ਫਾਜ਼ਿਲਕਾ, 5 ਮਈ (ਲਿਕੇਸ਼ ਸ਼ਰਮਾ) : ਪੰਜਾਬ ਸਰਕਾਰ ਵੱਲੋਂ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਫਾਜ਼ਿਲਕਾ ਦੇ ਪਿੰਡ ਖਾਨ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਵਿਚ ਜਾਣਕਾਰੀ ਦਿੰਦਿਆਂ ਬੀ.ਟੀ.ਐਮ. ਡਾ. ਰਾਜਦਵਿੰਦਰ ਸਿੰਘ ਅਤੇ ਡਾ. ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਦੱਸਿਆ ਕਿ ਨਰਮੇ ਦੀ ਬਿਜਾਈ 15 ਮਈ ਤੱਕ ਮੁਕੰਮਲ ਕਰ ਲਈ ਜਾਵੇ ਅਤੇ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਨਰਮੇ ਦੀਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਪੰਜਾਬ ਸਰਕਾਰ ਵੱਲੋਂ ਨਰਮੇ ਦੇ ਬੀਜ ਤੇ ਦਿੱਤੀ ਜਾ ਰਹੀ 33 ਫੀਸਦੀ ਸਬਸਿਡੀ ਲਈ ਅਪਲਾਈ ਕਰਨ ਦੀ ਅੰਤਮ ਮਿਤੀ 31 ਮਈ 2023 ਤੱਕ ਵਧਾ ਦਿੱਤੀ ਗਈ ਹੈ।ਇਸ ਲਈ ਵੱਧ ਤੋਂ ਵੱਧ ਕਿਸਾਨ ਬੀਜ ਦੀ ਸਬਸਿਡੀ ਦਾ ਲਾਹਾ ਲੈਣ ਲਈ ਪੋਰਟਲ ਤੇ ਅਪਲਾਈ ਕਰਨ।ਨਰਮੇ ਦੀ ਫਸਲ ਦੀ ਬਿਜਾਈ ਸਮੇਂ 10 ਕਿਲੋ ਜਿੰਕ ਸਲਫੇਟ ਹੈਪਟਾਈਡਰੇਟ ਜਾਂ 6.5 ਕਿਲੋ ਜਿੰਕ ਸਲਫੇਟ ਮੋਨੋਹਾਈਡਰੇਟ ਪ੍ਰਤੀ ਏਕੜ ਪਾਇਆ ਜਾਵੇ।ਜੇਕਰ ਕਣਕ ਦੀ ਫਸਲ ਨੂੰ 55 ਕਿਲੋ ਡੀ.ਏ.ਪੀ. ਪਾਈ ਹੋਵੇ ਤਾਂ ਨਰਮੇ ਦੀ ਫਸਲ ਨੂੰ ਫਾਸਫੋਰਸ ਵਾਲੀ ਖਾਦ ਨਾ ਪਾਈ ਜਾਵੇ। ਰੇਤਲੀਆਂ ਜਮੀਨਾਂ ਵਿਚ ਨਰਮੇ ਦੀ ਫਸਲ ਨੂੰ ਬਿਜਾਈ ਸਮੇਂ 20 ਕਿਲੋ ਮਿਉਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਈ ਜਾਵੇ।ਦੋਗਲੀਆਂ ਬੀ.ਟੀ. ਨਰਮੇ ਦੀਆਂ ਕਿਸਮਾਂ ਨੂੰ 90 ਕਿਲੋ ਯੂਰੀਆ ਦੋ ਕਿਸ਼ਤਾਂ ਵਿਚ ਬੂਟੇ ਵਿਰਲੇ ਕਰਨ ਸਮੇਂ ਅਤੇ ਬਾਕੀ ਫੁੱਲ ਨਿਕਲਣ ਸਮੇਂ ਪਾਇਆ ਜਾਵੇ। ਖੇਤੀਬਾੜੀ ਵਿਭਾਗ ਵੱਲੋਂ ਏ.ਟੀ.ਐਮ. ਪਵਨ ਕੁਮਾਰ, ਫੀਲਡ ਸੁਪਰਵਾਈਜਰ ਅਤੇ ਕਿਸਾਨ ਮਿਤਰਾਂ ਨੇ ਵੀ ਭਾਗ ਲਿਆ।