- ਪੀ ਐਮ ਵਿਸ਼ਵਕਰਮਾ ਸ਼੍ਰਮ ਸਮਾਨ ਯੋਜਨਾ ਦੇ ਉਦਘਾਟਨੀ ਸਮਾਗਮ ਦਾ ਬਣਨਗੇ ਹਿੱਸਾ
ਮੋਗਾ, 16 ਸਤੰਬਰ ( ਰਾਜਨ ਜੈਨ ) – ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਮਿਤੀ 17 ਸਤੰਬਰ ਦਿਨ ਐਤਵਾਰ ਨੂੰ ਜਨਮ ਦਿਨ ਹੈ। ਇਸ ਦਿਨ ਭਾਰਤ ਸਰਕਾਰ ਵੱਲੋਂ ਦੇਸ਼ ਦੇ ਲੱਖਾਂ ਹਸਤ ਕਲਾਕਾਰਾਂ ਲਈ ‘ ਪੀ ਐਮ ਵਿਸ਼ਵਕਰਮਾ ਸ਼੍ਰਮ ਸਮਾਨ ਯੋਜਨਾ ‘ ਸ਼ੁਰੂ ਕੀਤੀ ਜਾ ਰਹੀ ਹੈ। ਇਸ ਸਬੰਧੀ ਨਵੀਂ ਦਿੱਲੀ ਵਿਖੇ ਰੱਖੇ ਇਕ ਵਿਸ਼ੇਸ਼ ਸਮਾਗਮ ਵਿੱਚ ਦੇਸ਼ ਭਰ ਦੇ ਹਜ਼ਾਰਾਂ ਹਸਤ ਕਲਾਕਾਰ ਸ਼ਿਰਕਤ ਕਰਨ ਲਈ ਪਹੁੰਚ ਰਹੇ ਹਨ। ਇਹਨਾਂ ਕਲਾਕਾਰਾਂ ਵਿੱਚ ਜ਼ਿਲ੍ਹਾ ਮੋਗਾ ਦੇ ਵੀ 45 ਤੋਂ ਵਧੇਰੇ ਕਲਾਕਾਰ ਸ਼ਾਮਿਲ ਹੋਣਗੇ।
ਇਹਨਾਂ ਕਲਾਕਾਰਾਂ ਦੇ ਰਵਾਨਾ ਹੋਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਇਹ ਕਲਾਕਾਰ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੇ ਨਾਲ ਨਾਲ ਹੋਰ ਕਈ ਸਥਾਨਾਂ ਦਾ ਵੀ ਦੌਰਾ ਕਰਨਗੇ। ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜ਼ਿਲ੍ਹਾ ਮੋਗਾ ਤੋਂ ਕੁੱਲ 60 ਕਲਾਕਾਰਾਂ ਨੇ ਜਾਣਾ ਸੀ ਪਰ ਨਿੱਜੀ ਕਾਰਨਾਂ ਕਰਕੇ ਕੁਝ ਕਲਾਕਾਰ ਜਾ ਨਹੀਂ ਸਕੇ। ਇਸ ਸਮਾਗਮ ਦਾ ਸਿੱਧਾ ਪ੍ਰਸਾਰਨ ਲੁਧਿਆਣਾ, ਅੰਮ੍ਰਿਤਸਰ ਅਤੇ ਮੋਹਾਲੀ ਵਿਖੇ ਵੀ ਦਿਖਾਇਆ ਜਾਵੇਗਾ। ਜ਼ਿਲ੍ਹਾ ਮੋਗਾ ਤੋਂ ਲੁਧਿਆਣਾ ਲਈ ਵੀ ਚਾਰ ਬੱਸਾਂ ਭਰ ਕੇ ਜਾਣਗੀਆਂ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਹਸਤ ਕਲਾਕਾਰਾਂ ਨੂੰ ਇਕ ਪੋਰਟਲ ਉੱਤੇ ਰਜਿਸਟਰ ਕਰਵਾਉਣਾ ਹੋਵੇਗਾ। ਇਹ ਪੋਰਟਲ ਪ੍ਰਧਾਨ ਮੰਤਰੀ 17 ਸਤੰਬਰ ਨੂੰ ਜਾਰੀ ਕਰਨਗੇ। ਰਜਿਸਟਰੇਸ਼ਨ ਦਾ ਕੰਮ ਜ਼ਿਲ੍ਹਾ ਮੋਗਾ ਵਿੱਚ ਚੱਲ ਰਹੇ 300 ਤੋਂ ਵਧੇਰੇ ਕਾਮਨ ਸਰਵਿਸ ਸੈਂਟਰਾਂ ਉੱਤੇ ਹੋਵੇਗਾ। ਰਜਿਸਟਰੇਸ਼ਨ ਦਾ ਇਹ ਡਾਟਾ ਜ਼ਿਲ੍ਹਾ ਉਦਯੋਗ ਕੇਂਦਰ ਵਿੱਚ ਇਕੱਠਾ ਹੋਵੇਗਾ। ਰਜਿਸਟਰੇਸ਼ਨ ਲਈ 18 ਕੈਟੇਗਰੀਆਂ ਰੱਖੀਆਂ ਗਈਆਂ ਹਨ। ਯੋਗ ਕਲਾਕਾਰਾਂ ਨੂੰ ਕੇਂਦਰ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ ਅਤੇ ਟੂਲ ਕਿੱਟ ਖਰੀਦਣ ਲਈ 15 ਹਜ਼ਾਰ ਰੁਪਏ ਦਾ ਵਾਉਚਰ ਦਿੱਤਾ ਜਾਵੇਗਾ। ਇਸ ਉਪਰੰਤ ਉਹਨਾਂ ਨੂੰ ਬਿਨਾ ਕਿਸੇ ਫੀਸ ਤੋਂ ਇਕ ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇਗਾ, ਜਿਸ ਉੱਤੇ ਮਹਿਜ਼ 5 ਫੀਸਦੀ ਦਰ ਨਾਲ ਵਿਆਜ਼ ਲੱਗੇਗਾ। ਨਿਰਧਾਰਤ 18 ਮਹੀਨੇ ਵਿੱਚ ਇਹ ਕਰਜ਼ਾ ਲਾਹੁਣ ਵਾਲੇ ਹਸਤ ਕਲਾਕਾਰਾਂ ਨੂੰ ਨਵੇਂ ਸਿਰੇ ਤੋਂ 2 ਲੱਖ ਰੁਪਏ ਕਰਜ਼ਾ ਮਿਲਣਯੋਗ ਹੋਵੇਗਾ। ਜਿਸ ਨਾਲ ਉਹ ਆਪਣਾ ਕੰਮ ਹੋਰ ਵਧਾ ਸਕਣਗੇ। ਇਹ ਸਕੀਮ ਹਸਤ ਕਲਾਕਾਰਾਂ ਦੇ ਆਰਥਿਕ ਅਤੇ ਸਮਾਜਿਕ ਉਥਾਨ ਵਿੱਚ ਅਹਿਮ ਭੂਮਿਕਾ ਅਦਾ ਕਰੇਗੀ। ਉਹਨਾਂ ਜ਼ਿਲ੍ਹਾ ਮੋਗਾ ਦੇ ਹਸਤ ਕਲਾਕਾਰਾਂ ਨੂੰ ਇਸ ਸਕੀਮ ਦਾ ਲਾਭ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਹਾਜ਼ਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਜਨਰਲ ਮੈਨੇਜਰ ਸੁਖਮਿੰਦਰ ਸਿੰਘ ਰੇਖੀ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਪੂਰੇ ਪੰਜਾਬ ਤੋਂ ਜੇਕਰ 75 ਹਸਤ ਕਲਾਕਾਰ ਦਿੱਲੀ ਭੇਜਣ ਲਈ ਚੁਣੇ ਗਏ ਹਨ ਤਾਂ ਉਹਨਾਂ ਵਿਚੋਂ 45 ਇਕੱਲੇ ਜ਼ਿਲ੍ਹਾ ਮੋਗਾ ਤੋਂ ਹੀ ਹਨ। ਉਹਨਾਂ ਕਿਹਾ ਕਿ ਜ਼ਿਲ੍ਹਾ ਮੋਗਾ ਲਈ ਇਹ ਵੀ ਮਾਣ ਵਾਲੀ ਗੱਲ ਹੈ ਕਿ ਇਥੇ ਹਸਤ ਕਲਾਕਾਰਾਂ ਦੀ ਬਹੁਤਾਤ ਹੈ। ਜਿਸ ਕਰਕੇ ਜ਼ਿਲ੍ਹਾ ਮੋਗਾ ਦਾ ਨਾਮ ਭਵਿੱਖ ਵਿੱਚ ਦੇਸ਼ ਵਿਦੇਸ਼ ਵਿੱਚ ਪੂਰੀ ਤਰ੍ਹਾਂ ਚਮਕੇਗਾ। ਉਹਨਾਂ ਕਿਹਾ ਕਿ ਜ਼ਿਲ੍ਹਾ ਉਦਯੋਗ ਕੇਂਦਰ ਇਹਨਾਂ ਸਾਰੇ ਹਸਤ ਕਲਾਕਾਰਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਦਿਵਾਉਣ ਲਈ ਤਤਪਰ ਹੈ। ਉਹਨਾਂ ਕਿਹਾ ਕਿ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅਨੀਤਾ ਦਰਸ਼ੀ ਦੀ ਅਗਵਾਈ ਵਿੱਚ ਐਨ ਆਰ ਐਲ ਐਮ, ਐਸ ਆਰ ਐਲ ਐਮ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਇਸ ਦਿਸ਼ਾ ਵਿੱਚ ਲਗਾਤਾਰ ਯਤਨਸ਼ੀਲ ਹੈ।