ਜਲੰਧਰ,(ਰਾਜੇਸ਼ ਜੈਨ, ਭਗਵਾਨ ਭੰਗੂ )- ਜਲੰਧਰ ਵਿਖੇ ਨਕੋਦਰ ਰੋਡ ਸਥਿਤ ਵੰਡਰਲੈਂਡ ’ਚ ਇਕ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿ੍ਰਤਕ ਬੱਚੇ ਦੀ ਪਛਾਣ ਪਿਦਾ ਪੁੱਤਰ ਨਛੱਤਰ ਵਾਸੀ ਚੱਕ ਵੈਂਡਲ ਦੇ ਰੂਪ ’ਚ ਹੋਈ ਹੈ। ਉਕਤ ਬੱਚੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੌਜ-ਮਸਤੀ ਕਰ ਰਿਹਾ ਸੀ ਕਿ ਇਸ ਦਰਮਿਆਨ ਅਚਾਨਕ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਲਾਂਬੜਾ ਥਾਣਾ ਦੇ ਐੱਸ. ਐੱਚ. ਓ. ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ।ਬੱਚਾ ਆਪਣੇ ਪੰਜ ਸਾਥੀਆਂ ਦੇ ਨਾਲ ਵੰਡਰਲੈਂਡ ਪਿਕਨਿਕ ਸਪਾਟ ’ਤੇ ਆਇਆ ਸੀ ਅਤੇ ਬੋਟਿੰਗ ਕਰਨ ਤੋਂ ਬਾਅਦ ਜਿਵੇਂ ਹੀ ਉਹ ਰੇਲਵੇ ਟਰੈਕ ’ਤੇ ਪਹੁੰਚਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਗਈ। ਮੌਕੇ ’ਤੇ ਤੁਰੰਤ ਲੋਕਾਂ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ਇਲਾਜ ਲਈ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ।
