ਨਵੀਂ ਦਿੱਲੀ- ( ਬਿਊਰੋ)-ਭਾਰਤ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ XE ਦਾ ਇੱਕ ਹੋਰ ਮਰੀਜ਼ ਮਿਲਿਆ ਹੈ।ਇਹ ਨਵਾਂ ਮਾਮਲਾ ਗੁਜਰਾਤ ਵਿੱਚ ਸਾਹਮਣੇ ਆਇਆ ਹੈ।ਸਿਹਤ ਮੰਤਰਾਲੇ ਦੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਫਿਲਹਾਲ ਸੰਕਰਮਿਤ ਮਰੀਜ਼ ਦੀ ਸਥਿਤੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਹ ਮਰੀਜ਼ ਵਡੋਦਰਾ ਦੇ ਗੋਤਰੀ ਇਲਾਕੇ ਦਾ ਰਹਿਣ ਵਾਲਾ ਹੈ। ਇਸ 60 ਸਾਲਾ ਵਿਅਕਤੀ ਦਾ ਕਰੋਨਾ ਟੈਸਟ 11 ਮਾਰਚ ਨੂੰ ਪਾਜ਼ੀਟਿਵ ਆਇਆ ਸੀ। ਇਸ ਤੋਂ ਬਾਅਦ ਉਸ ਦਾ ਸੈਂਪਲ ਜੀਨੋਮ ਸੀਕਵੈਂਸਿੰਗ ਲਈ ਭੇਜਿਆ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹਨਾਂ ਵਿੱਚ XE ਵੇਰੀਐਂਟ ਦੇ ਹਿੱਸੇ ਸਨ। ਸੂਤਰਾਂ ਮੁਤਾਬਕ ਇਸ ਵਿਅਕਤੀ ਨੇ ਸੂਬੇ ਤੋਂ ਬਾਹਰ ਦੀ ਯਾਤਰਾ ਕੀਤੀ ਹੈ ਜਾਂ ਨਹੀਂ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।ਦੇਸ਼ ਵਿੱਚ XE ਵੇਰੀਐਂਟ ਦਾ ਪਹਿਲਾ ਮਾਮਲਾ ਮੁੰਬਈ ਵਿੱਚ ਮਿਲਿਆ ਸੀ। ਯਾਨੀ ਹੁਣ ਭਾਰਤ ਵਿੱਚ XE ਦੇ ਦੋ ਮਾਮਲੇ ਸਾਹਮਣੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਚੀਨ ਵਿੱਚ ਇਸ ਨਵੇਂ ਵੇਰੀਐਂਟ ਕਾਰਨ ਕੋਰੋਨਾ ਦੀ ਨਵੀਂ ਲਹਿਰ ਆ ਗਈ ਹੈ।WHO ਦੇ ਅਨੁਸਾਰ,ਇਸ ਵੇਰੀਐਂਟ ਦਾ ਪਹਿਲਾ ਮਾਮਲਾ 19 ਜਨਵਰੀ ਨੂੰ ਬ੍ਰਿਟੇਨ ਵਿੱਚ ਪਾਇਆ ਗਿਆ ਸੀ।ਮੁੰਬਈ ਦੀ ਇੱਕ 50 ਸਾਲਾ ਔਰਤ ਇਸ ਨਵੇਂ ਵੈਰੀਐਂਟ ਨਾਲ ਸੰਕਰਮਿਤ ਸੀ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਇਸ ਔਰਤ ਵਿੱਚ ਕਰੋਨਾ ਦੇ ਕੋਈ ਲੱਛਣ ਨਹੀਂ ਸਨ। ਉਹ 10 ਫਰਵਰੀ ਨੂੰ ਦੱਖਣੀ ਅਫਰੀਕਾ ਤੋਂ ਵਾਪਸ ਆਈ ਸੀ। ਸੀਰੋ ਸਰਵੇਖਣ ਦੇ ਅਨੁਸਾਰ, ਮੁੰਬਈ ਤੋਂ ਭੇਜੇ ਗਏ 230 ਨਮੂਨਿਆਂ ਵਿੱਚੋਂ 228 ਓਮਿਕਰੋਨ, ਇੱਕ ਕਪਾ ਅਤੇ ਇੱਕ ਐਕਸਈ ਵੇਰੀਐਂਟ ਦਾ ਸੀ। ਭਾਰਤੀ SARS-CoV-2 ਜੀਨੋਮਿਕਸ ਕੰਸੋਰਟੀਅਮ (INSACOG) ਦੇ ਮਾਹਿਰ ਕੋਰੋਨਾ ਦੇ ਇਸ ਨਵੇਂ ਰੂਪ ਦਾ ਪਤਾ ਲਗਾਉਣ ਲਈ ਨਮੂਨੇ ਦੇ ਜੀਨੋਮ ਨੂੰ ਲਗਾਤਾਰ ਕ੍ਰਮਬੱਧ ਕਰ ਰਹੇ ਹਨ।
