ਮਾਲੇਰਕੋਟਲਾ 5 ਮਈ ( ਬੌਬੀ ਸਹਿਜਲ, ਧਰਮਿੰਦਰ)-ਜ਼ਿਲ੍ਹਾ ਪ੍ਰਸ਼ਾਸਨ ਆਮ ਜਨਤਾ ਨੂੰ ਸ਼ੁੱਧ ਖਾਧ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ।ਲੋਕਾਂ ਦੀ ਸਿਹਤ ਨਾਲ ਖਿਲਵਾੜ ਬਰਦਾਸ਼ਤ ਯੋਗ ਨਹੀਂ ਹੈ ਅਤੇ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਉਲੀਕੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਨੇ ‘ਸੇਫ਼ ਫੂਡ ਐਂਡ ਹੈਲਦੀ ਡਾਇਟਜ਼’ ਦੀ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤੇ । ਇਸ ਮੀਟਿੰਗ ਵਿਚ ਵੱਖ ਵੱਖ ਵਿਭਾਗਾਂ ਦੇ ਨੁਮਾਇੰਦਿਆਂ ਅਤੇ ਖਾਣ ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲੀਆਂ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਭਾਗ ਲਿਆ ਗਿਆ ।ਉਨ੍ਹਾਂ ਦੱਸਿਆ ਕਿ ਫੂਡ ਸੇਫ਼ਟੀ ਅਧੀਨ ਖਾਣ-ਪੀਣ ਵਾਲੀਆਂ ਵਸਤੂਆਂ ਦਾ ਵਪਾਰ ਕਰਨ ਵਾਲਿਆਂ ਨੂੰ ਫੂਡ ਸੇਫ਼ਟੀ ਲਾਇਸੈਂਸ ਲੈਣਾ ਅਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੈ ਸਰਕਾਰ ਵੱਲੋਂ ਚਲਾਏ ਜਾ ਰਹੇ ਆਨਲਾਈਨ ਐੱਫ਼.ਐੱਸ.ਐੱਸ.ਏ.ਆਈ ਦੇ ਪੋਰਟਲ ਤੇ ਜਾ ਕੇ ਕੋਈ ਵੀ ਵਿਅਕਤੀ ਖ਼ੁਦ ਰਜਿਸਟ੍ਰੇਸ਼ਨ ਲਈ ਅਪਲਾਈ ਕਰ ਸਕਦਾ ਹੈ ਅਤੇ ਅਪਲਾਈ ਕਰਨ ਉਪਰੰਤ ਦੋ ਦਿਨਾਂ ਦੇ ਅੰਦਰ-ਅੰਦਰ ਉਸ ਨੂੰ ਉਸ ਦੇ ਮੋਬਾਇਲ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਹੋ ਜਾਵੇਗਾ।ਉਨ੍ਹਾਂ ਨੇ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਸਿਹਤ ਸੁਰੱਖਿਆ ਲਈ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਜੇਕਰ ਕੋਈ ਵੀ ਦੁਕਾਨਦਾਰ ਖਾਣ-ਪੀਣ ਦੀਆਂ ਵਸਤਾਂ ਵਿੱਚ ਮਿਲਾਵਟ ਕਰਦਾ ਜਾਂ ਲੋਕਾਂ ਦੀ ਸਿਹਤ ਨੂੰ ਖ਼ਤਰੇ ਵਿੱਚ ਪਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ । ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖਾਣ ਪੀਣ ਵਾਲੀਆ ਵਸਤਾਂ ਦੀ ਵਿਕਰੀ ਅਤੇ ਉਤਪਾਦ ਕਰ ਰਹੇ ਅਦਾਰਿਆਂ ਦੀ ਚੈਕਿੰਗ ਵਧਾਉਣ ਅਤੇ ਫੂਡ ਸਪੈਲਿੰਗ ਵਧਾਉਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ । ਉਨ੍ਹਾਂ ਸਾਰੇ ਫੂਡ ਵਿਕਰੇਤਾ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੂਡ ਤਿਆਰ ਕਰਨ ਵਾਲੇ ਮਾਲਕ ਜਾਂ ਮੁਲਾਜ਼ਮਾਂ ਨੂੰ ਇਹ ਟ੍ਰੇਨਿੰਗ ਜ਼ਰੂਰ ਕਰਵਾਉਣ।ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਫੂਡ ਸ੍ਰੀਮਤੀ ਰਾਖੀ ਵਿਨਾਇਕ ਨੇ ਦੱਸਿਆ ਕਿ ਫੂਡ ਸੇਫ਼ਟੀ ਵਿਭਾਗ ਵੱਲੋਂ ਮਹੀਨਾ ਫਰਵਰੀ ਵਿੱਚ 11 ਅਤੇ ਮਾਰਚ ਵਿੱਚ 13 ਵੱਖ ਵੱਖ ਖਾਧ ਪਦਾਰਥਾਂ ਦੇ ਸੈਂਪਲ ਭਰੇ ਗਏ , ਜਿਨ੍ਹਾਂ ਵਿੱਚੋਂ 19 ਸੈਂਪਲ ਪਾਸ ਪਾਏ ਗਏ ਜਦ ਕਿ 5 ਸੈਂਪਲ ਸਬ ਸਟੈਂਡਰਡ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਭਰ ਵਿੱਚ ਵੱਡੇ ਪੱਧਰ ’ਤੇ ਸਪੈਲਿੰਗ ਕੀਤੀ ਜਾਵੇਗੀ ਤਾਂ ਜੋ ਲੋਕਾਂ ਤੱਕ ਮਿਆਰੀ ਮਿਠਾਈਆਂ ਅਤੇ ਹੋਰ ਖਾਣ ਪੀਣ ਦੀਆਂ ਵਸਤਾਂ ਮੁਹੱਈਆ ਹੋ ਸਕਣ।ਇਸ ਮੌਕੇ ਈਟ ਰਾਈਟ ਇਨੀਸ਼ੀਏਟਿਵ ਮੁਹਿੰਮ ਤਹਿਤ ਜ਼ਿਲ੍ਹੇ ਦੀ ਸਬ-ਜੇਲ੍ਹ, ਹੋਟਲ ਅਤੇ ਰੈਸਟੋਰੈਂਟ ਜੋ ਕਿ ਫੂਡ ਸੇਫ਼ਟੀ ਅਤੇ ਸਟੈਂਡਰਡ ਅਥਾਰਿਟੀ ਆਫ਼ ਇੰਡੀਆ ਦੇ ਮਾਪਦੰਡਾਂ ਅਨੁਸਾਰ ਖਰੇ ਉਤਰ ਦੇ ਸਨ,ਉਨ੍ਹਾਂ ਨੂੰ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ ਗਈ। ਇਸ ਮੌਕੇ ਡੀ.ਐਸ.ਪੀ.(ਐਚ) ਰਾਮ ਜੀ , ਡੀ.ਆਈ.ਓ.,ਡਾ ਰਾਜੀਵ ਬੈਂਸ, ਸੁਪਰਡੈਂਟ ਸਬ ਜੇਲ੍ਹ ਮਾਲੇਰਕੋਟਲਾ ਪਰਦੁਮਨ ਤੇਈਪੁਰ ,ਏ.ਡੀ.ਓ ਡਾ ਕੁਲਦੀਪ ਕੌਰ, ਜੈਨ ਸਵੀਟਸ ਦੀਪਾਂਸ਼ੂ ਜੈਨ ,ਲੰਡਨ ਟਾਊਨ ਸੱਚ ਦੇਵ, ਕ੍ਰਿਸਪਰ ਰੈਸਟੋਰੈਂਟ ਸੁਖਵਿੰਦਰ ਸਿੰਘ , ਕਰਿਆਨਾ ਐਸੋਸੀਏਸ਼ਨ ਦੇ ਪ੍ਰਧਾਨ ਅਹਿਮਦਗੜ੍ਹ ਪ੍ਰਮੋਦ ਗੁਪਤਾ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।