕਬਜ਼ੇ ਵਿਚ
ਮਨੀ ਚੇਂਜਰ ਦੇ ਲੜਕੇ ਅਤੇ ਦੋ ਮੁਲਾਜ਼ਮਾਂ ਨੂੰ 29 ਸਤੰਬਰ ਨੂੰ ਚੰਡੀਗੜ੍ਹ ਕੀਤਾ ਤਲਬ
ਜਗਰਾਓਂ, 27 ਸਤੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ, ਮੋਹਿਤ ਜੈਨ )- ਪੰਜਾਬ ਭਰ ਵਿੱਚ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਦਿੱਤੀ ਜਾ ਰਹੀ ਫੰਡਿੰਗ ਤੋਂ ਚੌਕਸ ਐਨਆਈਏ ਦੀ ਟੀਮ ਵੱਲੋਂ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਤਹਿਤ ਜਗਰਾਓਂ ਦੇ ਮਸ਼ਹੂਰ ਚੀਨਾ ਮਨੀ ਚੇਂਜਰ ਦੇ ਘਰ ਅਤੇ ਝਾਂਸੀ ਰਾਣੀ ਚੌਕ ਨੇੜੇ ਸਥਿਤ ਦਫਤਰ ’ਤੇ ਵੱਡੇ ਪੱਧਰ ਤੇ ਛਾਪੇਮਾਰੀ ਕੀਤੀ ਗਈ। ਸੂਤਰਾਂ ਅਨੁਸਾਰ ਐਨਆਈਏ ਚੰਡੀਗੜ੍ਹ ਦਫ਼ਤਰ ਤੋਂ ਡੀਐਸਪੀ ਜੈਰਾਜ ਦੀ ਅਗਵਾਈ ਹੇਠ ਟੀਮ ਸਵੇਰੇ 7 ਵਜੇ ਦੇ ਕਰੀਬ ਜਗਰਾਉਂ ਪੁੱਜੀ ਅਤੇ ਥਾਣਾ ਸਿਟੀ ਤੋਂ ਪੁਲੀਸ ਮੁਲਾਜ਼ਮਾਂ ਦੇ ਨਾਲ ਮੁਹੱਲਾ ਵਿਜੇ ਨਗਰ ਸਥਿਤ ਮਨੀ ਚੇਂਜਰ ਦੇ ਘਰ ਛਾਪਾ ਮਾਰਿਆ। ਮਨੀ ਚੇਂਜਰ ਦੇ ਬੇਟੇ ਨਿਤਿਨ ਗੋਇਲ, ਘਰ ਵਿੱਚ ਮੌਜੂਦ ਉਸਦੀ ਮਾਂ ਅਤੇ ਪਤਨੀ ਤੋਂ ਪੁੱਛਗਿੱਛ ਕੀਤੀ ਗਈ। ਉਸ ਸਮੇਂ ਵਾਰਡ ਦੀ ਕੌਂਸਲਰ ਡਿੰਪਲ ਗੋਇਲ ਦੇ ਪਤੀ ਰੋਹਿਤ ਗੋਇਲ ਨੂੰ ਟੀਮ ਵੱਲੋਂ ਬੁਲਾ ਕੇ ਉਨ੍ਹਾਂ ਦੀ ਹਾਜ਼ਰੀ ਵਿੱਚ ਜਾਂਚ ਕੀਤੀ ਗਈ। ਇਸ ਤੋਂ ਬਾਅਦ ਟੀਮ ਨਿਤਿਨ ਗੋਇਲ ਨੂੰ ਨਾਲ ਲੈ ਕੇ ਉਨ੍ਹਾਂ ਦੀ ਦੁਕਾਨ ’ਤੇ ਪਹੁੰਚੀ। ਦੁਕਾਨ ਦੀਆਂ ਚਾਬੀਆਂ ਮੌਕੇ ’ਤੇ ਨਾ ਮਿਲਣ ਕਾਰਨ ਦੁਕਾਨ ਦਾ ਤਾਲਾ ਤੋੜ ਕੇ ਅੰਦਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੂਤਰਾਂ ਅਨੁਸਾਰ ਐਨਆਈਏ ਦੀ ਜਾਂਚ ਟੀਮ ਨੇ ਮਨੀ ਚੇਂਜਰ ਦੇ ਦਫ਼ਤਰ ਤੋਂ ਵਿਦੇਸ਼ਾਂ ਤੋਂ ਆਏ ਗਹੋਏ ਅਤੇ ਵਿਦੇਸ਼ਾਂ ਨੂੰ ਭੇਜੇ ਗਏ ਪੈਸਿਆਂ ਦਾ ਰਿਕਾਰਡ ਘੰਗਾਲਿਆ ਅਤੇ ਪੂਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਘਰ ਅਤੇ ਦੁਕਾਨ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਐਨਆਈਏ ਦੀ ਟੀਮ ਵੀ ਨਿਤਿਨ ਗੋਇਲ ਦੇ ਨਾਲ ਥਾਣਾ ਸਿਟੀ ਪਹੁੰਚੀ। ਉੱਥੇ ਕਰੀਬ 2 ਘੰਟੇ ਪੁੱਛਗਿੱਛ ਅਤੇ ਦਸਤਾਵੇਜ਼ੀ ਕੰਮ ਕੀਤਾ ਗਿਆ। ਨਿਤਿਨ ਗੋਇਲ ਨੂੰ ਬਾਅਦ ਵਿੱਚ ਛੱਡ ਦਿੱਤਾ ਗਿਆ ਅਤੇ ਉਸ ਦੀ ਦੁਕਾਨ ’ਤੇ ਕੰਮ ਕਰਦੇ ਦੋ ਲੜਕਿਆਂ ਸਮੇਤ 29 ਸਤੰਬਰ ਨੂੰ ਚੰਡੀਗੜ੍ਹ ਦਫ਼ਤਰ ਵਿੱਚ ਹਾਜ਼ਰ ਹੋਣ ਦਾ ਹੁਕਮ ਦਿੱਤਾ ਗਿਆ। ਸੂਤਰਾਂ ਮੁਤਾਬਕ ਫਿਲਹਾਲ ਜਾਂਚ ਟੀਮ ਨੂੰ ਕੁਝ ਮਨੀ ਚੇਂਜਰ ਦੇ ਘਰੋਂ ਜਾਂ ਦਫਤਰ ਵਿਚੋਂ ਕੁਝ ਵੀ ਹਾਸਿਲ ਨਹੀਂ ਹੋਇਆ।
ਨਿਤਿਨ ਦੀ ਪਤਨੀ ਦੀ ਸਿਹਤ ਵਿਗੜੀ-
ਬੁੱਧਵਾਰ ਸਵੇਰੇ ਜਦੋਂ ਐਨਆਈਏ ਦੀ ਟੀਮ ਨੇ ਵਿਜੇ ਨਗਰ ਇਲਾਕੇ ਵਿੱਚ ਉਨ੍ਹਾਂ ਦੇ ਘਰ ਛਾਪਾ ਮਾਰਿਆ ਤਾਂ ਪਰਿਵਾਰ ਸੌਂ ਰਿਹਾ ਸੀ। ਇਸ ਅਚਾਨਕ ਛਾਪੇਮਾਰੀ ਨੂੰ ਦੇਖ ਕੇ ਨਿਤਿਨ ਗੋਇਲ ਦੀ ਪਤਨੀ ਦੀ ਸਿਹਤ ਵਿਗੜ ਗਈ ਅਤੇ ਮੌਕੇ ’ਤੇ ਡਾਕਟਰ ਨੂੰ ਬੁਲਾ ਕੇ ਉਸ ਦਾ ਇਲਾਜ ਕਰਨਾ ਪਿਆ।
ਪਹਿਲਾਂ ਵੀ ਕਈ ਵਾਰ ਜਾਂਚ ਹੋ ਚੁੱਕੀ ਹੈ-
ਚੀਨਾ ਮਨੀ ਚੇਂਜਰ ਸ਼ਹਿਰ ਦਾ ਮਸ਼ਹੂਰ ਕਾਰੋਬਾਰੀ ਹੈ ਅਤੇ ਮੋਟੀ ਰਕਮ ਦਾ ਲੈਣ-ਦੇਣ ਕਰਦਾ ਹੈ। ਇਸ ਤੋਂ ਪਹਿਲਾਂ ਵੀ ਵੱਖ-ਵੱਖ ਏਜੰਸੀਆਂ ਵੱਲੋਂ ਕਰੀਬ 6 ਵਾਰ ਉਨ੍ਹਾਂ ਦੇ ਦਫ਼ਤਰ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਵੀ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਲੁੱਟ ਕੀਤੀ ਜਾ ਚੁੱਕੀ ਹੈ। ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ ’ਚ ਬੈਠੇ ਗੈਂਗਸਟਰ ਅਤੇ ਅੱਤਵਾਦੀ ਅਰਸ਼ ਡਾਲਾ ਨੇ ਜਗਰਾਓਂ ਇਲਾਕੇ ’ਚ ਕਈ ਲੋਕਾਂ ਤੋਂ ਫਿਰੌਤੀ ਮੰਗੀ ਹੈ ਅਤੇ ਉਸ ’ਤੇ ਕੇਸ ਵੀ ਦਰਜ ਹਨ। ਐਨਆਈਏ ਦੀ ਟੀਮ ਵਿਦੇਸ਼ਾਂ ਤੋਂ ਆ ਰਹੀਆਂ ਫਿਰੌਤੀ ਦੀਆਂ ਕਾਲਾਂ ਅਤੇ ਰਾਜ ਭਰ ਵਿੱਚ ਉਨਾਂ ਨੂੰ ਜਾਂ ਕਿਸੇ ਸਮਰਥਕ ਨੂੰ ਭੇਜੇ ਗਏ ਪੈਸੇ ਦੀ ਜਾਂਚ ਕਰ ਰਹੀ ਹੈ ਅਤੇ ਇਸੇ ਕੜੀ ਤਹਿਤ ਇੱਥੇ ਮਾਰੇ ਗਏ ਛਾਪਿਆਂ ਨੂੰ ਵੀ ਇਸੇ ਕੜੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।