ਜਗਰਾਉਂ, 16 ਜਨਵਰੀ ( ਭਗਵਾਨ ਭੰਗੂ, ਜਗਰੂਪ ਸੋਹੀ )-ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਅਧੀਨ ਚੱਲ ਰਹੀ ਨਜਾਇਜ਼ ਮਾਈਨਿੰਗ ਦੀ ਚਰਚਾ ਪਿਛਲੇ ਕਾਫੀ ਸਮੇਂ ਤੋਂ ਸੁਰਖੀਆਂ ਵਿੱਚ ਹੈ। ਡੇਲੀ ਜਗਰਾਓਂ ਨਿਊਜ਼ ਵਲੋਂ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਵਿਸਥਾਰ ਨਾਲ ਖਬਰਾਂ ਵੀ ਪ੍ਰਕਾਸ਼ਤ ਕੀਤੀਆਂ ਗਈਆਂ। ਇਸ ਦੌਰਾਨ ਸਿੱਧਵਾਂਬੇਟ ਥਾਣੇ ਦੇ ਇੰਚਾਰਜ ਦਲਜੀਤ ਸਿੰਘ ਗਿੱਲ ਨੂੰ ਨਾਜਾਇਜ਼ ਮਾਈਨਿੰਗ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ ਸਤਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸਿੱਧਵਾਂਬੇਟ ਦੇ ਸਤਲੁਜ ਦਰਿਆ ’ਤੇ ਨਾਜਾਇਜ਼ ਮਾਈਨਿੰਗ ਦੀਆਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਜਿਸ ਵਿੱਚ ਸਿੱਧਵਾਂਬੇਟ ਥਾਣਾ ਇੰਚਾਰਜ ਦਲਜੀਤ ਸਿੰਘ ਗਿੱਲ ਤੇ ਵੀ ਮਿਲੀਭੁਗਤ ਦੇ ਦੋਸ਼ ਲੱਗ ਰਹੇ ਸਨ। ਇਸ ਸਬੰਧੀ ਉਨ੍ਹਾਂ ਨੂੰ ਕਈ ਵਾਰ ਅਧਿਕਾਰੀਆਂ ਵੱਲੋਂ ਚਿਤਾਵਨੀ ਦਿੱਤੀ ਗਈ ਅਤੇ ਲਿਖਤੀ ਨੋਟਿਸ ਵੀ ਜਾਰੀ ਕੀਤਾ ਗਿਆ। ਪਰ ਉਸ ਨੇ ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਅਤੇ ਨਾ ਹੀ ਉਨ੍ਹਾਂ ਦੇ ਹੁਕਮਾਂ ਦੀ ਪ੍ਰਵਾਹ ਕੀਤੀ। ਇਸ ਤੋਂ ਇਲਾਵਾ ਹਾਲ ਹੀ ਵਿੱਚ ਲੁਧਿਆਣਾ ਦੀ ਇੱਕ ਪਾਰਟੀ ਵੱਲੋਂ ਨਾਜਾਇਜ਼ ਮਾਈਨਿੰਗ ਕਰਕੇ ਟਿੱਪਰ ਵਿੱਚ ਰੇਤਾ ਭਰਿਆ ਗਿਆ ਸੀ। ਉਸ ਨੂੰ ਮਾਈਨਿੰਗ ਵਿਭਾਗ ਦੀ ਟੀਮ ਨੇ ਫੜ ਕੇ ਥਾਣਾ ਸਿੱਧਵਾਂਬੇਟ ਦੇ ਹਵਾਲੇ ਕਰ ਦਿੱਤਾ ਪਰ ਉਸ ਨੂੰ ਛੱਡ ਦਿੱਤਾ ਗਿਆ। ਜਦੋਂ ਇਹ ਖਬਰ ਅਧਿਕਾਰੀਆਂ ਤੱਕ ਪਹੁੰਚੀ ਤਾਂ ਟਿੱਪਰ ਨੂੰ ਬਰਾਮਦ ਕਰਨ ਲਈ ਤੁਰੰਤ ਯਤਨ ਕੀਤੇ ਗਏ। ਜਿਸ ਵਿੱਚ ਮਾਈਨਿੰਗ ਵਿਭਾਗ ਵੱਲੋਂ ਉਪਰੋਕਤ ਟਿੱਪਰ ਚਾਲਕ ਨੂੰ ਭਾਰੀ ਜੁਰਮਾਨਾ ਵੀ ਕੀਤਾ ਗਿਆ। ਇਨ੍ਹਾਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਲਈ ਥਾਣਾ ਸਿੱਧਵਾਂਬੇਟ ਦੇ ਇੰਚਾਰਜ ਦਲਜੀਤ ਸਿੰਘ ਗਿੱਲ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਵਿੱਚ ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।