9 ਮਈ ਨੂੰ ਪਿੰਡ ਕੋਟ ਆਗਾ ਵਿਖੇ ਹੋਵੇਗੀ ਸਰਕਾਰਾਂ ਵਿਰੁੱਧ ਚਿਤਾਵਨੀ ਰੈਲੀ
ਡੇਹਲੋ, 5 ਮਈ ( ਬਾਰੂ ਸੱਗੂ) ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਉਹਨਾਂ ਦੀ ਸਹਿਮਤੀ ਬਿਨਾ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ ਕਿਸਾਨਾਂ ਦਾ ਗੁੱਸਾ ਸੱਤਵੇ ਅਸਮਾਨ ਤੇ ਹੈ। ਉਹ ਆਪਣੀਆਂ ਜ਼ਮੀਨਾਂ ਦੀ ਰਾਖੀ ਲਈ ਲਗਾਤਾਰ ਸੰਘਰਸ਼ ਤੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ। ਇਸੇ ਕੜੀ ਤਹਿਤ ਭਾਰਤੀ ਕਿਸਾਨ ਮਜ਼ਦੂਰ ਰੋਡ ਸ਼ੰਘਰਸ਼ ਯੂਨੀਅਨ (ਕੋਟ ਆਗਾ) ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸਾਂਝੀ ਮੀਟਿੰਗ ਹਰਪਾਲ ਸਿੰਘ ਕਾਲਖ ਦੇ ਗ੍ਰਹਿ ਵਿਖੇ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਦਿੰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਜੜਤੌਲੀ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸੰਘਰਸ਼ ਯੂਨੀਅਨ (ਕੋਟ ਆਗਾ) ਦੇ ਆਗੂ ਕੁਲਦੀਪ ਸਿੰਘ ਗਰੇਵਾਲ, ਕਰਮਜੀਤ ਸਿੰਘ ਕੋਟ ਆਗਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਭਾਰਤ ਮਾਲਾ ਪ੍ਰੋਜੈਕਟ ਤਹਿਤ ਸੂਬੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਸੜਕਾਂ ਬਣਾਉਣ ਲਈ ਲਈਆਂ ਜਾ ਰਹੀਆਂ ਹਨ। ਪਰ ਸਰਕਾਰਾਂ ਕਿਸਾਨਾਂ ਨਾਲ ਜ਼ਮੀਨਾਂ ਦੇ ਰੇਟ ਸਬੰਧੀ ਸਹਿਮਤੀ ਬਨਾਉਣ ਦੀ ਥਾਂ ਤੇ ਉਹਨਾਂ ਦੀਆਂ ਜ਼ਮੀਨਾਂ ਨੂੰ ਕੌਡੀਆ ਦੇ ਭਾਅ ਤੇ ਦੱਬਣਾ ਚਾਹੁੰਦੀ ਹੈ। ਕਿਸਾਨਾਂ ਦੀਆਂ ਸੜਕ ਦੇ ਆਸੇ ਪਾਸੇ ਬਚਦੀਆਂ ਜ਼ਮੀਨਾਂ ਲਈ ਕੋਈ ਰਸਤਾ, ਪਾਣੀ ਲਗਾਉਣ ਲਈ ਖਾਲ ਆਦਿ ਨਹੀ ਛੱਡ ਰਹੀ। ਜਿਸ ਨਾਲ ਜ਼ਮੀਨ ਮਾਲਕ ਕਿਸਾਨਾਂ ਦਾ ਬਹੁਤ ਵੱਡਾ ਮਾਲੀ ਨੁਕਸਾਨ ਹੋ ਜਾਵੇਗਾ। ਜਦੋਂ ਕਿ ਜ਼ਮੀਨਾਂ ਦਾ ਮਾਰਕੀਟ ਰੇਟ ਬਹੁਤ ਜ਼ਿਆਦਾ ਹੈ, ਤੇ ਸਰਕਾਰਾਂ ਉਹ ਰੇਟ ਨਹੀ ਦੇ ਰਹੀਆਂ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕਈ ਵਾਰੀ ਪੀੜਤ ਕਿਸਾਨਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣ ਦਾ ਵਾਅਦਾ ਕੀਤਾ ਹੈ। ਪਰ ਇਹ ਵਾਅਦਾ ਸਿਰੇ ਨਹੀ ਚੜਿਆਂ। ਜਿਸ ਕਾਰਨ ਕਿਸਾਨਾਂ ਵਿੱਚ ਸਰਕਾਰ ਪ੍ਰਤੀ ਵੱਡਾ ਰੋਸ ਹੈ। ਆਗੂਆਂ ਨੇ ਕਿਹਾ ਕਿ ਜੇ ਸਰਕਾਰ ਨੇ ਕੋਈ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾ ਉਸ ਨੂੰ ਵੱਡੇ ਅੰਦੋਲਨ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਤੇ ਜਮਹੂਰੀ ਕਿਸਾਨ ਸਭਾ ਪੰਜਾਬ ਏਰੀਆਂ ਕਮੇਟੀ ਕਿਲ੍ਹਾ ਰਾਏਪੁਰ ਦੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ, ਦਫ਼ਤਰ ਸਕੱਤਰ ਨਛੱਤਰ ਸਿੰਘ ਕਿਲ੍ਹਾ ਰਾਏਪੁਰ ਅਤੇ ਭਾਰਤੀ ਕਿਸਾਨ ਮਜ਼ਦੂਰ ਰੋਡ ਸ਼ੰਘਰਸ਼ ਯੂਨੀਅਨ ਦੇ ਆਗੂ ਗੁਰਿੰਦਰ ਸਿੰਘ ਜੁੜਾਹਾਂ ਨੇ ਕਿਹਾ ਕਿ ਪਿੰਡ ਕੋਟ ਆਗਾ ਵਿਖੇ ਜ਼ਮੀਨਾਂ ਬਚਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਹੈ। ਹੁਣ 09 ਮਈ ਨੂੰ ਪਿੰਡ ਕੋਟ ਆਗਾ ਵਿਖੇ ਚਿਤਾਵਨੀ ਰੈਲੀ ਕੀਤੀ ਜਾਵੇਗੀ। ਜਿਸ ਵਿੱਚ ਪੀੜਤ ਕਿਸਾਨਾਂ ਤੋਂ ਬਿਨਾਂ ਕਿਸਾਨ ਜਥੇਬੰਦੀਆਂ ਦੇ ਸੂਬਾਈ ਆਗੂ ਸੰਬੋਧਨ ਕਰਨਗੇ। ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਹਨਾਂ ਮੰਗ ਕੀਤੀ ਕਿ ਸਰਕਾਰਾਂ ਨੂੰ ਜਲਦੀ ਪੀੜਤ ਕਿਸਾਨਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਹੱਲ ਕਰਨਾ ਚਾਹੀਦਾ ਹੈ।