ਬਟਾਲਾ (ਬੋਬੀ ਸਹਿਜਲ) ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜੀਆਂ ‘ਚ ਐਤਵਾਰ ਸਵੇਰ ਉਸ ਵੇਲੇ ਸਨਸਨੀ ਫੈਲ ਗਈ ਜਦ ਪਿੰਡ ਦੇ ਹੀ ਇਕ ਵਿਅਕਤੀ ਦੀ ਲਾਸ਼ ਸੁੰਨਸਾਨ ਜਗ੍ਹਾ ‘ਤੇ ਮਿਲੀ। ਮ੍ਰਿਤਕ ਵਿਅਕਤੀ ਦੇ ਦੋਵੇਂ ਹੱਥ-ਪੈਰ ਵਢੇ ਹੋਏ ਸਨ ਜਿਸਦੀ ਪਛਾਣ ਪੂਰਨ ਚੰਦ (60) ਪੁੱਤਰ ਅਮਰ ਨਾਥ ਵਾਸੀ ਖੋਖਰ ਫੌਜੀਆਂ ਵਜੋਂ ਹੋਈ ਹੈ। ਥਾਣਾ ਸਦਰ ਦੀ ਪੁਲਿਸ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਨੇ ਜਦ ਸਵੇਰੇ ਦੇਖਿਆ ਤਾਂ ਲਾਸ਼ ਸੜਕ ਕਿਨਾਰੇ ਬੁਰੀ ਹਾਲਤ ‘ਚ ਸੀ ।
ਮ੍ਰਿਤਕ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਤੇ ਹੱਥ-ਪੈਰ ਵੀ ਵੱਢੇ ਹੋਏ ਸਨ। ਪਿੰਡ ਵਾਸੀਆਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਜਿਸ ਦੇ ਚਲਦੇ ਪੁਲਿਸ ਦੇ ਆਹਲਾ ਅਧਿਕਾਰੀ ਪੁਲਿਸ ਪਾਰਟੀ ਨਾਲ ਪਹੁੰਚੇ ਤੇ ਜਾਂਚ ਕੀਤੀ ਜਾ ਰਹੀ ਹੈ। ਉੱਧਰ ਬਟਾਲਾ ਪੁਲਿਸ ਦੇ ਡੀਐੱਸਪੀ ਸਰਵਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਟਾਲਾ ‘ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਦੇ ਸਰੀਰ, ਸਿਰ ਅਤੇ ਗਰਦਨ ‘ਤੇ ਕੱਟ ਦੇ ਨਿਸ਼ਾਨ ਵੀ ਸਨ। ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਤੋਂ ਕਤਲ ਦੇ ਨਿਸ਼ਾਨ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਪੂਰਨ ਚੰਦ ਇਕ ਫ਼ਕਰ ਕਿਸਮ ਦਾ ਵਿਅਕਤੀ ਸੀ ਅਤੇ ਉਸਦਾ ਕਿਸੇ ਨਾਲ ਕੋਈ ਵੈਰ- ਵਿਰੋਧ ਵੀ ਨਹੀਂ ਸੀ।