ਜਗਰਾਉਂ, 1 ਜੁਲਾਈ ( ਭਗਵਾਨ ਭੰਗੂ – ਰੋਹਿਤ ਗੋਇਲ – ਮੋਹਿਤ ਜੈਨ)-ਜਾਗਰੂਕਤਾ ਫੂਡ ਸੇਫਟੀ ਵੈਨ ਸਿਵਲ ਸਰਜਨ ਡਾ. ਹਤਿੰਦਰ ਕੌਰ ਦੇ ਨਿਰਦੇਸ਼ਾਂ ’ਤੇ ਡਾ: ਰਿਪੁਦਮਨ ਕੌਰ ਡੀ.ਐੱਚ.ਓ ਦੀ ਅਗਵਾਈ ’ਚ ਜਗਰਾਉਂ ਪਹੁੰਚੀ ਅਤੇ ਟੀਮ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਸ਼ੁੱਧ ਅਤੇ ਸਿਹਤਮੰਦ ਭੋਜਨ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਰਾਉਂ ਦੇ ਝਾਂਸੀ ਰਾਣੀ ਚੌਕ, ਕਮਲ ਚੌਕ ਅਤੇ ਪੁਰਾਣੀ ਦਾਣਾ ਮੰਡੀ ਚੌਕ ਵਿੱਚ ਪਹੁੰਚ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਡਾ: ਰਿਪੁਦਮਨ ਕੌਰ ਨੇ ਕਿਹਾ ਕਿ ਜੇਕਰ ਸ਼ੁੱਧ ਅਤੇ ਸਿਹਤਮੰਦ ਭੋਜਨ ਖਾਧਾ ਜਾਵੇ ਤਾਂ ਮਨ ਅਤੇ ਸਰੀਰ ਦੋਵੇਂ ਤੰਦਰੁਸਤ ਰਹਿੰਦੇ ਹਨ। ਉਨ੍ਹਾਂ ਜੰਕ ਫੂਡ ਖਾਣ ਤੋਂ ਬਚਣ ਲਈ ਕਿਹਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੀ ਵੈਨ ਵਿੱਚ ਦੁੱਧ ਵਿੱਚ ਕਿੰਨਾ ਪਾਣੀ ਜਾਂ ਕੋਈ ਹੋਰ ਚੀਜ਼ ਮਿਲਾਈ ਗਈ ਹੈ, ਵਰਤਿਆ ਗਿਆ ਤੇਲ ਖਾਣ ਯੋਗ ਹੈ ਜਾਂ ਨਹੀਂ, ਚਾਹ ਪੱਤੀ, ਮਿਰਚਾਂ ਅਤੇ ਹਲਦੀ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦੀ ਜਾਂਚ ਕਰਨ ਦੀ ਸਹੂਲਤ ਹੈ। ਜਿਸ ਦਾ ਟੈਸਟ ਕਰਵਾ ਕੇ ਰਿਪੋਰਟ ਮੌਕੇ ’ਤੇ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡਾ ਕੰਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਗਰੂਕ ਕਰਨਾ ਹੈ ਤਾਂ ਜੋ ਹਰ ਕੋਈ ਸ਼ੁੱਧ ਭੋਜਨ ਖਾਵੇ ਅਤੇ ਦੁਕਾਨਦਾਰ ਸ਼ੁੱਧ ਹੀ ਵੇਚਣ। ਸਾਡੇ ਕੋਲ ਸਿਰਫ ਦੁਕਾਨਦਾਰ ਹੀ ਨਹੀਂ ਬਲਕਿ ਕੋਈ ਵੀ ਵਿਅਕਤੀ ਆਪਣੇ ਘਰੋਂ ਵੀ ਅਜਿਹੀਆਂ ਵਸਤੂਆਂ ਦੀ ਜਾਂਚ ਕਰਵਾ ਸਕਦਾ ਹੈ। ਇਸ ਮੌਕੇ ਟੀਮ ਵੱਲੋਂ ਕੁੱਲ 10 ਸੈਂਪਲ ਲਏ ਗਏ ਜਿਨ੍ਹਾਂ ਵਿੱਚੋਂ ਤਿੰਨ ਸੈਂਪਲ ਫੇਲ੍ਹ ਪਾਏ ਗਏ। ਜਿਨ੍ਹਾਂ ਨੂੰ ਨਸ਼ਟ ਕਰਨ ਲਈ ਕਿਹਾ ਗਿਆ। ਇਸ ਮੌਕੇ ਡਾ: ਰਿਪੁਦਮਨ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਦੀਆਂ ਹਦਾਇਤਾਂ ’ਤੇ ਸਾਡੀ ਟੀਮ ਰੋਜ਼ਾਨਾ ਵੱਖ-ਵੱਖ ਸ਼ਹਿਰਾਂ ’ਚ ਜਾ ਕੇ ਫੂਡ ਸੇਫਟੀ ਸੰਬੰਧੀ ਜਾਗਰੂਕ ਕਰਦੀ ਹੈ।