ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੀਆਂ ਹਨ , ਸਾਰੀਆਂ ਰਾਜਨੀਤਿਕ ਪਾਰਟੀਆਂ ਵਿਚ ਆਪਸੀ ਹਲਚਲ ਸ਼ੁਰੂ ਹੋ ਚੁੱਕੀ ਹੈ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸਮੁੱਚੀ ਕਾਂਗਰਸ ਲੀਡਰਸ਼ਿਪ ਦੋ ਧੜ੍ਹਿਆਂ ਵਿਚ ਹੁਣੇ ਤੋਂ ਹੀ ਵੰਡੀ ਨਜ਼ਰ ਆਉਣੀ ਸ਼ੁਰੂ ਹੋ ਗਈ ਹੈ। ਜਿਸ ਤਰ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਦੇ ਵੱਖ ਵੱਖ ਪਲੇਟ ਫਾਰਮ ਪੰਜਾਬ ਕਾਂਗਰਸ ਦੇ ਤਿਆਰ ਹੋ ਗਏ ਸਨ ਉਸ ਨਾਲ ਸੱਤਾ ਤੇ ਬਿਰਾਜਮਾਨ ਪਾਰਟੀ ਦਾ ਚੋਣਾਂ ਵਿਚ ਸੂਪੜਾ ਹੀ ਸਾਫ ਹੋ ਗਿਆ। ਉਸੇ ਤਰ੍ਹਾਂ ਹੁਣ ਵੀ ਵਿਧਾਨ ਸਭਾ ਚੋਣਾਂ ਵਾਲੇ ਹਾਲਾਤ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਕਾਂਗਰਸ ਦੇ ਬਣਦੇ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਪੰਜਾਬ ਕਾਂਗਰਸ ਦੀ ਲੀਡਰਸ਼ਿਪ ਕੇਂਦਰੀ ਲੀਡਰਸ਼ਿਪ ਦੇ ਫੈਸਲਿਆਂ ਤੋਂ ਪਹਿਲਾਂ ਹੀ ਆਪਣੇ ਤੇਵਰ ਦਿਖਾਉਣ ਲੱਗੀ ਹੈ। ਕੇਂਦਰੀ ਹਾਈਕਮਾਂਡ ਦੇ ਫੈਸਲਿਆਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਪੱਧਰ ਤੇ ਬਿਆਨਬਾਜੀ ਵੀ ਸ਼ੁਰੂ ਕੀਤੀ ਗਈ ਇਸਦੇ ਨਾਲ ਹੀ ਸਪੱਸ਼ਟ ਸੰਕੇਤ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਪੰਜਾਬ ਵਿੱਚ ਕਾਂਗਰਸ ਲੋਕ ਸਭਾ ਚੋਣਾਂ ਆਪਣੇ ਦਮ ’ਤੇ ਹੀ ਲੜੇਗੀ। ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦਾ ਪੂਰਾ ਧੜਾ ਸ਼ਾਮਲ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਇੱਕ ਪਾਸੇ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੇ ਵਿੱਚ ਕੇਂਦਰੀ ਲੀਡਰਸ਼ਿਪ ਵੱਲੋਂ ਭਾਵੇਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਰ ਪੰਜਾਬ ਵਿੱਚ ਘਮਾਸਾਨ ਮੱਚਣਾ ਸ਼ੁਰੂ ਹੋ ਗਿਆ। ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਪ੍ਰਤਾਪ ਸਿੰਘ ਬਾਜਵਾ ਦੀ ਮੌਜੂਦਗੀ ਵਿਚ ਨੇਤਾਵਾਂ ਨੇ ਜਗਰਾਓਂ ਰੋਸ ਰੈਲੀ ਵਿਚ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੇਕਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਕੇ ਲੜੀਆਂ ਜਾਂਦੀਆਂ ਹਨ ਤਾਂ ਪੰਜਾਬ ਵਿੱਚ ਕਾਂਗਰਸ ਦਾ ਭਵਿੱਖ ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਰਗਾ ਹੋਵੇਗਾ। ਪੰਜਾਬ ਵਿੱਚ ਵੀ ਕਾਂਗਰਸ ਦਾ ਅੰਤ ਹੋ ਜਾਵੇਗਾ। ਹੁਣ ਵੱਡਾ ਸਵਾਲ ਇਹ ਹੈ ਕਿ ਕੀ ਕੇਂਦਰ ਦੀ ਾਕੰਗਰਸੀ ਲੀਡਰਸ਼ਿਪ ਇੰਡੀਆ ਗਠਜੋੜ ਵਿੱਚ ਲਾਗੂ ਕੀਤੇ ਗਏ ਫਾਰਮੂਲੇ ਨੂੰ ਪੰਜਾਬ ’ਚ ਸਫਲਤਾ ਪੂਰਵਕ ਲਾਗੂ ਕਰ ਸਕੇਗੀ। ਜੇਕਰ ਆਪ ਨਾਲ ਗਠਜੋੜ ਤਹਿਤ ਪੰਜਾਬ ਵਿੱਚ ਚੋਣਾਂ ਕਾਂਗਰਸ ਲੜਦੀ ਹੈ ਤਾਂ ਕਾਂਗਰਸ ਨੂੰ ਉਸ ਦੇ ਹਿੱਸੇ 6 ਸੀਟਾਂ ਮਿਲਣਗੀਆਂ ਪਰ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਇਸ ਗੱਲ ਨੂੰ ਧਿਆਨ ਵਿੱਚ ਰੱਖ ਰਹੀ ਹੈ ਕਿ ਕਾਂਗਰਸ ਪੰਜਾਬ ਦੀਆਂ 13 ਵਿੱਚੋਂ 13 ਸੀਟਾਂ ਜਿੱਤਣ ਦੇ ਸਮਰੱਥ ਹੈ। ਚੰਗੀ ਗੱਲ ਹੈ ਸੁਪਨੇ ਦੇਖਣ ਦਾ ਹੱਕ ਸਾਰਿਆਂ ਨੂੰ ਹੈ, ਪਰ ਜਦੋਂ ਸੁਪਨੇ ਹਕੀਕਤ ਵਿਚ ਬਦਲਦੇ ਹਨ ਤਾਂ ਪਤਾ ਲੱਗਦਾ ਹੈ। ਪੰਜਾਬ ਵਿਚ ਕਾਂਗਰਸ ਦੀ ਸਥਿਤੀ ਇਸ ਸਮੇਂ ਬਹੁਤੀ ਚੰਗੀ ਨਹੀਂ ਹੈ। ਆਪਸੀ ਫੁੱਟ ਕਾਰਨ ਸੱਤਾ ਦੇ ਕੇਂਦਰ ਵਿੱਚ ਹੋਣ ਦੇ ਬਾਵਜੂਦ 18 ਸੀਟਾਂ ਤੱਕ ਸਿਮਟ ਗਈ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਨੂੰ ਪਹਿਲੀ ਕਰਾਰੀ ਹਾਰ ਤੋਂ ਸਬਕ ਸਿੱਖਣਾ ਚਾਹੀਦਾ ਹੈ। ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਹੁਣ ਉਸ ਦੀਆਂ ਪਹਿਲੀਆਂ ਗਤੀਵਿਧੀਆਂ ਦੀ ਫਾਇਲ ਜੋ ਸਿੱਧੂ ਨੂੰ ਸਜਾ ਹੋਣ ਤੋਂ ਪਹਿਲਾਂ ਤਿਆਰ ਕੀਤੀ ਗਈ ਸੀ ਉਹ ਵੀ ਬਾਹਰ ਆ ਰਹੀ ਹੈ। ਭਾਵੇਂ ਕਿ ਸਿੱਧੂ ਨੇ ਸਾਰਿਆਂ ਨੂੰ ਕੇਂਦਰੀ ਹਾਈਕਮਾਂਡ ਦੇ ਫੈਸਲੇ ’ਤੇ ਕੰਮ ਕਰਨ ਲਈ ਕਿਹਾ। ਉਸੇ ਗੱਲ ਨੂੰ ਲੈ ਕੇ ਪ੍ਰਤਾਪ ਸਿੰਘ ਬਾਜਵਾ ਅੇ ਉਨ੍ਹਾਂ ਦੇ ਸਾਥੀਆਂ ਨੇ ਸਿੱਧੂ ਨੂੰ ਨਿਸ਼ਾਨਾ ਬਣਾਇਆ ਅਤੇ ਪਾਰਟੀ ’ਚੋਂ ਬਾਹਰ ਕਰਨ ਦੀ ਮੰਗ ਸ਼ੁਰੂ ਹੋ ਗਈ। ਜ਼ਮੀਨੀ ਪੱਧਰ ’ਤੇ ਕਾਂਗਰਸ ਦੀ ਸਥਿਤੀ ਅਜਿਹੀ ਨਹੀਂ ਹੈ ਕਿ ਉਹ ਸਾਰੀਆਂ ਲੋਕ ਸਭਾ ਸੀਟਾਂ ਆਪਣੇ ਦਮ ’ਤੇ ਜਿੱਤ ਸਕੇ। ਪੰਜਾਬ ਤੋਂ ਚੁਣੇ ਗਏ ਐਮ.ਪੀ.ਇਹ ਭਲੀ ਭਾਂਤ ਜਾਣਦੇ ਹਨ, ਇਸ ਲਈ ਉਹ ਇਸ ਵਿਵਾਦ ਵਿੱਚ ਕੋਈ ਮੂੰਹ ਨਹੀਂ ਖੋਲ੍ਹ ਰਹੇ ਅਤੇ ਕੇਂਦਰ ਵੱਲ ਝਾਕ ਰਹੇ ਹਨ। ਰਵਨੀਤ ਬਿੱਟੂ ਨੇ ਜਰੂਰ ਖੁੱਲ੍ਹ ਕੇ ਕਿਹਾ ਹੈ ਕਿ ਉਹ ਆਪ ਨਾਲ ਗਠਜੋੜ ਕਰਕੇ ਲੋਕ ਸਭਾ ਚੋਣਾਂ ਲੜਣ ਦੇ ਪੱਖ ਵਿਚ ਹਨ। ਬਿੱਟੂ ਨੂੰ ਪਤਾ ਹੈ ਕਿ ਇਸ ਵਾਰ ਜੇ ਉਨ੍ਹਾਂ ਨੂੰ ਲੁਧਿਆਣਾ ਲੋਕ ਸਭਾ ਹਲਕੇ ਤੋਂ ਟਿਕਟ ਮਿਲਦੀ ਹੈ, ਉਹ ਕਿਸੇ ਵੀ ਹਾਲਤ ਵਿੱਚ ਜਿੱਤਣ ਵਾਲੇ ਨਹੀਂ ਹਨ। ਇਸ ਲਈ ਸਭ ਤੋਂ ਪਹਿਲਾਂ ਉਹ ਆਪਣਾ ਹਲਕਾ ਬਦਲਣਾ ਚਾਹੁੰਦੇ ਹਨ, ਭਾਵੇਂ ਸੀਟ ਬਦਲਣ ਤੋਂ ਬਾਅਦ ਵੀ ਉਹ ਆਪ ਨਾਲ ਗਠਜੋੜ ਕਰਕੇ ਹੀ ਚੋਣ ਲੜਣ ਦੇ ਚਾਹਵਾਨ ਹਨ। ਇਸੇ ਤਰ੍ਹਾਂ ਦੂਜੇ ਸੰਸਦ ਮੈਂਬਰ ਵੀ ਇਹੀ ਮਹਿਸੂਸ ਕਰ ਰਹੇ ਹਨ। ਜੇਕਰ ਕਾਂਗਰਸ ਹਾਈ ਕਮਾਂਡ ਨੇ ਹੁਣੇ ਤੋਂ ਹੀ ਇਹ ਘਮਾਸਾਨ ਨਾ ਰੋਕਿਆ ਤਾਂ ਇਸ ਨੂੰ ਪੰਜਾਬ ’ਚ ਸ਼ੁਰੂ ਹੋਏ ਘਮਸਾਨਪੁਰ ਦਾ ਖਮਿਆਜ਼ਾ ਭੁਗਤਣਾ ਪਵੇਗਾ। .ਕੇਂਦਰੀ ਹਾਈ ਕਮਾਨ ਹਮੇਸ਼ਾ ਕਿਸੇ ਵੀ ਰਾਜ ਵਿੱਚ ਪੈਦਾ ਹੋਣ ਵਾਲੇ ਕਿਸੇ ਵੀ ਵਿਵਾਦ ਨੂੰ ਸ਼ੁਰੂ ਵਿੱਚ ਹੀ ਨਜਿੱਠਣ ਦੀ ਕੋਸ਼ਿਸ਼ ਨਹੀਂ ਕਰਦੀ ਅਤੇ ਜਦੋਂ ਇਹ ਵਿਵਾਦ ਵਧਦਾ ਹੈ ਤਾਂ ਪਾਰਟੀ ਨੂੰ ਨੁਕਸਾਨ ਹੋਣ ਦੀ ਸੂਰਤ ਵਿੱਚ ਕੇਂਦਰ ਹਾਈਕਮਾਂਡ ਜਾਗਦੀ ਹੈ ਤਾਂ ਉਸ ਸਮੇਂ ਦੇਰ ਹੋ ਚੁੱਕੀ ਹੁੰਦੀ ਹੈ। ਕਾਂਗਰਸ ਹਾਈ ਕਮਾਂਡ ਨੂੰ ਹੁਣ ਤੋਂ ਹੀ ਪੰਜਾਬ ਵਿੱਚ ਦਖਲ ਦੇਣਾ ਚਾਹੀਦਾ ਹੈ, ਜਦੋਂ ਤੱਕ ਇੰਡੀਆ ਗਠਜੋੜ ਦਾ ਕੋਈ ਫੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ’ਤੇ ਪਾਬੰਦੀ ਹੋਣੀ ਚਾਹੀਦੀ ਹੈ। ਇਥੇ ਇੱਕ ਗੱਲ ਹੋਰ ਵੀ ਸਪੱਸ਼ਟ ਹੋ ਜਾਂਦੀ ਹੈ ਜਿਹੜੇ ਨੇਤਾ ਕਹਿੰਦੇ ਹਨ ਕਿ ਉਹ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਹੋਣ ਦੀ ਸੂਰਤ ਵਿੱਚ ਘਰ ਬੈਠ ਜਾਣਗੇ। ਇਹ ਕੋਈ ਸੌਖੀ ਗੱਲ ਨਹੀਂ। ਸੱਤਾ ਦਾ ਲਾਲਚ ਕਿਸੇ ਨੇ ਵੀ ਨਹੀਂ ਤਿਆਗਿਆ। ਜਦੋਂ ਛੱਡ ਕੇ ਪਾਸੇ ਬੈਠਣ ਦੀ ਵਾਰੀ ਆਏਗੀ ਤਾਂ ਸਭ ਕਬੂਲ ਕਰਨਗੇ, ਕੋਈ ਵੀ ਘਰ ਬੈਠਣ ਵਾਲਾ ਨਹੀਂ ਹੈ। ਹਾਂ ! ਇਥੇ ਇਕ ਗੱਲ ਜਰੂਰ ਦੇਖਣ ਨੂੰ ਮਿਲ ਰਹੀ ਹੈ ਕਿ ਲੋਕ ਸਭਾ ਚੋਣਾਂ ਵਿਚ ਜੇਕਰ ਆਪ ਅਤੇ ਾਕੰਗਰਸ ਦਾ ਗਠਜੋੜ ਹੋ ਜਾਂਦਾ ਹੈ ਤਾਂ ਇਹ ਮੌਜੂਦਾ ਲੀਡਰਸ਼ਿਪ ਜੋ ਹਰ ਫਰੰਟ ਤੇ ਆਪ ਸਰਕਾਰ ਨੂੰ ਘੇਰ ਰਹੀ ਹੈ ਅਤੇ ਹੁਣ ਇੰਡੀਆ ਗਠਜੋੜ ਦਾ ਫੈਸਲਾ ਲੱਗ ਭਗ ਤੈਅ ਹੋਣ ਦੇ ਬਾਵਜੂਦ ਵੀ ਸਰਕਾਰ ਖਿਲਾਫ ਪੰਜਾਬ ਭਰ ਵਿਚ ਧਰਨੇ ਪ੍ਰਦਰਸ਼ਨ ਕਰ ਰਹੀ ਹੈ, ਉਹ ਲੀਡਰਸ਼ਿਪ ਗਠਜੋੜ ਹੋਣ ਦੀ ਸੂਰਤ ਵਿਚ ਕਿਸ ਤਰ੍ਹਾਂ ਆਪ ਲਈ ਵੋਟ ਮੰਗੇਗੀ , ਇਹ ਦੁਬਿਧਾ ਜਰੂਰ ਸਾਹਮਣੇ ਖੜੀ ਹੈ। ਇਸ ਲਈ ਜੇਕਰ ਭਵਿੱਖ ਵਿਚ ਕੇਂਦਰੀ ਹਾਈ ਕਮਾਂਡ ਨੂੰ ਇਹ ਲੱਗਦਾ ਹੈ ਕਿ ਇੰਡੀਆ ਗਠਜੋੜ ਤੱਹਤ ਉਨ੍ਹਾਂ ਨੂੰ ਪੰਜਾਬ ਵਿਚ ਸਮਝੌਤੇ ਤਹਿਤ ਚੋਣ ਲੜਣੀ ਪਏਗੀ ਤਾਂ ਉਸਨੂੰ ਆਪਣੀ ਪੰਜਾਬ ਦੀ ਲੀਡਰਸ਼ਿਪ ਨੂੰ ਦਿਸ਼ਾ ਨਿਰਦੇਸ਼ ਦੇਣੇ ਚਾਹੀਦੇ ਹਨ ਅਤੇ ਪੰਜਾਬ ਦੀ ਲੀਡਰਸ਼ਿਪ ਨੂੰ ਵੀ ਥੋੜਾ ਨਿਮਰਤਾ ਨਾਲ ਕੰਮ ਲੈਣਾ ਚਾਹੀਦਾ ਹੈ ਕਿਉਂਕਿ ਸਿਆਣੇ ਕਹਿੰਦੇ ਹਨ ਕਿ ‘‘ ਵਿਰੋਧ ਇਸ ਹੱਦ ਤੱਕ ਹੀ ਕੀਤਾ ਜਾਵੇ ਤਿ ਜੇਕਰ ਭਵਿੱਖ ਵਿਚ ਮਿਲਣ ਦੀ ਵਾਰੀ ਆਏ ਤਾਂ ਇਕ ਦੂਸਰੇ ਤੋਂ ਸ਼ਰਮਿੰਦਾ ਨਾ ਹੋਣਾ ਪਏ ।’’
ਹਰਵਿੰਦਰ ਸਿੰਘ ਸੱਗੂ।