Home crime ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ

ਦੋ ਵੱਖ-ਵੱਖ ਸੜਕ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ

37
0


ਇਕ ਦੀ ਧੁੰਦ ’ਚ ਬਾਈਕ ਸੜਕ ’ਤੇ ਖੜ੍ਹੇ ਟਰਾਲੇ ਨਾਲ ਟਕਰਾਈ ਅਤੇ ਦੂਜੇ ਨੂੰ ਕਾਰ ਚਾਲਕ ਨੇ ਮਾਰੀ ਟੱਕਰ
ਜਗਰਾਉਂ, 16 ਜਨਵਰੀ ( ਬੌਬੀ ਸਹਿਜਲ, ਧਰਮਿੰਦਰ )- ਥਾਣਾ ਸਦਰ ਅਤੇ ਸਿੱਧਵਾਂਬੇਟ ਦੀ ਹਦੂਦ ਅੰਦਰ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਧੁੰਦ ’ਚ ਸੜਕ ’ਤੇ ਖੜ੍ਹੇ ਟਰਾਲੇ ਦਾ ਪਤਾ ਨਾ ਲੱਗਣ ’ਤੇ ਮੋਟਰਸਾਈਕਲ ਪਿੱਛੇ ਟਰਾਲੇ ਨਾਲ ਟਕਰਾ ਗਿਆ ਅਤੇ ਦੂਜੇ ਮਾਮਲੇ ’ਚ ਕਾਰ ਚਾਲਕ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿਖੇ ਅਣਪਛਾਤੇ ਟਰਾਲਾ ਚਾਲਕ ਅਤੇ ਥਾਣਾ ਸਿੱਧਵਾਂਬੇਟ ਵਿਖੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਚੌਕੀ ਕਾਉਂਕੇ ਕਲਾਂ ਦੇ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸੰਦੀਲਾ ਨਿਵਾਸੀ ਗੁਰੂ ਦਾ ਭੱਠਾ ਮੁਹੱਲਾ, ਗਾਂਧੀਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਅਤੇ ਉਸਦੀ ਭੂਆ ਦਾ ਲੜਕਾ ਬੰਟੀ, ਵਾਸੀ ਮੁਹੱਲਾ ਗਾਂਧੀਨਗਰ, ਮੋਗਾ ਨੂੰ ਮੋਟਰਸਾਈਕਲ ਹੀਰੋ ਹੌਂਡਾ ਸਪਲੈਂਡਰ ਤੇ ਕਿਸੇ ਕੰਮ ਗਏ ਹੋਏ ਸਨ। ਜਦੋਂ ਅਸੀਂ ਮੋਗਾ ਤੋਂ ਵਾਪਸ ਆ ਰਹੇ ਸੀ ਅਤੇ ਮੇਰੀ ਭੂਆ ਦਾ ਲੜਕਾ ਬੰਟੀ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੈਂ ਮੋਟਰਸਾਈਕਲ ਦੇ ਪਿੱਛੇ ਬੈਠਾ ਸੀ। ਜਦੋਂ ਅਸੀਂ ਰਾਤ ਨੂੰ ਜਗਰੂਪ ਢਾਬਾ ਬਾਹੱਦ ਗੁਰੂਸਰ ਕਾਉਂਕੇ ਪਹੁੰਚੇ ਤਾਂ ਸੜਕ ’ਤੇ ਇਕ ਅਣਪਛਾਤਾ ਟਰਾਲਾ ਖੜ੍ਹਾ ਸੀ, ਜਿਸ ਨੂੰ ਧੁੰਦ ਵਿਚ ਦੇਖ ਨਾ ਸਕੇ ਅਤੇ ਮੋਟਰਸਾਈਕਲ ਉਸ ਨਾਲ ਟਕਰਾ ਗਿਆ। ਅਸੀਂ ਦੋਵੇਂ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਏ। ਇਸ ਹਾਦਸੇ ਤੋਂ ਬਾਅਦ ਟਰਾਲਾ ਚਾਲਕ ਟਰਾਲਾ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਹਾਦਸੇ ਵਿੱਚ ਮੇਰੀ ਬਾਂਹ ਟੁੱਟ ਗਈ ਅਤੇ ਹੋਰ ਵੀ ਸੱਟਾਂ ਲੱਗੀਆਂ ਅਤੇ ਬੰਟੀ ਵੀ ਗੰਭੀਰ ਜ਼ਖ਼ਮੀ ਹੋ ਗਿਆ। ਰਾਹਗੀਰਾਂ ਨੇ ਐਂਬੂਲੈਂਸ ਬੁਲਾ ਕੇ ਸਾਨੂੰ ਸਿਵਲ ਹਸਪਤਾਲ ਜਗਰਾਓਂ ਪਹੁੰਚਾਇਆ ਪਰ ਉਥੇ ਮੇਰੀ ਭੂਆ ਦੇ ਲੜਕੇ ਬੰਟੀ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਸੰਦੀਲਾ ਦੀ ਸ਼ਿਕਾਇਤ ’ਤੇ ਅਣਪਛਾਤੇ ਟਰਾਲਾ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਸਿੱਧਵਾਂਬੇਟ ਅਧੀਨ ਇਕ ਹੋਰ ਮਾਮਲੇ ਵਿਚ ਤਾਰ ਚਾਲਕ ਵਲੋਂ ਮੋਟਰਸਾਇਕਿਲ ਨੂੰ ਟੱਕਰ ਮਾਰ ਦੇਣ ਕਾਰਨ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਏ.ਐਸ.ਆਈ ਰਾਜਕੁਮਾਰ ਨੇ ਦੱਸਿਆ ਕਿ ਨਛੱਤਰ ਸਿੰਘ ਵਾਸੀ ਪਿੰਡ ਕੋਟ ਮੁਹੰਮਦ ਖਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਹੈ ਕਿ ਉਹ ਆਪਣੇ ਛੋਟੇ ਲੜਕੇ ਸ਼ਿੰਦਾ ਨੂੰ ਨਾਲ ਲੈ ਕੇ ਕੁਲਦੀਪ ਸਿੰਘ ਵਾਸੀ ਪਿੰਡ ਖੁਰਸ਼ੈਦਪੁਰਾ ਦੇ ਘਰ ਆਪਣੇ-ਆਪਣੇ ਮੋਟਰਸਾਈਕਲਾਂ ’ਤੇ ਲੋਹੜੀ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਜਾ ਰਹੇ ਸੀ। ਮੈੰ ਉੱਥੇ ਰਹਿਣਾ ਸੀ ਅਤੇ ਮੇਰੇ ਬੇਟੇ ਸ਼ਿੰਦੇ ਨੇ ਵਾਪਿਸ ਮੁੜਣਾ ਸੀ ਇਸ ਲਈ ਅਸੀਂ ਆਪੋ-ਆਪਣੇ ਮੋਟਰਸਾਈਕਲ ’ਤੇ ਚਲੇ ਗਏ। ਸ਼ਿੰਦਾ ਮੇਰੇ ਤੋਂ ਅੱਗੇ ਜਾ ਰਿਹਾ ਸੀ। ਜਦੋਂ ਅਸੀਂ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਇੱਕ ਆਲਟੋ ਕਾਰ ਚਾਲਕ ਨੇ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਗੱਡੀ ਚਲਾ ਕੇ ਮੇਰੇ ਲੜਕੇ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੇਰਾ ਲੜਕਾ ਅਤੇ ਉਸ ਦੇ ਨਾਲ ਬੈਠੇ ਦੋ ਲੜਕੇ ਹੇਠਾਂ ਡਿੱਗ ਗਏ। ਇਨ੍ਹਾਂ ਤਿੰਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਮੇਰੇ ਲੜਕੇ ਸ਼ਿੰਦਾ ਸਿੰਘ ਨੂੰ ਦਯਾਨੰਦ ਹਸਪਤਾਲ ਭੇਜ ਦਿੱਤਾ ਗਿਆ। ਉਥੇ ਉਸਦੀ ਮੌਤ ਹੋ ਗਈ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਕਾਰ ਚਾਲਕ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਲੇਮਪੁਰ ਥਾਣਾ ਸਿੱਧਵਾਂਬੇਟ ਵਜੋਂ ਹੋਈ ਹੈ। ਨਛੱਤਰ ਸਿੰਘ ਦੇ ਬਿਆਨਾਂ ’ਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here