ਵਾਸ਼ਿੰਗਟਨ ( ਬਿਉਰੋ ਡੇਲੀ ਜਗਰਾਉਂ ਨਿਊਜ਼) -ਵਿਗਿਆਨੀਆਂ ਨੇ ਹਾਲ ਹੀ ਵਿੱਚ ਕੀਤੇ ਇੱਕ ਅਧਿਐਨ ਵਿੱਚ ਪਾਇਆ ਕਿ ਬੱਚਿਆਂ ਤੇ ਨੌਜਵਾਨਾ ਵਿੱਚ ਡਿਪਰੈਸ਼ਨ ਦੇ ਲੱਛਣਾਂ ਲਈ ਓਜ਼ੋਨ ਗੈਸ ਦਾ ਹਵਾ ਪ੍ਰਦੂਸ਼ਣ ਵੀ ਜ਼ਿੰਮੇਵਾਰ ਹੈ। ਡਿਵੈਲਪਮੈਂਟ ਸਾਈਕੋਲੋਜੀ ਜਰਨਲ ਵਿੱਚ ਪ੍ਰਕਾਸ਼ਿਤ ਅਧਿਐਨ ਦੇ ਨਤੀਜਿਆਂ ਨੇ ਪਹਿਲੀ ਵਾਰ ਬੱਚਿਆਂ ਤੇ ਕਿਸ਼ੋਰਾਂ ਵਿੱਚ ਡਿਪਰੈਸ਼ਨ ਦੇ ਲੱਛਣਾਂ ਅਤੇ ਓਜ਼ੋਨ ਦੇ ਪੱਧਰਾਂ ਵਿਚਕਾਰ ਸਬੰਧਾਂ ਦੀ ਖੋਜ ਕੀਤੀ। ਓਜ਼ੋਨ ਗੈਸ ਉਦੋਂ ਬਣਦੀ ਹੈ ਜਦੋਂ ਵਾਹਨਾਂ ਤੇ ਪਾਵਰ ਪਲਾਂਟਾਂ ਦਾ ਧੂੰਆਂ ਸੂਰਜ ਦੀਆਂ ਕਿਰਨਾਂ ਨਾਲ ਪ੍ਰਤੀਕਿਰਿਆ ਕਰਦਾ ਹੈ। ਓਜ਼ੋਨ ਦੇ ਉੱਚ ਪੱਧਰ ਦੇ ਕਾਰਨ, ਅਸਥਮਾ, ਸਾਹ ਦੇ ਵਾਇਰਸ ਅਤੇ ਸਮੇਂ ਤੋਂ ਪਹਿਲਾਂ ਮੌਤ ਦਾ ਖ਼ਤਰਾ ਹੈ। ਓਜ਼ੋਨ ਗੈਸ ਦੇ ਹਵਾ ਪ੍ਰਦੂਸ਼ਣ ਕਾਰਨ ਨੌਜਵਾਨ ਉਦਾਸ ਤੇ ਨਿਰਾਸ਼ ਮਹਿਸੂਸ ਕਰਨ ਲੱਗਦੇ ਹਨ। ਉਨ੍ਹਾਂ ਦੀ ਇਕਾਗਰਤਾ ਅਤੇ ਨੀਂਦ ਵਿਚ ਵਿਘਨ ਪੈਂਦਾ ਹੈ ਅਤੇ ਕਈ ਵਾਰ ਉਨ੍ਹਾਂ ਦੇ ਮਨ ਵਿਚ ਆਤਮਹੱਤਿਆ ਦੇ ਵਿਚਾਰ ਵੀ ਆਉਂਦੇ ਹਨ।ਅਮਰੀਕਾ ਦੀ ਡੇਨਵਰ ਯੂਨੀਵਰਸਿਟੀ ਦੇ ਮਨੋਵਿਗਿਆਨ ਦੇ ਸਹਾਇਕ ਪ੍ਰੋਫੈਸਰ ਐਰਿਕ ਮਨਜ਼ਾਕ ਨੇ ਕਿਹਾ, “ਸਾਡੇ ਅਧਿਐਨ ਦੇ ਨਤੀਜੇ ਸਾਨੂੰ ਹਵਾ ਪ੍ਰਦੂਸ਼ਣ ਦੇ ਸਰੀਰਕ ਅਤੇ ਮਾਨਸਿਕ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ‘ਤੇ ਵਿਚਾਰ ਕਰਨ ਲਈ ਪ੍ਰੇਰਿਤ ਕਰਦੇ ਹਨ।” ਅਧਿਐਨ ਲਈ, ਖੋਜਕਰਤਾਵਾਂ ਨੇ ਸੈਨ ਫਰਾਂਸਿਸਕੋ ਵਿੱਚ 9 ਤੋਂ 13 ਸਾਲ ਦੀ ਉਮਰ ਦੇ 213 ਬੱਚਿਆਂ ਤੇ ਨੌਜਵਾਨਾ ‘ਤੇ ਇੱਕ ਪੁਰਾਣੇ ਅਧਿਐਨ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ। ਇਸ ਦੌਰਾਨ ਉਨ੍ਹਾਂ ਪਾਇਆ ਕਿ ਹਵਾ ਪ੍ਰਦੂਸ਼ਣ ਬੱਚਿਆਂ ਅਤੇ ਕਿਸ਼ੋਰਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ।