ਗੁਰਦਾਸਪੁਰ, 2 ਜੂਨ (ਅਸ਼ਵਨੀ ਕੁਮਾਰ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਦੇ ਪਿੰਡਾਂ ਵਿੱਚ ਉਨ੍ਹਾਂ ਨੂੰ ਸਮਰਪਿਤ ਬਣਾਏ ਜਾ ਰਹੇ ਖੇਡ ਮੈਦਾਨਾਂ ਨੂੰ ਅਗਲੇ ਮਹੀਨੇ 31 ਜੁਲਾਈ ਤੱਕ ਮੁਕੰਮਲ ਕੀਤਾ ਜਾਵੇ।ਅੱਜ ਸਥਾਨਕ ਪੰਚਾਇਤ ਭਵਨ ਵਿਖੇ ਪੰਚਾਇਤ ਵਿਭਾਗ, ਖੇਡ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਮੈਦਾਨ ਨੂੰ ਪਹਿਲ ਦੇ ਅਧਾਰ `ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਜ਼ਿਲ੍ਹੇ ਦੇ 13 ਖਿਡਾਰੀਆਂ ਨੇ ਉਲੰਪਿਕ ਖੇਡਾਂ ਵਿੱਚ ਭਾਗ ਲਿਆ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਵਿੱਚ ਪਿੰਡ ਮੀਕੇ ਨਾਲ ਸਬੰਧਤ ਹਾਕੀ ਖਿਡਾਰੀ ਰਮਨਦੀਪ ਸਿੰਘ, ਪਿੰਡ ਮਸਾਣੀਆਂ ਦੇ ਹਾਕੀ ਖਿਡਾਰੀ ਪ੍ਰਭਜੋਤ ਸਿੰਘ, ਪਿੰਡ ਚਾਹਲ ਕਲਾਂ ਦੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ, ਪਿੰਡ ਕੋਠੇ ਘੁਰਾਲਾ ਦੇ ਜੁਡੋ ਖਿਡਾਰੀ ਅਵਤਾਰ ਸਿੰਘ, ਪਿੰਡ ਹਵੇਲੀ ਚੋਬਦਾਰ ਦੀ ਅਥਲੀਟ ਮਨਜੀਤ ਕੌਰ,ਪਿੰਡ ਮਰੜ ਦੇ ਹਾਕੀ ਖਿਡਾਰੀ ਸਰਵਣਜੀਤ ਸਿੰਘ ਅਤੇ ਬ੍ਰਿਗੇਡੀਅਰ ਹਰਚਰਨ ਸਿੰਘ ਬੋਪਾਰਾਏ, ਪਿੰਡ ਦਾਖਲਾ ਦੇ ਹਾਕੀ ਖਿਡਾਰੀ ਸਵਰਗਵਾਸੀ ਸੁਰਜੀਤ ਸਿੰਘ ਰੰਧਾਵਾ, ਉਮਰਪੁਰਾ (ਬਟਾਲਾ) ਦੇ ਬਾਸਕਿਟਬਾਲ ਖਿਡਾਰੀ ਪਰਮਦੀਪ ਸਿੰਘ ਤੇਜਾ, ਬਟਾਲਾ ਦੇ ਹਾਕੀ ਖਿਡਾਰੀ ਸੁਖਜੀਤ ਸਿੰਘ ਚੀਮਾ, ਬਟਾਲਾ ਦੇ ਹਾਕੀ ਖਿਡਾਰੀ ਮੁਖਬੈਨ ਸਿੰਘ, ਪਿੰਡ ਘੁਰਾਲਾ ਦੇ ਸ਼ਾਟਪੁੱਟ ਅਥਲੀਟ ਬਲਵਿੰਦਰ ਸਿੰਘ ਧਾਲੀਵਾਲ ਅਤੇ ਪਿੰਡ ਕੰਡੀਲਾ ਦੇ ਹਾਈਜੰਪ ਅਥਲੀਟ ਅਜੀਤ ਸਿੰਘ ਭੁੱਲਰ ਦੇ ਨਾਮ ਸ਼ਾਮਲ ਹਨ।ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਜ਼ਿਲ੍ਹੇ ਦੇ ਉਲੰਪੀਅਨ ਖਿਡਾਰੀਆਂ ਨੂੰ ਸਮਰਪਿਤ ਬਣਨ ਵਾਲੇ ਇਨ੍ਹਾਂ ਖੇਡ ਮੈਦਾਨਾਂ ਵਿੱਚ ਵਿਸ਼ੇਸ਼ ਖੇਡ ਮੁਕਾਬਲੇ ਕਰਵਾਏ ਜਾਣਗੇ। ਇਸਤੋਂ ਇਲਾਵਾ ਜਿਨ੍ਹਾਂ ਉਲੰਪਿਕ ਖਿਡਾਰੀਆਂ ਦੇ ਪਿੰਡਾਂ ਵਿੱਚ ਪਹਿਲਾਂ ਹੀ ਖੇਡ ਮੈਦਾਨ ਮੌਜੂਦ ਹਨ ਜਾਂ ਨਵੇਂ ਖੇਡ ਮੈਦਾਨ ਬਣਾਉਣ ਲਈ ਜ਼ਮੀਨ ਉਪਲੱਬਧ ਨਹੀਂ ਹੈ ਉਨ੍ਹਾਂ ਪਿੰਡਾਂ ਵਿੱਚ ਉੁਲੰਪੀਅਨ ਦੀ ਯਾਦ ਵਿੱਚ ਖੇਡ ਟੂਰਨਾਮੈਂਟ ਅਤੇ ਸਕਾਲਰਸ਼ਿਪ ਸਕੀਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਉਲੰਪੀਅਨ ਖਿਡਾਰੀਆਂ ਤੋਂ ਪ੍ਰੇਰਨਾ ਲੈ ਕੇ ਖੇਡਾਂ ਦੇ ਖੇਤਰ ਵਿੱਚ ਅੱਗੇ ਵੱਧਣਗੇ।ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਮਨਮੋਹਨ ਸਿੰਘ,ਸਹਾਇਕ ਕਮਿਸ਼ਨਰ (ਜ) ਸਚਿਨ ਪਾਠਕ, ਡੀ.ਡੀ.ਪੀ.ਓ. ਸਤੀਸ਼ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।